ਕੋਵਿਡ -19 ਮਹਾਂਮਾਰੀ ਦੌਰਾਨ ਸਰੀਰ ਦੇ ਇਮਿਊਨ ਸਿਸਟਮ ਦੀ ਦੇਖਭਾਲ

TeamGlobalPunjab
8 Min Read

-ਡਾ. ਕਿਰਨ ਬੈਂਸ

ਕੋਵਿਡ -19 ਮਹਾਂਮਾਰੀ ਦੀ ਮੌਜੂਦਾ ਸਥਿਤੀ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਸਰੀਰ ਆਪਣੇ ਆਪ ਨੂੰ ਵਾਇਰਸਾਂ ਅਤੇ ਹੋਰ ਹਮਲਾਵਰਾਂ ਤੋਂ ਕਿਵੇਂ ਬਚਾਉਂਦਾ ਹੈ। ਸਾਡੀ ਉੱਤਮ ਰੱਖਿਆ ਸਾਡੇ ਸਰੀਰ ਦਾ ਇਮਿਊਨ ਸਿਸਟਮ ਕਰਦਾ ਹੈ। ਇਸ ਵਿਚ ਅਰਬਾਂ ਹਮਲਾਵਰਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਲਈ ਘੱਟ ਤੋਂ ਘੱਟ ਸਮੇਂ ਵਿਚ ਇਕ ਮਿਲੀਅਨ ਐਂਟੀਬਾਡੀਜ਼ ਪੈਦਾ ਕਰਨ ਦੀ ਯੋਗਤਾ ਹੈ ਜਿਸ ਵਿਚ ਵਾਇਰਸ, ਬੈਕਟਰੀਆ ਅਤੇ ਹੋਰ ਪਰਜੀਵੀ ਸ਼ਾਮਲ ਹਨ। ਸਾਡੇ ਇਮਿਊਨ ਸਿਸਟਮ ਦੀ ਦੇਖਭਾਲ ਕਰਨ ਦਾ ਸਭ ਤੋਂ ਵਧੀਆ ਢੰਗ ਇੱਕ ਸਿਹਤਮੰਦ ਜੀਵਨ ਸ਼ੈਲੀ ਹੈ ਜਿਸ ਵਿੱਚ ਕਸਰਤ, ਖੁਰਾਕ ਅਤੇ ਨੀਂਦ ਦਾ ਸਹੀ ਸੰਤੁਲਨ ਹੋਣਾ ਚਾਹੀਦਾ ਹੈ।

1. ਨਿਯਮਤ ਸਰੀਰਕ ਕਸਰਤ ਸਾਡੇ ਖੂਨ ਦੇ ਗੇੜ ਨੂੰ ਸਹੀ ਰੱਖਦੀ ਹੈ ਅਤੇ ਇਮਿਊਨ ਸਿਸਟਮ ਦੇ ਸੈੱਲਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਸਰੀਰ ਵਿਚ ਲਿਜਾਣ ਵਿਚ ਮਦਦ ਕਰਦੀ ਹੈ। ਨੀਂਦ ਅਤੇ ਆਰਾਮ ਸਰੀਰ ਵਿਚ ਐਂਟੀਬਾਡੀ ਬਨਾਉਣ ਲਈ ਬਹੁਤ ਮਹੱਤਵਪੂਰਨ ਹਨ। ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਨਿਯਮਤ ਰੱਖਣ ਲਈ ਔਸਤਨ 8 ਘੰਟੇ ਨਿਯਮਤ ਨੀਂਦ ਜ਼ਰੂਰੀ ਹੈ। ਮਾਨਸਿਕ ਤਣਾਅ, ਉਦਾਸੀ ਜਾਂ ਸੋਗ ਸਾਡੀ ਇਮਿਊਨਿਟੀ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ। ਤਣਾਅ ਅਤੇ ਮਨੋਵਿਗਿਆਨਕ ਪਰੇਸ਼ਾਨੀਆਂ ਦਾ ਮੁਕਾਬਲਾ ਕਰਨ ਞਿਚ ਧਿਆਨ, ਯੋਗਾ ਅਤੇ ਨਿਯਮਤ ਸਰੀਰਕ ਕਸਰਤ ਲਾਹੇਵੰਦ ਹਨ ਅਤੇ ਸਰੀਰ ਨੂੰ ਬਿਮਾਰੀਆਂ ਨਾਲ਼ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ।

2. ਪਾਣੀ ਸਰੀਰ ਵਿਚ ਖਣਿਜਾਂ ਅਤੇ ਹੋਰ ਪੌਸ਼ਟਿਕ ਤੱਤਾਂ ਨੂੰ ਘੋਲਣ ਦਾ ਕੰਮ ਕਰਦਾ ਹੈ ਜਿਸ ਨਾਲ ਉਹ ਸੈੱਲਾਂ ਲਈ ਉਪਲਬਧ ਹੁੰਦੇ ਹਨ। ਇਹ ਕਈ ਤਰਾਂ ਦੇ ਸਰੀਰ ਵਿਚ ਬਨਣ ਵਾਲੇ ਜ਼ਹਿਰਾਂ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ ਅਤੇ ਬਿਮਾਰੀ ਦੀ ਰੋਕਥਾਮ ਕਰਦਾ ਹੈ। ਪਾਣੀ ਸਾਰੇ ਸਰੀਰਕ ਕਾਰਜਾਂ ਲਈ ਇਕ ਇਲੈਕਟ੍ਰੋਲਾਈਟ ਸੰਤੁਲਨ ਕਾਇਮ ਰੱਖਦਾ ਹੈ। ਚਾਹ, ਦੁੱਧ, ਅਦਰਕ / ਹਲਦੀ / ਕਾਲੀ ਮਿਰਚ / ਇਲਾਇਚੀ / ਦਾਲਚੀਨੀ / ਪੁਦੀਨੇ / ਤੁਲਸੀ / ਲੌਂਗ ਦੇ ਮਿਸ਼ਰਣ ਦੇ ਰੂਪ ਵਿਚ ਗਰਮ ਪਾਣੀ ਬਿਮਾਰੀਆਂ ਨਾਲ਼ ਲੜਨ ਦੀ ਸ਼ਕਤੀ ਵਧਾਉਂਦੇ ਹਨ।

- Advertisement -

3. ਸ਼ਰਾਬ ਦਾ ਸੇਵਨ ਲਹੂ ਦੇ ਗੇੜ ਨੂੰ ਕਮਜ਼ੋਰ ਕਰਦਾ ਹੈ ਇਸ ਕਰਕੇ ਇਨਫੈਕਸ਼ਨ ਦੇ ਦੌਰਾਨ ਸ਼ਰਾਬ ਤੇ ਪਾਬੰਦੀ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

4. ਵਾਇਰਸ ਦੀ ਮਹਾਂਮਾਰੀ ਦੌਰਾਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਇਨਫੈਕਸ਼ਨ ਹੋਣ ਤੋਂ ਬਾਅਦ ਜਲਦੀ ਠੀਕ ਹੋਣ ਲਈ ਖੁਰਾਕ ਦੀ ਵਿਸ਼ੇਸ਼ ਭੂਮਿਕਾ ਹੈ।ਕੋਈ ਵੀ ਇੱਕ ਪੌਸ਼ਟਿਕ ਤੱਤ ਜਾਂ ਇੱਕ ਭੋਜਨ ਇਕੱਲੇ ਸਾਡੀ ਇਮਿਊਨਿਟੀ ਨੂੰ ਵਧਾ ਨਹੀਂ ਸਕਦਾ ਹੈ ਕਿਉਂਕਿ ਕੋਈ ਵੀ ਪੌਸ਼ਟਿਕ ਤੱਤ ਇਕੱਲੇ ਕੰਮ ਨਹੀਂ ਕਰਦਾ, ਸਗੋਂ ਇਮਿਊਨਿਟੀ ਨੂੰ ਵਧਾਉਣ ਵਾਲੇ ਅਨੇਕ ਭੋਜਨ ਪਦਾਰਥਾਂ ਦਾ ਮਿਸ਼ਰਨ ਰੋਜ਼ਾਨਾ ਖੁਰਾਕ ਵਿਚ ਸਹੀ ਮਾਤਰਾ ਵਿਚ ਮੌਜੂਦ ਹੋਣਾ ਚਾਹੀਦਾ ਹੈ ਪਰ ਇਨ੍ਹਾਂ ਪ੍ਰਮੁੱਖ ਭੋਜਨ ਪਦਾਰਥਾਂ ਦੀ ਲੋੜ ਤੋਂ ਵਧੇਰੇ ਮਾਤਰਾ ਲਾਭਕਾਰੀ ਨਹੀਂ ਹੈ।

5. ਇਮਿਊਨਿਟੀ ਵਧਾਉਣ ਲਈ ਸੰਤੁਲਿਤ ਖੁਰਾਕ ਲੈਣੀ ਜ਼ਰੂਰੀ ਹੈ। ਇਸ ਲਈ, ਪ੍ਰੋਟੀਨ, ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਈ, ਵਿਟਾਮਿਨ ਡੀ, ਜ਼ਿੰਕ, ਸੂਖਮ ਖਣਿਜ ਅਰਥਾਤ ਸੇਲੇਨੀਅਮ, ਮੈਗਨੀਸ਼ੀਅਮ; ਪ੍ਰੋਬਾਇਓਟਿਕ ਅਤੇ ਐਂਟੀ ਆਕਸੀਡੈਂਟ ਤੱਤਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

6. ਸਾਡੀ ਰਵਾਇਤੀ ਖੁਰਾਕ ਵਿਚ ਬਹੁਤ ਸਾਰੇ ਭੋਜਨ ਪਦਾਰਥ ਹਨ ਜੋ ਕਿ ਇਮਿਊਨਿਟੀ ਨੂੰ ਵਧਾਉਂਦੇ ਹਨ, ਇਸ ਲਈ ਬਾਹਰ ਤੋਂ ਆਉਣ ਵਾਲੇ ਭੋਜਨ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਤਾਂ ਇਹ ਮਹਿੰਗੇ ਹਨ ਅਤੇ ਅਸਾਨੀ ਨਾਲ ਉਪਲਬਧ ਵੀ ਨਹੀਂ ਹਨ। ਸਥਾਨਕ ਫਲ਼ ਅਤੇ ਸਬਜ਼ੀਆਂ ਇਮਿਊਨਿਟੀ ਵਧਾਉਣ ਵਾਲ਼ੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ ਅਤੇ ਤੁਲਨਾਤਮਕ ਤੌਰ ਤੇ ਸਸਤੇ ਵੀ ਹਨ।

7. ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਰੋਜ਼ਾਨਾ ਖੁਰਾਕ ਵਿਚ ਸਾਰੇ ਭੋਜਨ ਸਮੂਹ ਉਚਿਤ ਅਨੁਪਾਤ ਵਿਚ ਮੌਜੂਦ ਹਨ ਜਿਵੇਂ ਕਿ ਅਨਾਜ, ਦਾਲਾਂ, ਕਈ ਕਿਸਮਾਂ ਦੀਆਂ ਸਬਜ਼ੀਆਂ ਅਤੇ ਫਲ, ਦੁੱਧ, ਤੇਲ ਅਤੇ ਚਰਬੀ।
ਇੱਕ ਬਾਲਗ ਵਿਅਕਤੀ ਲਈ ਸੰਤੁਲਿਤ ਖੁਰਾਕ ਵਿੱਚ ਲੋੜੀਂਦੇ ਭੋਜਨ ਸਮੂਹਾਂ ਦੀ ਲੋੜੀਂਦੀ ਮਾਤਰਾ

- Advertisement -

ਭੋਜਨ ਸਮੂਹ ਆਦਮੀ ਔਰਤ

ਅਨਾਜ਼, ਗ੍ਰਾਮ 375 270

ਦਾਲਾਂ, ਗ੍ਰਾਮ 75 60

ਦੁੱਧ, ਮਿ.ਲੀ. 300 300

ਜੜ੍ਹਾਂ ਵਾਲੀਆਂ ਸਬਜ਼ੀਆਂ, ਗ੍ਰਾਮ 200 200

ਹਰੇ ਪੱਤੇਦਾਰ ਸਬਜ਼ੀਆਂ, ਗ੍ਰਾਮ 100 100

ਹੋਰ ਸਬਜ਼ੀਆਂ, ਗ੍ਰਾਮ 200 200

ਫਲ, ਗ੍ਰਾਮ 100 100

ਖੰਡ, ਗੁੜ ਗ੍ਰਾਮ 20 20

ਚਰਬੀ ਅਤੇ ਤੇਲ, ਗ੍ਰਾਮ 25 20

ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਖਾਸ ਭੋਜਨ ਪਦਾਰਥ

i. ਜ਼ਿੰਕ ਅਤੇ ਹੋਰ ਸੂਖਮ ਖਣਿਜਾਂ ਨੂੰ ਪ੍ਰਾਪਤ ਕਰਨ ਲਈ ਅਨਾਜ, ਦਾਲਾਂ ਅਤੇ ਸਬਜ਼ੀਆਂ ਦੀ ਲੋੜੀਂਦੀ ਮਾਤਰਾ ਜ਼ਰੂਰੀ ਹੈ। ਅਨਾਜ ਅਤੇ ਦਾਲਾਂ ਵਿਟਾਮਿਨ ਈ ਅਤੇ ਜ਼ਰੂਰੀ ਫੈਟੀ ਐਸਿਡ ਵੀ ਪ੍ਰਦਾਨ ਕਰਦੇ ਹਨ।

ii. ਖੱਟੇ ਫ਼ਲ ਜਿਵੇਂ ਕਿ ਨਿੰਬੂ, ਕਿੰਨੂੰ, ਸੰਤਰਾ ਆਦਿ; ਅਮਰੂਦ; ਪਪੀਤਾ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਚੁਲਾਈ ਆਦਿ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ। ਪੇਠਾ ਕੱਦੂ, ਪਪੀਤਾ ਬੀਟਾ ਕੈਰੋਟਿਨ (ਵਿਟਾਮਿਨ ਏ ਦਾ ਪੂਰਵਗਾਮੀ) ਦਾ ਚੰਗਾ ਸਰੋਤ ਹੈ। ਟਮਾਟਰ ਵਿਚ ਇਕ ਲਾਇਕੋਪੀਨ ਨਾਮੀ ਤੱਤ ਹੁੰਦਾ ਹੈ ਜੋ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ।

iii. ਦੁੱਧ ਅਤੇ ਪਨੀਰ ਵਿਚ ਪ੍ਰੋਟੀਨ ਅਤੇ ਵਿਟਾਮਿਨ ਏ ਦੀ ਮਾਤਰਾ ਵਧੇਰੇ ਹੁੰਦੀ ਹੈ। ਦਹੀਂ ਅਤੇ ਲੱਸੀ ਪ੍ਰੋਬਾਇਓਟਿਕ ਭੋਜਨ ਹੁੰਦੇ ਹਨ।

iv. ਜੀਵ ਸ੍ਰੋਤ ਜਿਵੇਂ ਕਿ ਅੰਡੇ / ਮੁਰਗਾ / ਮੀਟ / ਮੱਛੀ ਵਧਿਆ ਕੁਆਲਟੀ ਦੀ ਪ੍ਰੋਟੀਨ, ਵਿਟਾਮਿਨ ਡੀ, ਜ਼ਿੰਕ ਅਤੇ ਹੋਰ ਜ਼ਰੂਰੀ ਖਣਿਜ ਪ੍ਰਦਾਨ ਕਰਦੇ ਹਨ।

v. ਤੇਲ ਬੀਜ ਜਿਵੇਂ ਸਰ੍ਹੋਂ, ਅਲਸੀ, ਰਾਈਸ ਬਰੈਨ ਅਤੇ ਸੋਇਆਬੀਨ ਦੇ ਤੇਲਾਂ ਵਿਚ ਮੌਜੂਦ ਫੈਟੀ ਐਸਿਡ ਇਮਿਊਨਿਟੀ ਵਧਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ।

vi. ਸਾਡੀ ਆਮ ਵਰਤੋਂ ਦੇ ਮਸਾਲੇ ਐਂਟੀਆਕਸੀਡੈਂਟਸ, ਵਿਟਾਮਿਨ ਈ ਅਤੇ ਜ਼ਰੂਰੀ ਫੈਟੀ ਐਸਿਡਾਂ ਦੇ ਪ੍ਰਮੁੱਖ ਸਰੋਤ ਹਨ। ਹਲਦੀ ਸਭ ਤੋਂ ਪ੍ਰਭਾਵਸ਼ਾਲੀ ਹੈ ਅਤੇ ਹੋਰ ਮਸਾਲੇ ਜਿਵੇਂ ਕਿ ਲੌਂਗ, ਸੌਫ, ਜਵੈਣ, ਜੀਰਾ, ਕਾਲੀ ਮਿਰਚ, ਸਰ੍ਹੋਂ ਦੇ ਬੀਜ, ਦਾਲਚੀਨੀ ਵੀ ਇਮਿਊਨਿਟੀ ਵਧਾਉਣ ਵਿਚ ਲਾਭਕਾਰੀ ਹਨ।

vii. ਅਦਰਕ, ਲਸਣ, ਪਿਆਜ਼, ਸੇਬ, ਕੇਲੇ, ਬਰੌਕਲੀ, ਭਿੰਡੀ, ਹਰੇ ਮਟਰ, ਫਲ਼ੀਆਂ, ਅਲਸੀ, ਸੁੱਕੇ ਮੇਵੇ, ਸਾਬਤ ਦਾਲਾਂ ਅਤੇ ਅਨਾਜ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।

viii. ਚੁਕੰਦਰ, ਗਾਜਰ, ਕੀਨੂੰ, ਔਲ਼ੇ ਅਤੇ ਚਕੋਤਰੇ ਦਾ ਰਸ ਐਂਟੀਆਕਸੀਡੈਂਟਾਂ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

8. ਪੋਸ਼ਣ ਤੋਂ ਇਲਾਵਾ ਭੋਜਨ ਦੀ ਸਾਫ-ਸੰਭਾਲ ਅਤੇ ਸਹੀ ਪਕਾਉਣਾ ਵੀ ਬਿਮਾਰੀ ਤੋਂ ਬਚਣ ਲਈ ਜ਼ਰੂਰੀ ਹਨ। ਭੋਜਨ ਨੂੰ ਚੰਗੀ ਤਰਾਂ ਪਕਾ ਕੇ ਖਾਓ ਕਿਉਂਕਿ ਭੋਜਨ ਪਕਾਉਣ ਦਾ ਨਿਯਮਿਤ ਸਮਾਂ ਅਤੇ ਤਾਪਮਾਨ ਵਾਇਰਸਾਂ ਨੂੰ ਮਾਰ ਦਿੰਦਾ ਹੈ। . ਗੰਦਗੀ, ਜਿਵਾਣੂਆਂ ਆਦਿ ਨੂੰ ਦੂਰ ਕਰਨ ਲਈ ਵਗਦੇ ਪਾਣੀ ਹੇਠ ਸਬਜ਼ੀਆਂ ਨੂੰ ਕਾਫ਼ੀ ਸਮੇਂ ਲਈ ਧੋਣਾ ਇੱਕ ਲੋੜੀਂਦਾ ਅਭਿਆਸ ਹੈ। ਵਾਇਰਸਾਂ ਨੂੰ ਮਾਰਨ ਲਈ ਸਬਜ਼ੀਆਂ ਨੂੰ ਕਦੇ ਵੀ ਸਾਬਣ ਜਾਂ ਡਿਟਰਜੈਂਟ ਨਾਲ ਨਾ ਧੋਓ। ਇਹ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਹ ਯਾਦ ਰੱਖੋ ਕਿ ਕੋਵਿਡ -19 ਵਿਸ਼ਾਣੂ ਭੋਜਨ ਦੁਆਰਾ ਫੈਲਣ ਵਾਲੀ ਬਿਮਾਰੀ ਨਹੀਂ ਹੈ। ਇਹ ਸੰਪਰਕ ਦੁਆਰਾ ਛੂਤਕਾਰੀ ਹੈ। ਪਕਾਏ ਹੋਏ ਭੋਜਨ ਵਧੇਰੇ ਸੁਰੱਖਿਅਤ ਹੁੰਦੇ ਹਨ। ਫਲਾਂ ਦਾ ਸੇਵਨ ਕਰਨ ਤੋਂ ਪਹਿਲਾਂ, ਫਲਾਂ ਦਾ ਛਿਲਕਾ ਹਟਾਉਣਾ ਲਾਜ਼ਮੀ ਹੈ। ਸਬਜ਼ੀਆਂ ਨੂੰ ਸਲਾਦ ਵਿਚ ਵਰਤਣ ਤੋਂ ਪਹਿਲਾਂ ਛਿਲ ਲੈਣਾ ਚਾਹੀਦਾ ਹੈ।

ਅੰਤ ਵਿਚ ਇਹੋ ਸਲਾਹ ਦਿੱਤੀ ਜਾਂਦੀ ਹੈ ਕਿ ਕੋਈ ਵੀ ਇਕੱਲਾ ਭੋਜਨ ਪਦਾਰਥ ਇਮਿਊਨਿਟੀ ਨੂੰ ਨਹੀਂ ਵਧਾ ਸਕਦਾ, ਇਸ ਲਈ ਰੋਜ਼ਾਨਾ ਸੰਤੁਲਿਤ ਖੁਰਾਕ ਲਓ। ਇਸ ਤੋਂ ਇਲਾਵਾ ਸਹੀ ਮਾਤਰਾ ਵਿਚ ਨੀਂਦ, ਕਸਰਤ ਅਤੇ ਆਰਾਮ ਸਾਡੇ ਇਮਿਊਨ ਸਿਸਟਮ ਦੁਆਰਾ ਕੋਵਿਡ-19 ਨੂੰ ਹਰਾਉਣ ਲਈ ਬਹੁਤ ਜ਼ਰੂਰੀ।

ਸੰਪਰਕ: 7837700617

Share this Article
Leave a comment