ਤਪਾ ਮੰਡੀ: ਤਪਾ ਮੰਡੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਪੂਰੀ ਤਰ੍ਹਾਂ ਗਰਮਾ ਗਿਆ, ਜਦੋਂ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ ਰਾਜੂ ਖਾਨ ਦੀ ਪਤਨੀ ਉੱਪਰ ਗੱਡੀ ਚੜ੍ਹਾਉਣ ਦੇ ਦੋਸ਼ ਲੱਗੇ ਹਨ। ਅਕਾਲੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਕਥਿਤ ਤੌਰ ‘ਤੇ ਜਾਣਬੁੱਝ ਕੇ ਮਾਹੌਲ ਖ਼ਰਾਬ ਕੀਤਾ ਗਿਆ।
ਦੱਸਿਆ ਗਿਆ ਕਿ ਅਕਾਲੀ ਸਮਰਥਕਾਂ ਨੇ ਜਾਣਬੁਝ ਕੇ ਘਰ ਦੇ ਕੋਲ ਗੱਡੀ ਲਿਜਾ ਕੇ ਨਾਜਮ ਹੁਸੈਨ ਦੀ ਪਤਨੀ ‘ਤੇ ਗੱਡੀ ਚੜਾ ਦਿੱਤੀ। ਇਸ ਤੋਂ ਬਾਅਦ ਉਹ ਕਾਫੀ ਦੂਰ ਤੱਕ ਮਹਿਲਾ ਨੂੰ ਘਸੀਟਦੇ ਲੈ ਗਏ। ਇਸ ਦੌਰਾਨ ਮਹਿਲਾ ਜ਼ਖਮੀ ਹੋ ਗਈ, ਜਿਸ ਨੂੰ ਤਪਾ ਮੰਡੀ ਤੋਂ ਬਰਨਾਲਾ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਸਥਾਨਿਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜਾਣਬੁਝ ਕੇ ਉਨ੍ਹਾਂ ਦੇ ਮਹੱਲੇ ‘ਚ ਆ ਕੇ ਮਾਹੌਲ ਖ਼ਰਾਬ ਕੀਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਿੱਥੇ ਉਨ੍ਹਾਂ ਨੇ ਔਰਤ ਨੂੰ ਜ਼ਖਮੀ ਕੀਤਾ, ਉੱਥੇ ਹੀ ਉਹ ਗਲੀ ‘ਚ ਛੋਟੇ ਬੱਚਿਆਂ ਉੱਪਰ ਵੀ ਗੱਡੀ ਚੜਾ ਸਕਦੇ ਸਨ। ਗੁੱਸੇ ‘ਚ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਸਕਾਰਪੀਓ ਗੱਡੀ ਦੀ ਭੰਨ ਤੋੜ ਕਰ ਦਿੱਤੀ । ਨਾਜ਼ਮ ਹੁਸੈਨ ਨੇ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਪਤਨੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਗੱਡੀ ‘ਚ ਲੋਹੇ ਦੀਆਂ ਰਾਡਾਂ ਤੇ ਪਟਾਕੇ ਵੱਡੀ ਮਾਤਰਾ ‘ਚ ਮਿਲੇ ਹਨ।

