ਸੂਬੇ ਵਿਚ ਖਤਮ ਹੋਵੇਗਾ ਲੌਕਡਾਊਨ! ਢੰਗ-ਤਰੀਕਾ ਲੱਭਣ ਵਾਸਤੇ ਬਣਾਈ ਜਾਵੇਗੀ ਟਾਸਕ ਫੋਰਸ-ਕੈਪਟਨ ਅਮਰਿੰਦਰ ਸਿੰਘ

TeamGlobalPunjab
4 Min Read

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾ ਵਾਇਰਸ ਨਾਲ ਲੜਨ ਲਈ ਪੰਜਾਬ ਸਰਕਾਰ ਹਰ ਦਿਨ ਨਵੀ ਰਣਨੀਤੀ ਅਖਤਿਆਰ ਕਰ ਰਹੀ ਹੈ। ਇਸ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਵਲੋਂ ਲਾਕ ਡਾਊਨ ਤੋਂ ਬਾਹਰ ਨਿਕਲਣ ਦੇ ਯਤਨ ਕੀਤੇ ਜਾ ਰਹੇ ਹਨ । ਇਸ ਲਈ ਹੁਣ ਵਿਸ਼ੇਸ਼ ਟਾਸ੍ਕ ਫੋਰਸ ਦਾ ਗਠਨ ਕੀਤਾ ਜਾ ਰਿਹਾ ਹੈ । ਇਸ ਦੀ ਪੁਸ਼ਟੀ ਖੁਦ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਹੈ । ਇਸ ਮੌਕੇ ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਉਦਯੋਗਪਤੀਆਂ ਨਾਲ ਮੀਟਿੰਗ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ 

ਦਸ ਦੇਈਏ ਕਿ ਮੁਖ ਮੰਤਰੀ ਨਾਲ ਵੀਡੀਓ ਕਾਨਫਰੰਸ ਰਾਹੀਂ ਉਦਯੋਗਪਤੀਆਂ ਵੱਲੋਂ ਟਰੈਕਟਰ ਅਤੇ ਸਹਾਇਕ ਉਦਯੋਗਾਂ ਨੂੰ ਜ਼ਰੂਰੀ ਕਰਾਰ ਦੇਣ ਅਤੇ ਕਣਕ ਦੀ ਵਾਢੀ ਅਤੇ ਹਾੜੀ ਦੀਆਂ ਫਸਲਾਂ ਦੇ ਮੰਡੀਕਰਨ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ, ਸਾਈਕਲਾਂ ਨੂੰ ਵੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਕਰਨ ਪੈਕਿੰਗ ਉਦਯੋਗਾਂ ਨੂੰ ਖੋਲਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਇਨ੍ਹਾਂ ਤਮਾਮ ਮੁਦਿਆਂ ਨੂੰ ਗੰਭੀਰਤਾ ਨਾਲ ਹਾਲ ਕਰਨ ਦਾ ਮੁੱਖ ਮੰਤਰੀ ਨੇਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੌਮੀ ਲੌਕਡਾਊਨ ਦੇ ਚੱਲਦਿਆਂ ਕੁਝ ਉਦਯੋਗਾਂ ਨੂੰ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ। ਜੇਕਰ ਕੋਈ ਖੋਲ੍ਹਣਾ ਚਾਹੁੰਦਾ ਹੈ ਤਾਂ ਉਹ ਸੂਬਾ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ ਅਤੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਦਿਸ਼ਾਂ ਨਿਰਦੇਸ਼ਾਂ ਦੇ ਦਾਇਰੇ ਅੰਦਰ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਉਦਯੋਗਾਂ ਦਾ ਇਸ ਸੰਕਟ ਦੀ ਘੜੀ ਵਿੱਚ ਸੂਬਾ ਸਰਕਾਰ ਨੂੰ ਨਿਰੰਤਰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੜਾਈ ਲੰਬੀ ਚੱਲ ਸਕਦੀ ਹੈ ਜਿਸ ਦੇ ਵਿਸ਼ਵ ਵਿਆਪੀ ਅਰਥ ਵਿਵਸਥਾ ਅਤੇ ਉਦਯੋਗਾਂ ਉਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਹਰ ਕੋਈ ਇਸ ਲੌਕਡਾਊਨ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਭਾਰਤ ਨੇ ਸ਼ੁਰੂਆਤ ਵਿੱਚ ਹੀ ਪਹਿਲ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਸਮੇਂ ਚੁੱਕੇ ਇਹ ਕਦਮ ਬਹੁਤ ਮੱਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸਥਿਤੀ ਪੂਰੀ ਕੰਟਰੋਲ ਹੇਠ ਹੈ।
ਮੁੱਖ ਮੰਤਰੀ ਨੇ ਇਹ ਦੱਸਿਆ ਕਿ ਪਰਵਾਸੀ ਮਜਦੂਰਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਉਦਯੋਗ ਨੂੰ ਉਨ੍ਹਾਂ ਦੀ ਅਪੀਲ ਕੋਈ ਹੁਕਮ ਨਹੀਂ ਸੀ ਬਲਕਿ ਇਕ ਸੁਝਾਅ ਸੀ। ਉਨ੍ਹਾਂ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲੌਕਡਾਊਨ ਨੂੰ ਹੋਰ ਕਿੰਨਾ ਚਿਰ ਜਾਰੀ ਰੱਖਣ ਦੀ ਜ਼ਰੂਰਤ ਹੋਵੇਗੀ, ਇਸ ਲਈ ਉਨ੍ਹਾਂ ਨੂੰ ਵਾਪਸ ਨਾ ਜਾਣ ਦੇਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਵਾਸੀ ਮਜ਼ਦੂਰ ਚਲੇ ਜਾਂਦੇ ਹਨ ਤਾਂ ਉਹ ਆਸਾਨੀ ਨਾਲ ਵਾਪਸ ਨਹੀਂ ਆ ਸਕਣਗੇ। ਇਸ ਦੇ ਚੱਲਦਿਆਂ ਵਾਢੀ ਅਤੇ ਖਰੀਦ ਸੀਜ਼ਨ ਲਈ ਤਿਆਰ ਸੂਬਿਆਂ ਸਾਹਮਣੇ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
ਮੀਟਿੰਗ ਦੌਰਾਨ ਲੌਕਡਾਊਨ ਕਾਰਨ ਪੈਦਾ ਹੋਈ ਆਰਥਿਕ ਮੰਦੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਸੀ.ਆਈ.ਆਈ. ਦੇ ਨੁਮਾਇੰਦਿਆਂ ਨੇ ਸੁਝਾਅ ਦਿੱਤਾ ਕਿ ਟੈਕਸ ਅਧਿਕਾਰੀ ਜੀ.ਐਸ.ਟੀ. ਅਤੇ ਵੈਟ ਰਿਫੰਡਾਂ ਦੀ ਪ੍ਰਕਿਰਿਆ ਲਈ ਘਰ ਤੋਂ ਕੰਮ ਕਰ ਸਕਦੇ ਹਨ। ਸੀ.ਆਈ.ਆਈ. 20 ਵੈਂਟੀਲੇਟਰ ਵੀ ਦਾਨ ਕਰ ਰਿਹਾ ਹੈ ਤਾਂ ਜੋ ਸੂਬੇ ਵਿਚ ਪੈਦਾ ਹੋਈ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਸਹਾਇਤਾ ਕੀਤੀ ਜਾ ਸਕੇ।
ਕੁਝ ਉਦਯੋਗਪਤੀਆਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਕੋਰੋਨਾ ਤੋਂ ਬਾਅਦ ਚੀਨ ਤੋਂ ਦੂਜੇ ਦੇਸ਼ਾਂ ਵਿੱਚ ਤਬਦੀਲੀ ਭਾਰਤ ਲਈ ਇੱਕ ਮੌਕਾ ਪੈਦਾ ਕਰੇਗੀ ਜਿਸ ਲਈ ਪੰਜਾਬ ਨੂੰ ਸਰਗਰਮੀ ਨਾਲ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਨਅਤਾਂ ਨੇ ਅਗਲੇ ਦੋ ਮਹੀਨਿਆਂ ਲਈ ਬਿਜਲੀ ਦੇ ਰੇਟਾਂ ਵਿੱਚ ਕਟੌਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜਿਸ ਨਾਲ ਛੋਟੇ ਉਦਯੋਗਾਂ ਨੂੰ ਵਿਸ਼ੇਸ਼ ਲਾਭ ਹੋਵੇਗਾ।
ਵੀਡਿਓ ਕਾਨਫਰੰਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਚਿਤ ਜੈਨ, ਰਾਜਿੰਦਰ ਗੁਪਤਾ (ਟਰਾਈਡੈਂਟ), ਏ.ਐਸ. ਮਿੱਤਲ (ਸੋਨਾਲੀਕਾ), ਉਪਕਾਰ ਆਹੂਜਾ, ਹਰੀਸ਼ ਚਵਨ (ਮਹਿੰਦਰਾ), ਕਰਨ ਗਿਲਹੋਤਰਾ, ਸਚਿਦ ਮਦਾਨ (ਆਈ.ਟੀ.ਸੀ.), ਰਾਹੁਲ ਆਹੂਜਾ (ਸੀ.ਆਈ.ਆਈ.), ਪੰਕਜ ਮੁੰਜਾਲ (ਹੀਰੋ ਸਾਈਕਲ), ਗੌਤਮ ਕਪੂਰ, ਰੁਪਿੰਦਰ ਸਚਦੇਵਾ, ਐਸ.ਪੀ. ਓਸਵਾਲ, ਕਮਲ ਓਸਵਾਲ, ਦਿਨੇਸ਼ ਦੁਆ (ਫਾਰਮਾ), ਅਸ਼ੋਕ ਸੇਠੀ (ਬਾਸਮਤੀ), ਕੋਮਲ ਤਲਵਾੜ (ਆਈ.ਟੀ.), ਮੁਕੁਲ ਵਰਮਾ (ਸਪੋਰਟਸ ਗੁੱਡਜ਼) ਅਤੇ ਭਵਦੀਪ ਸਰਦਾਨਾ ਸ਼ਾਮਲ ਸਨ।

Share this Article
Leave a comment