ਰਾਤੋਂ ਰਾਤ ਕਰੋੜ ਪਤੀ ਬਣਿਆ ਇਹ ਮਜ਼ਦੂਰ, ਰਾਸ਼ਟਰਪਤੀ ਨੇ ਵੀ ਫੋਨ ਕਰ ਦਿੱਤੀ ਵਧਾਈ

TeamGlobalPunjab
2 Min Read

ਤਨਜ਼ਾਨੀਆ : ਤਨਜ਼ਾਨੀਆ ‘ਚ ਚਾਰ ਪਤਨੀਆਂ ਦੇ ਪਤੀ ਅਤੇ 30 ਤੋਂ ਵਧੇਰੇ ਬੱਚਿਆਂ ਦੇ ਪਿਤਾ ਦੀ ਕਿਸਮਤ ਰਾਤੋਂ ਰਾਤ ਚਮਕ ਗਈ ਅਤੇ ਉਹ ਇੱਕ ਆਮ ਮਜ਼ਦੂਰ ਤੋਂ ਰਾਤੋਂ ਰਾਤ ਕਰੋੜਪਤੀ ਬਣ ਗਿਆ। ਦਰਅਸਲ ਤਨਜ਼ਾਨੀਆ ਦੇ ਸੁਨੀਨੀਓ ਲੈਜਰ ਨਾਮ ਦੇ ਇੱਕ ਮਾਈਨਰ (ਖਾਣ ‘ਚ ਕੰਮ ਕਰਨ ਵਾਲਾ) ਨੂੰ ਖੁਦਾਈ ਦੌਰਾਨ ਦੋ ਦੁਰਲੱਭ ਰਤਨ ਮਿਲੇ ਸਨ ਜਿਸ ਦੇ ਬਦਲੇ ‘ਚ ਤਨਜ਼ਾਨੀਆ ਦੀ ਸਰਕਾਰ ਨੇ ਉਸਨੂੰ 7.74 ਬਿਲੀਅਨ ਤਨਜ਼ਾਨੀਆ ਸ਼ਿਲਿੰਗ (25 ਕਰੋੜ 36 ਲੱਖ ਰੁਪਏ) ਦਿੱਤੇ ਹਨ। ਤਨਜ਼ਾਨੀਆ ਦੇ ਰਾਸ਼ਟਰਪਤੀ ਜੌਹਨ ਮਾਗੂਫੁਲੀ ਨੇ ਵੀ ਲੈਜਰ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ।

ਮਾਈਨਰ ਸੁਨੀਨੀਓ ਲੈਜਰ ਨੂੰ ਉੱਤਰੀ ਤਨਜ਼ਾਨੀਆ ਦੀ ਇੱਕ ਖਾਣ ‘ਚੋਂ ਟੈਂਜੇਨਾਈਟ ਦੇ ਦੋ ਵੱਡੇ ਦੁਰਲੱਭ ਰਤਨ ਮਿਲੇ ਸਨ। ਇਨ੍ਹਾਂ ‘ਚੋਂ ਇਕ 9.27 ਅਤੇ ਦੂਜਾ 5.10 ਕਿਲੋਗ੍ਰਾਮ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਤਨ ਹੁਣ ਤੱਕ ਮਿਲੇ ਸਾਰੇ ਰਤਨਾਂ ‘ਚੋਂ ਵੱਡੇ ਹਨ। ਇਸ ਤੋਂ ਪਹਿਲਾਂ ਤਨਜ਼ਾਨੀਆਂ ਦੀ ਖਾਣ ‘ਚੋਂ 3.3 ਕਿਲੋਗ੍ਰਾਮ ਦਾ ਇੱਕ ਰਤਨ ਮਿਲਿਆ ਸੀ।

ਤਨਜ਼ਾਨੀਆ ਦੇ ਮਾਈਨਿੰਗ ਮੰਤਰੀ ਸਾਇਮਨ ਮਸਨਜਿਲਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਇੰਨੇ ਵੱਡੇ ਆਕਾਰ ਦਾ ਟੈਂਜੇਨਾਈਟ ਨਹੀਂ ਵੇਖਿਆ ਹੈ। ਇਸ ਦੁਰਲੱਭ ਰਤਨ ਦਾ ਰੰਗ ਜਾਮਨੀ ਹੈ ਅਤੇ ਇਸ ਦੀ ਲੰਬਾਈ ਕਰੀਬ ਇੱਕ ਫੁੱਟ ਹੈ। ਇਨ੍ਹਾਂ ਦੁਰਲੱਭ ਰਤਨਾਂ ਨੂੰ ਬੈਂਕ ਆਫ ਤਨਜ਼ਾਨੀਆ ਨੇ ਖਰੀਦਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਟੈਂਜੇਨਾਈਟ ਰਤਨ ਸਿਰਫ ਪੂਰਬੀ ਅਫਰੀਕੀ ਰਾਸ਼ਟਰ ਦੇ ਉੱਤਰੀ ਇਲਾਕੇ ਦੇ ਛੋਟੇ ਜਿਹੇ ਹਿੱਸੇ ‘ਚ ਪਾਏ ਜਾਂਦੇ ਹਨ।

- Advertisement -

 

Share this Article
Leave a comment