ਸਿਓਲ : ਸੰਯੁਕਤ ਰਾਸ਼ਟਰ ਪ੍ਰੀਸ਼ਦ (ਯੁੂਐੱਨਐੱਸਸੀ) ਦੀ ਪਾਬੰਦੀ ਦੇ ਬਾਵਜੂਦ ਉੱਤਰੀ ਕੋਰੀਆ ਆਪਣੇ ਪਰਮਾਣੂ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ’ਚ ਲੱਗਾ ਹੈ। ਇਸ ਕੌਮਾਂਤਰੀ ਸੰਸਥਾ ਵੱਲੋਂ ਸੋਮਵਾਰ ਨੂੰ ਜਾਰੀ ਮਾਹਿਰਾਂ ਦੀ ਰਿਪੋਰਟ ਮੁਤਾਬਕ ਪਿਯੋਂਗਯਾਂਗ ਦੂਜੇ ਤਰੀਕਿਆਂ ਨਾਲ ਪਾਬੰਦੀਆਂ ਤੋਂ ਬਚਿਆ ਹੋਇਆ ਹੈ। ਆਪਣੇ ਖ਼ਰਾਬ ਹੁੰਦੇ ਅਰਥਚਾਰੇ ਦੇ ਬਾਵਜੂਦ ਉੱਤਰੀ ਕੋਰੀਆ ਪਰਮਾਣੂ ਤੇ ਬੈਲਿਸਟਿਕ ਮਿਜ਼ਾਈਲਾਂ ਦਾ ਵਿਕਾਸ ਕਰ ਰਿਹਾ ਹੈ।
ਹਾਲਾਂਕਿ ਉਸ ਨੇ ਹਾਲ ਹੀ ’ਚ ਕਿਸੇ ਅੰਤਰ ਮਹਾਦੀਪ ਤਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਜਾਂ ਪਰਮਾਣੂ ਤਜਰਬਾ ਨਹੀਂ ਕੀਤਾ ਪਰ ਇਸ ਮਿਆਦ ’ਚ ਉੱਤਰੀ ਕੋਰੀਆ ਨੇ ਘੱਟ ਦੂਰੀ ਤਕ ਮਾਰ ਕਰਨ ਵਾਲੀਆਂ ਕਈ ਬੈਲਿਸਟਿਕ ਮਿਜ਼ਾਈਲਾਂ ਦਾ ਤਜਰਬਾ ਕੀਤਾ ਹੈ। ਬੀਤੇ ਹਫ਼ਤੇ ਉੱਤਰੀ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਤਜ਼ਰਬਾ ਕਰਨ ਦਾ ਦਾਅਵਾ ਕੀਤਾ ਸੀ। ਬੀਤੇ ਮੰਗਲਵਾਰ ਉੱਤਰੀ ਕੋਰੀਆ ਨੇ ਕਿਹਾ ਸੀ ਕਿ ਉਸਨੇ ‘ਹਵਾਸੋਂਗ-8’ ਨਾਂ ਦੀ ਇੱਕ ਨਵੀਂ ਹਾਈਪਰਸੋਨਿਕ ਮਿਜ਼ਾਈਲ ਦਾ ਸਫਲਤਾਪੂਰਵਕ ਪਰੀਖਣ ਕੀਤਾ।
ਯੂਐੱਨਐੱਸਸੀ ਮਤੇ ਤਹਿਤ ਉੱਤਰੀ ਕੋਰੀਆ ਬੈਲਿਸਟਿਕ ਮਿਜ਼ਾਈਲਾਂ ਦਾ ਵਿਕਾਸ ਜਾਂ ਤਜਰਬਾ ਨਹੀਂ ਕਰ ਸਕਦਾ। ਮਾਹਿਰਾਂ ਦੀ ਕਮੇਟੀ ਨੇ ਕਿਹਾ ਕਿ ਉੱਤਰੀ ਕੋਰੀਆ ਦੂਜੇ ਦੇਸ਼ਾਂ ਤੋਂ ਆਪਣੇ ਪਰਮਾਣੂ ਤੇ ਬੈਲਿਸਟਿਕ ਮਿਜ਼ਾਈਲਾਂ ਲਈ ਸਮੱਗਰੀ ਤੇ ਤਕਨੀਕ ਲੈਣ ਜਾਰੀ ਰੱਖ ਰਿਹਾ ਹੈ।