ਨਿਊਜ਼ ਡੈਸਕ: ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਮੰਗਲਵਾਰ ਰਾਤ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਦੇ ਅਨੁਸਾਰ ਮਰਨ ਵਾਲਿਆਂ ਵਿੱਚ 11 ਬੱਚੇ, ਇੱਕ ਔਰਤ ਅਤੇ ਇੱਕ ਬਜ਼ੁਰਗ ਸ਼ਾਮਲ ਹਨ। ਇਸ ਤੋਂ ਇਲਾਵਾ 14 ਔਰਤਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਤਾਲਿਬਾਨ ਨੇ ਪਾਕਿਸਤਾਨ ‘ਤੇ ਲਗਾਏ ਗੰਭੀਰ ਦੋਸ਼
ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਾਕਿਸਤਾਨੀ ਫੌਜ ਨੇ ਕੁਨਾਰ, ਖੋਸਤ ਅਤੇ ਪਕਤੀਕਾ ਸੂਬਿਆਂ ਵਿੱਚ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਮੁਜਾਹਿਦ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਹਾਲਾਂਕਿ ਪਾਕਿਸਤਾਨ ਵੱਲੋਂ ਇਸ ਕਾਰਵਾਈ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਇੱਕ ਦਿਨ ਪਹਿਲਾਂ ਮਾਰੇ ਗਏ ਸਨ 6 ਪਾਕਿਸਤਾਨੀ ਸੁਰੱਖਿਆ ਕਰਮੀ
ਇਸ ਘਟਨਾ ਤੋਂ ਇੱਕ ਦਿਨ ਪਹਿਲਾਂ, 9 ਜੂਨ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਸਰਹੱਦੀ ਚੌਕੀ ‘ਤੇ ਹਮਲਾ ਹੋਇਆ ਸੀ। ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਇਸ ਹਮਲੇ ਵਿੱਚ ਛੇ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ, ਜਦਕਿ 8 ਹਮਲਾਵਰ ਵੀ ਮਾਰੇ ਗਏ ਸਨ।
ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਹਮਲਾਵਰ ਸਰਹੱਦੀ ਚੌਂਕੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਾਕਿਸਤਾਨ ਲੰਮੇ ਸਮੇਂ ਤੋਂ ਕਹਿੰਦਾ ਆ ਰਿਹਾ ਹੈ ਕਿ ਉਸ ਦੀਆਂ ਫੌਜੀ ਕਾਰਵਾਈਆਂ ਅੱਤਵਾਦੀ ਗਰੁੱਪਾਂ, ਖ਼ਾਸ ਕਰਕੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP), ਖ਼ਿਲਾਫ਼ ਹੁੰਦੀਆਂ ਹਨ।
TTP ਨੂੰ ਲੈ ਕੇ ਦੋਵੇਂ ਪਾਸਿਆਂ ਦੇ ਵੱਖ-ਵੱਖ ਦਾਅਵੇ
ਪਾਕਿਸਤਾਨ ਦਾ ਦੋਸ਼ ਹੈ ਕਿ TTP ਦੇ ਲੜਾਕੇ ਅਫਗਾਨਿਸਤਾਨ ਦੀ ਧਰਤੀ ਤੋਂ ਕੰਮ ਕਰਦੇ ਹਨ ਅਤੇ ਪਾਕਿਸਤਾਨ ਵਿੱਚ ਹਮਲੇ ਕਰਦੇ ਹਨ। ਦੂਜੇ ਪਾਸੇ ਕਾਬੁਲ ਵਿੱਚ ਤਾਲਿਬਾਨ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹ ਕਿਸੇ ਵੀ ਅਜਿਹੇ ਗਰੁੱਪ ਨੂੰ ਪਨਾਹ ਨਹੀਂ ਦੇ ਰਹੀ।
ਮਾਰਚ ਦੇ ਹਮਲੇ ਨੂੰ ਲੈ ਕੇ ਵੀ ਵਿਵਾਦ
ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਪਾਕਿਸਤਾਨ ਦੀਆਂ ਫੌਜੀ ਕਾਰਵਾਈਆਂ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਤਾਲਿਬਾਨ ਨੇ ਦਾਅਵਾ ਕੀਤਾ ਕਿ ਮਾਰਚ 2026 ਵਿੱਚ ਹੋਏ ਇੱਕ ਵੱਡੇ ਹਵਾਈ ਹਮਲੇ ਦੌਰਾਨ ਕਾਬੁਲ ਦੇ ਇੱਕ ਨਸ਼ਾ ਮੁਕਤੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਗਈ।
ਅਫਗਾਨ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਕਾਬੁਲ ਦੇ ਕਈ ਇਲਾਕਿਆਂ ‘ਤੇ ਹਮਲੇ ਕੀਤੇ ਸਨ, ਜਦਕਿ ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਕਾਰਵਾਈ ਦਾ ਨਿਸ਼ਾਨਾ ਇੱਕ ਗੋਲਾ-ਬਾਰੂਦ ਡਿਪੋ ਸੀ।
ਮਾਰਚ ਦੀ ਉਸ ਘਟਨਾ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ ਅਤੇ ਸਰਹੱਦ ਪਾਰ ਹਮਲਿਆਂ, ਏਅਰਸਟਰਾਈਕਾਂ ਅਤੇ ਫੌਜੀ ਝੜਪਾਂ ਨੂੰ ਲੈ ਕੇ ਦੋਵੇਂ ਪਾਸੇ ਇੱਕ-ਦੂਜੇ ‘ਤੇ ਲਗਾਤਾਰ ਦੋਸ਼ ਲਗਾ ਰਹੇ ਹਨ।

