ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਥਿੜਕੇ ਅਕਾਲੀ ਦਲ ‘ਚ ਟਕਸਾਲੀ ਆਗੂਆਂ ਦਾ ਦਮ ਘੁੱਟਣ ਲੱਗਿਆ: ਆਲੀਵਾਲ

TeamGlobalPunjab
5 Min Read

ਲੁਧਿਆਣਾ – ਲੁਧਿਆਣਾ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ, ‘ਕਿਸੇ ਵੇਲੇ ਪੰਥ ਦੀ ਨੁਮਾਇੰਦਾ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਥਿੜਕ ਜਾਣ ਕਰਕੇ ਇਸ ਪਾਰਟੀ ਵਿੱਚ ਹੁਣ ਟਕਸਾਲੀਆਂ ਆਗੂਆਂ ਦਾ ਦਮ ਘੁੱਟਣ ਲੱਗਾ ਹੈ।’

ਯੂਥ ਅਕਾਲੀ ਦਲ ਦੇ ਪ੍ਰਧਾਨ ਰਹੇ ਸ. ਆਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਪੰਥਕ ਰਵਾਇਤਾਂ ਨੂੰ ਤਿਲਾਂਜਲੀ ਦਿੱਤੀ ਹੈ ਬਲਕਿ ਇੱਕੋ ਪਰਿਵਾਰ ਨੂੰ ਅੱਗੇ ਲਿਆਉਣ ਲਈ ਲੋਕਤੰਤਰ ਦਾ ਵੀ ਬੁਰੀ ਤਰ੍ਹਾਂ ਘਾਣ ਕੀਤਾ ਹੈ। ਅਕਾਲੀ ਦਲ ਨੇ ਤਾਂ ਆਪਣੇ ਸਭ ਤੋਂ ਵੱਡੀ ਸਮਰਥਕ ਧਿਰ ਕਿਸਾਨੀ ਦੀ ਪਿੱਠ ਵਿੱਚ ਵੀ ਛੁਰਾ ਮਾਰ ਦਿੱਤਾ ਅਤੇ ਹੁਣ ਕਾਲੇ ਝੰਡਿਆਂ ਦੇ ਡਰਾਮਿਆਂ ਨਾਲ ਅਕਾਲੀ ਦਲ ਕਿਤੇ ਵੀ ਕਿਸਾਨਾਂ ਵਿੱਚ ਆਪਣੀ ਗੁਆਚੀ ਸ਼ਾਨ ਮੁੜ ਬਹਾਲ ਨਹੀਂ ਕਰ ਸਕਦਾ।

ਆਲੀਵਾਲ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ ਤਾਂ ਅਕਾਲੀ ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਬੁਰੀ ਤਰ੍ਹਾਂ ਘਾਣ ਕਰਕੇ ਰੱਖ ਦਿੱਤਾ ਹੈ ਜਿਸ ਨਾਲ ਅਕਾਲੀ ਦਲ ਦੀ ਰੂਹ ਹੀ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਜਾਂ ਇਕੱਠ ਨੂੰ ਵੇਖ ਕੇ ਵੀ ਨਹੀਂ ਪਤਾ ਲੱਗਦਾ ਕਿ ਇਹ ਪੰਥਕ ਪਾਰਟੀ ਦਾ ਇਕੱਠ ਹੈ ਜਾਂ ਕਾਰਪੋਰੇਟਾਂ ਦੀ ਮੀਟਿੰਗ ਹੈ। ਸੁਖਬੀਰ ਮਾਡਲ ਅਕਾਲੀ ਦਲ ਵਿਚ ਤਾਂ ਪੰਥਕ/ਸਿੱਖ/ਟਕਸਾਲੀ ਪਰਿਵਾਰਾਂ ਦੀ ਬੇਕਦਰੀ ਨੇ ਅਕਾਲੀ ਦਲ ਨੂੰ ਆਪਣੀ ਸਥਾਪਨਾ ਦੇ 100ਵੇਂ ਵਰ੍ਹੇ ਵਿੱਚ ਹੀ ਖਤਮ ਕਰ ਦਿੱਤਾ।

ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਜਥੇਬੰਦੀ ਦੇ ਸਾਰੇ ਵਿਧੀਵਿਧਾਨ ਵੀ ਸੁਖਬੀਰ ਸਿੰਘ ਬਾਦਲ ਨੇ ਤਹਿਸ ਨਹਿਸ ਕਰਕੇ ਰੱਖ ਦਿੱਤੇ ਹਨ।ਅਕਾਲੀ ਦਾ ਕੋਈ ਡੈਲੀਗੇਟ ਹਾਊਸ ਨਹੀਂ ਹੁੰਦਾ। ਜੇ ਕਦੇ ਖਾਨਾਪੂਰਤੀ ਵਾਸਤੇ ਡੈਲੀਗੇਟ ਬਣਾਏ ਵੀ ਜਾਂਦੇ ਹਨ ਤਾਂ ਫਰਜ਼ੀ ਲਿਸਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਭਰਤੀ ਵੀ ਬੋਗਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਰਵਾਇਤ ਰਹੀ ਹੈ ਕਿ ਅਕਾਲੀ ਦਲ ਦਾ ਇੱਕ ਸੀਨੀਅਰ ਮੀਤ ਪ੍ਰਧਾਨ, ਦੋ ਮੀਤ ਪ੍ਰਧਾਨ ਅਤੇ ਚਾਰ ਜਨਰਲ ਸਕੱਤਰ ਹੁੰਦੇ ਸਨ। ਅੱਜ 100 ਦੇ ਕਰੀਬ ਸੀਨੀਅਰ ਮੀਤ ਪ੍ਰਧਾਨ, 200 ਦੇ ਕਰੀਬ ਮੀਤ ਪ੍ਰਧਾਨ ਅਤੇ 300 ਜਨਰਲ ਸਕੱਤਰ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜੀ 31 ਮੈਂਬਰੀ ਵਰਕਿੰਗ ਕਮੇਟੀ ਹੁੰਦੀ ਸੀ, ਉਸ ਵਿੱਚ 500 ਮੈਂਬਰ ਬਣਾ ਦਿੱਤੇ ਜਾਂਦੇ ਹਨ। ਇੱਥੇ ਹੀ ਬਸ ਨਹੀਂ ਇਸ ਦੇ ਨਾਲ ਇੱਕ ਮੁਤਵਾਜ਼ੀ ਕਮੇਟੀ ਪੀ.ਏ.ਸੀ.ਵੀ ਬਣਾਈ ਜਾਂਦੀ ਹੈ। ਇਸ ਤਰ੍ਹਾਂ ਨਾ ਤਾਂ ਅਕਾਲੀ ਦਲ ਦਾ ਕੋਈ ਮਾਣ ਸਤਿਕਾਰ ਰਿਹਾ ਹੈ ਅਤੇ ਨਾ ਹੀ ਅਹੁਦੇਦਾਰਾਂ ਦੀ ਕੋਈ ਪੁੱਛ ਪ੍ਰਤੀਤ ਰਹੀ ਹੈ।ਸਿਰਫ ਫੋਕੀਆਂ ਫ਼ੀਤੀਆਂ ਲਗਾਈਆਂ ਹਨ ਅਤੇ ਪਾਰਟੀ ਉਤੇ ਇੱਕੋ ਪਰਿਵਾਰ ਦਾ ਤਾਨਾਸ਼ਾਹ ਵਾਂਗ ਗ਼ਲਬਾ ਹੈ।

- Advertisement -

ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਅਕਾਲੀ ਦਲ ਧਾਰਮਿਕ ਅਤੇ ਪੰਥ ਮੁੱਦਿਆਂ ਵਿੱਚ ਖੁਦ ਘਿਰ ਚੁੱਕਿਆ ਹੈ। ਜਿਵੇ ਡੇਰਾ ਮੁਖੀ ਨੂੰ ਬਿਨੇ ਮੰਗੀ ਮੁਆਫੀ,ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,ਸਿੱਖ ਧਰਨਾਕਾਰੀਆਂ ਉੱਤੇ ਤਸ਼ੱਦਦ,ਦੋ ਸਿੱਖਾਂ ਨੂੰ ਪੁਲਿਸ ਵੱਲੋਂ ਮਾਰਨ ਅਤੇ ਗੁਰੂ ਦੀ ਗੋਲਕ ਨੂੰ ਆਪਣੀ ਰਾਜਨੀਤੀ ਚਲਾਉਣ ਵਾਸਤੇ ਵਤਰਨ ਵਰਗੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਸੂਚੀ ਵਿੱਚ ਦਰਜ ਹੋ ਗਿਆ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਮੁੱਦਿਆਂ ਤੋਂ ਵੀ ਥਿੜਕ ਚੁੱਕਿਆ ਹੈ। ਜਿਵੇ ਪਹਿਲਾਂ ਤਾਂ ਕੇਦਰ ਵੱਲੋਂ ਲਿਆਂਦੇ ਕਾਲੇ ਖੇਤੀ ਬਿੱਲਾਂ ਦੀ ਭਾਜਪਾ ਨੂੰ ਖੁਸ਼ ਕਰਨ ਵਾਸਤੇ ਹਮਾਇਤ ਕੀਤੀ ਪ੍ਰੰਤੂ ਜਦੋਂ ਕਿਸਾਨਾਂ ਨੇ ਸੜਕਾਂ ਉੱਤੇ ਲੰਘਣਾ ਦੁੱਭਰ ਕਰ ਦਿੱਤਾ ਤਾਂ ਫਿਰ ਇਹ ਕਾਨੂੰਨ ਕਾਲੇ ਨਜ਼ਰ ਆਉਣ ਲੱਗੇ ਅਤੇ ਵਿਰੋਧ ਸ਼ੁਰੂ ਕਰ ਦਿੱਤਾ।ਇਸ ਤਰ੍ਹਾਂ ਦਾ ਦੋਗਲਾਪਨ ਅਕਾਲੀ ਇਤਿਹਾਸ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ।

ਆਲੀਵਾਲ ਨੇ ਕਿਹਾ ਕਿ ਇਸ ਵਾਰ ਦੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਦਲ ਨੂੰ ਪਿੰਡਾਂ ਵਿੱਚ ਵੜਨਾ ਵੀ ਔਖਾ ਹੋ ਜਾਵੇਗਾ ਕਿਉਂਕਿ ਲੋਕ ਜਵਾਬ ਮੰਗਣਗੇ ਅਤੇ ਹਿਸਾਬ ਲੈਣਗੇ ਕਿ ਅਕਾਲੀ ਪ੍ਰੰਪਰਾਵਾਂ ਅਤੇ ਰਵਾਇਤਾਂ ਕਿੱਥੇ ਹਨ। ਲੰਬਾ ਸਮਾਂ ਪੰਜਾਬ ਉੱਤੇ ਰਾਜ ਕਰਕੇ ਹੁਣ ਤੱਕ ਕਿਹੜੀ ਕਮਾਈ ਕੀਤੀ ਹੈ।ਕਿਸਾਨ ਪੁੱਛਣਗੇ ਕਿ ਹੁਣ ਤੱਕ ਕਿਸਾਨਾਂ ਵਾਸਤੇ ਕਿਉਂ ਨਹੀਂ ਕੁਝ ਕੀਤਾ?ਹੁਣ ਕਾਲੇ ਝੰਡੇ ਲਾਕੇ ਫੋਕੀ ਹਮਦਰਦੀ ਨਾਲ ਕਿਸਾਨ ਗੁੰਮਰਾਹ ਨਹੀਂ ਹੋਣਗੇ। ਅਕਾਲੀ ਦਲ ਦੇ ਅੰਦਰ ਵੀ ਪੰਥਕ ਲੋਕਾਂ ਦਾ ਸਾਹ ਘੁੱਟ ਰਿਹਾ ਹੈ, ਉਹ ਵੀ ਇੱਕ ਇੱਕ ਕਰਕੇ ਬਾਹਰ ਜਾ ਰਹੇ ਹਨ ਅਤੇ ਇੱਕ ਦਿਨ ਇਹ ਅਕਾਲੀ ਦਲ ਸਿਰਫ ਪਰਿਵਾਰ ਤੱਕ ਹੀ ਸਿਮਟ ਕੇ ਰਹਿ ਜਾਵੇਗਾ।

Share this Article
Leave a comment