ਤਲਤ ਮਹਿਮੂਦ – ਹਿੰਦੀ ਸਿਨੇਮਾ ਵਿੱਚ ਉੱਚਕੋਟੀ ਦੇ ਗ਼ਜ਼ਲ ਗਾਇਕ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਹਿੰਦੀ ਸਿਨੇਮਾ ਵਿੱਚ ਗ਼ਜ਼ਲ ਨੂੰ ਬਾਖ਼ੂਬੀ ਪੇਸ਼ ਕਰਨ ਵਾਲੇ ਗਾਇਕਾਂ ਦੇ ਨਾਂ ਕੇਵਲ ਉਂਗਲਾਂ ‘ਤੇ ਗਿਣਨ ਜੋਗੇ ਰਹੇ ਹਨ ਹਨ ਤੇ ਉਨ੍ਹਾਂ ਵਿੱਚੋਂ ਸਿਖਰਲਾ ਨਾਂ ਤਲਤ ਮਹਿਮੂਦ ਦਾ ਆਉਂਦਾ ਹੈ। ਉਹ ਬਾਲੀਵੁੱਡ ਦਾ ਅਜਿਹਾ ਪਹਿਲਾ ਗਾਇਕ ਸੀ ਜੋ ਨਾਨ-ਕਲਾਸੀਕਲ ਤੇ ਸੈਮੀ ਕਲਾਸੀਕਲ ਗਾਇਕੀ ਵਿੱਚ ਮਾਹਿਰ ਹੋਣ ਦੇ ਨਾਲ ਨਾਲ ਇੱਕ ਕਾਬਿਲ ਅਦਾਕਾਰ ਅਤੇ ਉੱਚਕੋਟੀ ਦਾ ਗ਼ਜ਼ਲ ਗਾਇਕ ਸੀ।

ਉੱਤਰ ਪ੍ਰਦੇਸ਼ ਦੇ ਲਖ਼ਨਊ ਵਿਖੇ ਵਸਦੇ ਜਨਾਬ ਮੰਜ਼ੂਰ ਅਹਿਮਦ ਦੇ ਘਰ ਤਲਤ ਮਹਿਮੂਦ ਦਾ ਜਨਮ 24 ਫ਼ਰਵਰੀ,1924 ਨੂੰ ਹੋਇਆ ਸੀ ਤੇ ਨਿੱਕੀ ਉਮਰੇ ਹੀ ਉਸਨੇ ਉਸ ਵਕਤ ਦੇ ਨਾਮਵਰ ਸ਼ਾਸ਼ਤਰੀ ਸੰਗੀਤ ਉਸਤਾਦਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਸੀ। ਜਵਾਨੀ ਦੀ ਦਹਿਲੀਜ਼ ‘ਤੇ ਕਦਮ ਰੱਖਦਿਆਂ ਹੀ ਤਲਤ ਨੇ ਪੰਡਿਤ ਭੱਟ ਹੁਰਾਂ ਕੋਲੋਂ ਸੰਗੀਤ ਦੀ ਵਿੱਦਿਆ ਹਾਸਿਲ ਕੀਤੀ ਤੇ ਗ਼ਜ਼ਲ ਗਾਇਕੀ ਦੇ ਖੇਤਰ ਵਿੱਚ ਕਦਮ ਰੱਖ ਦਿੱਤਾ।

ਲਗਪਗ ਵੀਹ ਵਰ੍ਹਿਆਂ ਦੀ ਉਮਰ ਵਿੱਚ ਉਸਨੇ ਉਰਦੂ ਦੇ ਮਸ਼ਹੂਰ ਸ਼ਾਇਰਾਂ ‘ਦਾਗ਼, ਮੀਰ, ਜਿਗਰ ਅਤੇ ਗ਼ਾਲਿਬ ‘ ਆਦਿ ਦੇ ਕਲਾਮ ਨੂੰ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਆਲ ਇੰਡੀਆ ਰੇਡੀਓ ‘ਤੇ ਅਤੇ ਹੋਰ ਸੰਗੀਤਕ ਸਮਾਗਮਾਂ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਐਚ.ਐਮ.ਵੀ. ਰਿਕਾਰਡਿੰਗ ਕੰਪਨੀ ਨੇ ਵੀ ਸੰਨ 1941 ਵਿੱਚ ਉਸਦੀ ਦਿਲਕਸ਼ ਆਵਾਜ਼ ਵਿੱਚ ਇੱਕ ਐਲਬਮ ਰਿਕਾਰਡ ਕਰ ਦਿੱਤੀ ਸੀ। ਤਲਤ ਦੀ ਗਾਇਕੀ ਦੀ ਖ਼ੁਸ਼ਬੂ ਹੌਲੀ ਹੌਲੀ ਉਸ ਵੇਲੇ ਦੀ ਫ਼ਿਲਮ ਇੰਡਸਟਰੀ ਦੇ ਕੇਂਦਰ ਕਲਕੱਤਾ ਤੱਕ ਵੀ ਜਾ ਪੁੱਜੀ ਤੇ ‘ਸ਼ਿਕਸਤ’ ਅਤੇ ‘ਚਾਂਦੀ ਕੀ ਦੀਵਾਰ’ ਨਾਮਕ ਫ਼ਿਲਮਾਂ ਲਈ ਗੀਤ ਗਾ ਕੇ ਉਸਨੇ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਸੰਨ 1944 ਵਿੱਚ ਆਈ ਉਸਦੀ ਗ਼ੈਰ-ਫ਼ਿਲਮੀ ਗ਼ਜ਼ਲ ”ਤਸਵੀਰ ਤੇਰੀ ਮੇਰਾ ਦਿਲ ਬਹਿਲਾ ਨਾ ਸਕੀ” ਸਾਰੇ ਰਿਕਾਰਡ ਤੋੜ ਕੇ ਪਹਿਲੇ ਨੰਬਰ ‘ਤੇ ਰਹੀ ਸੀ।

- Advertisement -

ਬੇਹੱਦ ਖ਼ੂਬਸੂਰਤ ਅਤੇ ਆਕਰਸ਼ਕ ਸ਼ਖ਼ਸੀਅਤ ਦੇ ਮਾਲਕ ਤਲਤ ਮਹਿਮੂਦ ਨੇ ਤਕਰੀਬਨ ਡੇਢ ਦਰਜਨ ਫ਼ਿਲਮਾਂ ਵਿੱਚ ‘ਤਪਨ ਕੁਮਾਰ’ ਦੇ ਨਾਂ ਹੇਠ ਅਦਾਕਾਰੀ ਦੇ ਜੌਹਰ ਵੀ ਵਿਖਾਏ ਸਨ ਜਿਨ੍ਹਾ ਵਿੱਚ ‘ਰਾਜ ਲਕਸ਼ਮੀ, ਸੰਪਤੀ, ਤੁਮ ਔਰ ਮੈਂ, ਆਗਮਨ, ਠੋਕਰ, ਦਿਲੇ-ਨਾਦਾਂ, ਡਾਕ ਬਾਬੂ, ਵਾਰਿਸ, ਰਫ਼ਤਾਰ, ਮਾਲਿਕ ਅਤੇ ਸੋਨੇ ਕੀ ਚਿੜੀਆ’ ਆਦਿ ਦੇ ਨਾਂ ਪ੍ਰਮੁੱਖ ਸਨ।

ਸੰਨ 1949 ਵਿੱਚ ਉਹ ਮੁੰਬਈ ਆ ਗਿਆ ਤੇ ਫ਼ਿਲਮ ‘ਆਰਜ਼ੂ ‘ਵਿੱਚ” ਐ ਦਿਲ ਮੁਝੇ ਐਸੀ ਜਗ੍ਹਾ ਲੇ ਚਲ ਜਹਾਂ ਕੋਈ ਨਾ ਹੋ” ਨਾਮਕ ਗੀਤ ਨਾਲ ਉਸਨੇ ਦਰਸ਼ਕਾਂ ਦਾ ਭਰਪੂਰ ਪਿਆਰ ਬਟੋਰਿਆ। ਇਸ ਤੋਂ ਬਾਅਦ ਉਸਨੇ ਜਿਹੜੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਸ਼ਾਹਕਾਰ ਤੇ ਯਾਦਗਾਰ ਗੀਤਾਂ ਵਿੱਚ ਬਦਲ ਦਿੱਤਾ ਸੀ, ਉਨ੍ਹਾਂ ਵਿੱਚੋਂ ਕੁਝ ਗੀਤ ਇਸ ਪ੍ਰਕਾਰ ਸਨ-” \ਜਾਏਂ ਤੋ ਜਾਏਂ ਕਹਾਂ, ਇਤਨਾ ਨਾ ਮੁਝਸੇ ਤੂ ਪਿਆਰ ਜਤਾ, ਤਸਵੀਰ ਬਨਾਤਾ ਹੂੰ, ਜਲਤੇ ਹੈਂ ਜਿਸਕੇ ਲੀਏ, ਮੇਰੀ ਯਾਦ ਮੇਂ ਤੁਮ ਨਾ ਆਂਸੂ ਬਹਾਨਾ, ਐ ਮੇਰੇ ਦਿਲ ਕਹੀਂ ਔਰ ਚੱਲ, ਫ਼ਿਰ ਵਾਹ ਸ਼ਾਮ ਵਹੀ ਗ਼ਮ, ਅੰਧੇ ਜਹਾਨ ਕੇ ਅੰਧੇ ਰਾਸਤੇ, ਹਮ ਦਰਦ ਕੇ ਮਾਰੋਂ ਕਾ ”ਆਦਿ।

ਆਪਣੇ ਵਕਤ ਦੇ ਮਹਾਨ ਗਾਇਕ ਕਹੇ ਜਾਂਦੇ ਉਸਤਾਦ ਬਰਕਤ ਅਲੀ ਖ਼ਾਂ, ਕੇ.ਐਲ. ਸਹਿਗਲ, ਮੁਹੰਮਦ ਰਫ਼ੀ ਅਤੇ ਮੁਕੇਸ਼ ਜਿਹੇ ਗਾਇਕਾਂ ਦੇ ਸਮਕਾਲੀ ਤਲਤ ਮਹਿਮੂਦ ਦੀ ਮਖ਼ਮਲੀ ਆਵਾਜ਼ ਦੇ ਦੀਵਾਨਿਆਂ ਦੀ ਗਿਣਤੀ ਲੱਖਾਂ ਵਿੱਚ ਸੀ। ਉਹ ਹਿੰਦੋਸਤਾਨ ਦਾ ਅਜਿਹਾ ਪਹਿਲਾ ਗਵੱਈਆ ਸੀ ਜਿਸਨੇ ਸੰਨ 1956 ਵਿੱਚ ਪੂਰਬੀ ਅਫ਼ਰੀਕਾ ਵਿਖੇ ਸੰਗੀਤ ਦਾ ਸ਼ੋਅ ਕਰਕੇ ਵਿਦੇਸ਼ੀ ਧਰਤੀ ‘ਤੇ ਸ਼ੋਅ ਕਰਨ ਦੀ ਪ੍ਰੰਪਰਾ ਅਰੰਭ ਕੀਤੀ ਸੀ।

ਸੰਨ 1991 ਵਿੱਚ ਜਦੋਂ ਨੀਦਰਲੈਂਡ ਦੀ ਧਰਤੀ ‘ਤੇ ਉਸਦਾ ਸ਼ੋਅ ਰੱਖਿਆ ਗਿਆ ਸੀ ਤਾਂ ਆਡੀਟੋਰੀਅਮ ਵਿੱਚ ਤਿਲ ਸੁੱਟਣ ਦੀ ਥਾਂ ਨਹੀਂ ਸੀ। ਫ਼ਿਲਮੀ ਜਗਤ ਲਈ ਤਲਤ ਨੇ ਆਪਣਾ ਆਖ਼ਰੀ ਗੀਤ ਸੰਨ 1985 ਵਿੱਚ ਫ਼ਿਲਮ ‘ਵਲੀ-ਏ-ਆਜ਼ਮ’ ਲਈ ਸੰਗੀਤਕਾਰ ਚਿੱਤਰਗੁਪਤ ਦੀ ਨਿਰਦੇਸ਼ਨਾ ਹੇਠ ਰਿਕਾਰਡ ਕਰਵਾਇਆ ਸੀ। ਗੀਤਕਾਰ ਅਹਿਮਦ ਵਾਰਸੀ ਦੇ ਲਿਖੇ ਇਸ ਗੀਤ ਦੇ ਬੋਲ ਸਨ-”ਮੇਰੇ ਸ਼ਰੀਕ-ਏ-ਸਫ਼ਰ”।

ਸੰਨ 1998 ਦੀ 9 ਮਈ ਨੂੰ ਇਸ ਉਸਤਾਦ ਗਾਇਕ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਲਤਿਕਾ ਮਲਿਕ, ਬੇਟਾ ਖ਼ਾਲਿਦ ਮਹਿਮੂਦ ਅਤੇ ਬੇਟੀ ਸਬੀਨਾ ਸਨ।

- Advertisement -

ਸੰਪਰਕ: 97816-46008

Share this Article
Leave a comment