ਪੰਜਾਬ ਵਿੱਚ ਕਿਉਂ ਸੁੱਕ ਰਿਹਾ ਹੈ ਰਾਜ ਰੁੱਖ

TeamGlobalPunjab
10 Min Read

ਟਾਹਲੀ ਮੂਲ ਤੌਰ ‘ਤੇ ਭਾਰਤ ਅਤੇ ਦੱਖਣ ਏਸ਼ੀਆ ਨਾਲ ਸਬੰਧਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜਵੁੱਡ ਨਾਲ ਵੀ ਜਾਣਿਆ ਜਾਂਦਾ ਇਹ ਰੁੱਖ ਪੰਜਾਬ ਦਾ ਰਾਜ ਰੁੱਖ (STATE TREE) ਹੈ। ਟਾਹਲੀ ਭਾਵੇਂ ਤੇਜ ਵਧਣ ਵਾਲਾ ਰੁੱਖ ਨਹੀਂ ਹੈ, ਪਰ ਇਸ ਦੀ ਲੱਕੜੀ ਬੁਹਉਪਯੋਗੀ ਅਤੇ ਸੰਘਣੀ ਛਾਂ ਕਾਰਣ ਇਹ ਭਾਰਤੀ ਉਪਦੀਪ ਦੇ ਗੁਣਵਾਨ ਰੁੱਖਾਂ ਵਿੱਚੋਂ ਇੱਕ ਹੈ। ਟਾਹਲੀ ਲਗਭਗ ਸਾਰੇ ਪੰਜਾਬ ਵਿੱਚ ਕੁਦਰਤੀ ਤੌਰ ‘ਤੇ ਉਗ ਪੈਂਦੀ ਹੈ। ਇਸ ਦੀ ਸਖਤ ਕਾਲੀ ਲੱਕੜ, ਸਾਗਵਾਨ ਤੋਂ ਬਾਅਦ ਦੂਜੇ ਦਰਜੇ ਦੀ ਇਮਾਰਤੀ ਲੱਕੜ ਮੰਨੀ ਜਾਂਦੀ ਹੈ ਤੇ ਉਹ ਘੁਣ ਤੇ ਹੋਰ ਤਰਾਂ ਦੀ ਮਾਰ ਸਹਿਣ ਦੇ ਯੋਗ ਹੂੰਦੀ ਹੈ। ਇਹ ਬਹੁਉਪਯੋਗੀ ਰੁੱਖ ਹਲਕੇ ਕੋਰੇ ਅਤੇ ਗਰਮ ਖੁਸ਼ਕ ਮੌਸਮ ਨੂੰ ਸਹਿਣ ਦੀ ਤਾਕਤ ਰਖਦਾ ਹੈ। ਇਨ੍ਹਾਂ ਗੁਣਾਂ ਕਰਕੇ ਟਾਹਲੀ ਨੂੰ ਕਿਸਾਨਾਂ ਦਾ ਮਿੱਤਰ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਅਤੇ ਮਸ਼ੀਨਕਰਨ ਯੁੱਗ ਤੋ ਬਾਅਦ ਵੀ ਇਹ ਖੇਤਾਂ ਦੀਆਂ ਵੱਟਾਂ, ਖਾਲਿਆਂ ਉਪਰ ਅਜੇ ਵੀ ਰੱਖੇ ਜਾਂਦੇ ਹਨ।ਟਾਹਲੀ ਵਾਂਗ ਨਿੰਮ ਵੀ ਹਰ ਇਲਾਕੇ ਵਿੱਚ ਲਗਾਇਆ ਜਾਣ ਵਾਲਾ ਰੁੱਖ ਹੈ। ਛੋਟੀ ਇਮਾਰਤੀ ਲੱਕੜ, ਬਾਲਣ ਦੀ ਲੱਕੜੀ, ਸੰਘਣੀ ਛਾਂ ਤੋਂ ਇਲਾਵਾ ਇਸ ਦੇ ਪੱਕੇ ਫਲ, ਪੰਛੀਆਂ ਨੂੰ ਠਹਿਰ ਪ੍ਰਦਾਨ ਕਰਨਾ ਵੀ ਇਸ ਦੇ ਮੁੱਖ ਗੁਣ ਹਨ। ਇਸ ਦੇ ਪੱਤਿਆਂ ਅਤੇ ਨਮੋਲੀਆਂ ਵਿੱਚ ਅਜੈਡੀਰੈਕਟਿਨ ਤੱਤ, ਕੀੜੇ-ਮਕੌੜਿਆਂ ਅਤੇ ਫਫੂੰਦੀਆਂ ਖਤਮ ਕਰਨ ਦੀ ਸਮਰਥਾ ਰੱਖਦਾ ਹੈ ਅਤੇ ਨਿੰਮ-ਕੋਟਿਡ ਯੂਰੀਆ ਤਿਆਰ ਕਰਨ ਵਿੱਚ ਵਰਤਿਆ ਜਾਂਦਾ ਹੈ। ਸਦੀਆਂ ਤੋਂ ਇਹ ਦੋਂਨੇ ਰੁੱਖ ਪੰਜਾਬ ਦੇ ਬੰਨਿਆਂ, ਖੂਹਾਂ ਟੋਭਿਆਂ ਅਤੇ ਘਰਾਂ ਦੇ ਵਿਹੜਿਆਂ ਦਾ ਸ਼ਿੰਗਾਰ ਬਣਦੇ ਆਏ ਹਨ। ਆਧੁਨਿਕ ਖੇਤੀ ਤੇ ਮਸ਼ੀਨੀਕਰਨ ਬਾਅਦ ਰਵਾਇਤੀ ਰੁੱਖਾਂ ਹੇਠ ਰਕਬਾ ਨਾ ਮਾਤਰ ਹੀ ਰਹਿ ਗਿਆ ਹੈ। ਲੇਜ਼ਰ ਲੈਵਲਰ, ਕੰਬਾਇਨਾਂ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਵਿੱਚ ਰੁੱਖ ਰੁਕਾਵਟ ਬਣਦੇ ਹਨ। ਇਸ ਲਈ ਇਹ ਖਾਲਿਆਂ, ਵੱਟਾਂ, ਸੜਕਾਂ ਅਤੇ ਨਹਿਰਾਂ ਕੰਢੇ ਹੀ ਰਹਿ ਗਏ ਹਨ।

ਪਿਛਲੇ ਕਈ ਸਾਲਾਂ ਤੋਂ ਪੰਜਾਬ ਅਤੇ ਨੇੜਲੇ ਸੂਬਿਆਂ ਵਿੱਚ ਟਾਹਲੀ ਅਤੇ ਨਿੰਮ ਦੇ ਰੁੱਖਾਂ ਦੇ ਸੁਕਣ ਬਾਰੇ ਅਖਬਾਰਾਂ. ਰਸਾਲਿਆਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ। ਸੰਨ 2000 ਤੋਂ ਟਾਹਲੀ ਦੇ ਵੱਡੇ ਪੱਧਰ ਤੇ ਸੁੱਕਣ ਬਾਰੇ ਲੇਖ ਆਉਂਦੇ ਰਹੇ ਹਨ। ਉਸ ਤੋਂ ਬਾਅਦ ਰੁੱਖ ਦੁਬਾਰਾ ਪੁਨਰ ਜੀਵਤ ਹੋਣੇ ਸ਼ੁਰੂ ਹੋਏ ਸਨ। ਹੁਣ ਵੀ 3-4 ਸਾਲਾਂ ਤੋਂ ਖੇਤਾਂ ਅਤੇ ਧਾਰਮਿਕ ਸਥਾਨਾਂ ਤੇ ਟਾਹਲੀ ਦੇ ਰੁੱਖ ਦੇ ਸੁੱਕਣ, ਮੁਰਝਾਉਣ ਜਾਂ ਦੇਰ ਨਾਲ ਪੁੰਗਾਰੇ ਦੀਆਂ ਖ਼ਬਰਾਂ ਕਿਸਾਨਾਂ ਅਤੇ ਸਮਾਜਿਕ ਸੰਸਥਾਵਾਂ ਤੋਂ ਆ ਰਹੀਆਂ ਹਨ। ਇਨ੍ਹਾਂ ਨੂੰ ਮੁੱਖ ਰੱਖ ਕੇ ਇਸ ਲੇਖ ਵਿੱਚ ਸੁੱਕਣ ਦੇ ਲੱਛਣ, ਕਾਰਨ ਅਤੇ ਰੋਕਥਾਮ ਦਾ ਜ਼ਿਕਰ ਕੀਤਾ ਗਿਆ ਹੈ ਜਿਹੜਾ ਕਿ ਕਿਸਾਨਾਂ ਅਤੇ ਨੀਤੀ ਘਾੜਕਾਂ ਲਈ ਸਹਾਈ ਸਿੱਧ ਹੋਵੇਗਾ।

ਰੁੱਖ ਸੁੱਕਣ ਦੇ ਲੱਛਣ:

ਪੂਰੀ ਤਰ੍ਹਾਂ ਸੁੱਕਣ ਤੋਂ ਪਹਿਲਾਂ ਇਹ ਰੁੱਖ ਕਈ ਵਾਰ ਇਸ਼ਾਰੇ ਦਿੰਦੇ ਹਨ। ਦੌੜ ਤੇ ਪੈਸੇ ਦੇ ਦੌਰ ਵਿੱਚ ਅਸੀਂ ਇਨ੍ਹਾਂ ਵੱਲ ਧਿਆਨ ਨਹੀਂ ਦਿੰਦੇ। ਜੇ ਰੁੱਖਾਂ ਦੇ ਹੇਠ ਲਿਖੇ ਲੱਛਣਾਂ ਵੱਲ ਪਹਿਲਾਂ ਤੋਂ ਤਵੱਜੋਂ ਦੇ ਦਿੱਤੀ ਜਾਵੇ ਤਾਂ ਅਸੀਂ ਇਹਨਾਂ ਨੂੰ ਬਚਾ ਸਕਦੇ ਹਾਂ।

- Advertisement -

ਸਮੇਂ ਤੋਂ ਪਹਿਲਾਂ ਪੱਤੇ ਸੁੱਟਣਾ, ਨਵਾਂ ਪੁੰਗਾਰਾ ਦੇਰੀ ਨਾਲ ਆਉਣਾ, ਛਿੱਦੀ ਪੱਤਿਆਂ ਦੀ ਘਣਤਾ, ਸਿਰੇ ਤੋਂ ਟਾਹਣੀਆਂ ਦਾ ਸੁੱਕਣਾ ਜਾਂ ਤਣੇ ਤੋਂ ਜਿਆਦਾ ਫੁਟਾਰਾ।

ਜਦੋਂ ਇਨ੍ਹਾਂ ਚੋਂ ਕੋਈ ਵੀ ਲੱਛਣ ਦਿਖੇ ਤਾਂ ਸਮਝੋ ਕਿ ਇਹ ਰੁੱਖ ਕਿਸੇ ਤਣਾਅ ਜਾਂ ਬੀਮਾਰੀ ਦੇ ਹਮਲੇ ਦਾ ਸ਼ਿਕਾਰ ਹੈ।ਉਸੇ ਵਕਤ ਜੇ ਧਿਆਨ ਦਿਤਾ ਜਾਵੇ ਤਾਂ ਇਲਾਜ ਸੰਭਵ ਹੈ। ਯੂਨੀਵਰਸਿਟੀ ਕੈਂਪਸ ਤੇ ਗੈਨੋਡਰਮਾ ਉਲੀ ਦਾ ਸ਼ਿਕਾਰ ਕਈ ਰੁੱਖ, ਸਮੇਂ ਸਿਰ ਇਲਾਜ ਸਦਕਾ ਬਚਾਏ ਗਏ ਹਨ। ਕਈ ਧਾਰਮਿਕ ਸਥਾਨਾਂ ਤੇ ਇਸ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਸਾਇੰਸਦਾਨਾਂ ਦੇ ਸਮੇਂ ਸਿਰ ਸੁਝਾਅ ਸਦਕਾ ਕਾਫੀ ਰੁੱਖ ਮੁੜ-ਸੁਰਜੀਤ ਹੋਏ ਹਨ। ਪਰ ਸੜਕਾਂ ਤੇ ਖੜੇ ਰੁੱਖ ਅਕਸਰ ਮਨੁੱਖੀ ਕਾਰਣਾਂ ਕਰਕੇ ਹੀ ਸੁੱਕਦੇ ਹਨ।
ਰੁੱਖ ਸੁੱਕਣ ਦੇ ਕਾਰਨ:- ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਸਰਵੇਅ ਕਰਨ ਬਾਅਦ ਇਹ ਪਤਾ ਲਗਿਆ ਹੈ ਕਿ ਟਾਹਲੀ ਦੇ 10 ਤੋਂ 25 ਸਾਲ ਦੀ ਉਮਰ ਰੁੱਖ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।ਨਵੇਂ ਪੁੰਗਾਰੇ ਬਾਅਦ ਅਪਰੈਲ-ਮਈ ਮਹੀਨੇ ਵਿੱਚ ਰੁੱਖ ਕੁਮਲਾਉਂਣਾ ਸ਼ੁਰੂ ਕਰਦੇ ਹਨ ਪਰ ਸਭ ਤੋਂ ਵੱਧ ਵਰਤਾਰਾ ਜੂਨ ਤੋਂ ਸਤੰਬਰ ਵਿੱਚ ਹੁੰਦਾ ਹੈ। ਨਿੰਮਾਂ ਦਾ ਸੁੱਕਣਾ ਪਿਛਲੇ 2-3 ਸਾਲਾਂ ਤੋਂ ਜ਼ਿਆਦਾ ਵਧਿਆ ਹੈ। ਪੱਤੇ ਪੀਲੇ ਪੈਣੇ ਸ਼ੁਰੂ ਹੁੰਦੇ ਹਨ ਅਤੇ ਕੁੱਝ ਸਾਲਾਂ ਬਾਅਦ ਉਪਰੋਂ ਸੁਕਣ ਲਗਦੇ ਹਨ।ਰੁੱਖ ਆਪਣੀ ਕਹਾਣੀ ਖੁਦ ਬੋਲ ਨਹੀਂ ਸਕਦੇ ।

1. ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ: ਪੀ.ਏ.ਯੂ. ਅਤੇ ਸਰਕਾਰੀ ਮਹਿਕਮਿਆਂ ਵਲੋਂ ਕੀਤੀ ਜਾ ਰਹੇ ਪ੍ਰਚਾਰ ਤੇ ਜਾਣਕਾਰੀ ਦੇ ਬਾਵਜੂਦ, ਕਈ ਕਿਸਾਨ ਹਰ ਸਾਲ ਫਸਲੀ ਰਹਿੰਦ ਖੂੰਦ੍ਹ ਨੂੰ ਅੱਗ ਲਗਾਉਂਦੇ ਹਨ। ਹਰ ਸਾਲ ਟਾਹਲੀ ਤੇ ਨਿੰਮ ਦੇ ਖੇਤਾਂ ਅਤੇ ਸੜਕਾਂ ਕਿਨਾਰੇ ਖੜੇ ਰੁੱਖ ਅੱਗ ਨਾਲ ਝੁਲਸਦੇ ਹਨ।ਕਈ ਵਾਰ ਸੜਕਾਂ ਤੇ ਉਗੇ ਨਦੀਨਾਂ ਨੂੰ ਲਗਾਈ ਅੱਗ ਵੀ ਰੁੱਖਾਂ ਦੇ ਸੜਨ ਦਾ ਕਾਰਣ ਬਣਦੀ ਹੈ।ਜਦੋਂ ਇਹ ਝੁਲਸਣ, ਪੁੰਗਾਰੇ ਅਤੇ ਫਿਰ ਝੁਲਸਣ ਦਾ ਵਰਤਾਰਾ ਵਾਰ-ਵਾਰ ਹੋਣ ਲਗੇ ਤਾਂ ਇਹਰੁੱਖ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਸ਼ਿਕਾਰ ਹੋਣ ਕਾਰਨ ਅੱਧ ਮੋਏ ਹੋ ਜਾਂਦੇ ਹਨ।

2. ਸਿੰਚਾਈ ਦੀ ਘਾਟ: ਟਾਹਲੀ ਨੂੰ ਪੱਤਿਆਂ ਦੇ ਪੁੰਗਾਰੇ ਸਮੇਂ ਪਾਣੀ ਦੀ ਲੋੜ ਹੁੰਦੀ ਹੈ। ਸੜਕਾਂ ਕਿਨਾਰੇ ਖੜੇ ਰੁੱਖ, ਜਿੱਥੇ ਆਲੇ ਦੁਆਲੇ ਖੇਤੀ ਨਹੀਂ ਹੋ ਰਹੀ, ਗਰਮੀਆਂ ਵਿੱਚ ਅਕਸਰ ਪਾਣੀ ਦੀ ਘਾਟ ਕਾਰਨ ਸੋਕੇ ਦਾ ਸ਼ਿਕਾਰ ਹੁੰਦੇ ਹਨ।ਲਗਾਤਾਰ ਸੋਕੇ, ਫਿਰ ਸੁਰਜੀਤ ਹੋਣ ਅਤੇ ਸੋਕੇ ਦਾ ਚੱਕਰ ਰੁੱਖਾਂ ਦੇ ਖਤਮ ਹੋਣ ਦਾ ਅਹਿਮ ਕਾਰਨ ਹੈ। ਸ਼ਹਿਰਾਂ, ਕਸਬਿਆਂ ਦੇ ਘਰਾਂ ਵਿੱਚ ਪੱਕੇ ਕੀਤੇ ਫ਼ਰਸ਼ਾਂ ਕਰਕੇ ਬਾਰਿਸ਼ ਦੇ ਪਾਣੀ ਦਾ ਜ਼ਜ਼ਬ ਨਾ ਹੋਣਾ ਵੀ ਇਨ੍ਹਾਂ ਰੁੱਖਾਂ ਦੇ ਪਾਣੀ ਦੇ ਸਰੋਤ ਘਟਣ ਦਾ ਕਾਰਨ ਹੈ।

3. ਸੇਮ: ਲਗਭਗ ਸਾਰੇ ਰੁੱਖ ਸੇਮ ਵਾਲੇ ਇਲਾਕਿਆਂ ਤੋਂ ਅਲੋਪ ਹੋ ਚੁਕੇ ਹਨ। ਕਈ ਵਾਰ ਦੂਜੇ ਇਲਾਕਿਆਂ ਵਿੱਚ ਵੀ ਲਗਾਤਾਰ ਪਾਣੀ ਰੁਕਣ ਕਰਕੇ, ਨਿੰਮ ਅਤੇ ਟਾਹਲੀ ਦੇ ਰੁੱਖ ਸੁੱਕਣ ਲਗਦੇ ਹਨ,ਕਿਉਂਕਿ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਬਿਮਾਰੀਆਂ ਆਦਿ ਦੇ ਹਮਲੇ ਲਈ ਸੁਹਾਵਣਾ ਮਹੌਲ ਬਣ ਜਾਂਦਾ ਹੈ।

- Advertisement -

4. ਭੂਮੀ ਦੀ ਸਤ੍ਹਾ ਦਾ ਸਖਤ ਹੋਣਾ: ਅਕਸਰ ਧਾਰਮਿਕ ਸਥਾਨਾਂ, ਘਰਾਂ ਤੇ ਹੋਰ ਸੰਸਥਾਵਾਂ ਵਿੱਚ ਰੁੱਖਾਂ ਦੁਆਲੇ ਪੱਕੇ ਫਰਸ਼ ਲਾਉਣ ਜਾਂ ਜਗ੍ਹਾ ਤੇ ਭਰਤੀ ਪਾਉਣ ਨਾਲ ਰੁੱਖਾਂ ਦੀਆਂ ਜੜ੍ਹਾਂ ਨੂੰ ਹਵਾ ਪਹੁੰਚਣੀ ਬੰਦ ਹੋ ਜਾਂਦੀ ਹੈ।ਰੇਤਲੀਆਂ ਅਤੇ ਮੈਰਾ ਜ਼ਮੀਨਾਂ ਨਾਲੋਂ ਚੀਕਣੀਆਂ ਜ਼ਮੀਨਾਂ ਵਿੱਚ ਰੁੱਖ ਜ਼ਿਆਦਾ ਸੁੱਕਦੇ ਹਨ ਕਿਉਂਕਿ ਜੜ੍ਹਾਂ ਨੂੰ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਮਿਲਦੀ ਅਤੇ ਉਲੀਆਂ  ਦਾ ਹਮਲਾ ਵੱਧ ਜਾਂਦਾ ਹੈ। ਰੁੱਖਾਂ ਦੇ ਪੱਤੇ ਪੀਲੇ ਪੈਣ ਲਗਦੇ ਹਨ।

5. ਮੌਸਮੀ ਤਬਦੀਲੀ: ਟਾਹਲੀ ਤੇ ਨਿੰਮ ਇਸੇ ਖਿੱਤੇ ਦੇ ਹੋਣ ਕਰਕੇ ਪੰਜਾਬ ਦੇ ਪੌਣ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਸਹਿਣਸ਼ੀਲ ਹਨ। ਪਰ ਜਲਵਾਯੂ ਵਿੱਚ ਆ ਰਹੀਆਂ ਬੇਮੌਸਮੀ ਤਬਦੀਲੀਆਂ ਇਨ੍ਹਾਂ ਰੁੱਖਾਂ ਦੀ ਪੱਤੇ ਤੇ ਫਲ-ਫੁੱਲ ਦੀ ਪਰਕ੍ਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਇੱਕ ਖੋਜ ਰਿਪੋਰਟ ਨੇ ਲਗਾਤਾਰ ਧੁੰਦ ਜਾਂ ਕੋਰੇ ਨੂੰ ਟਾਹਲੀਆਂ ਦੇ ਸੁੱਕਣ ਦਾ ਅਹਿਮ ਕਾਰਣ ਦੱਸਿਆ ਸੀ।12 ਦਸੰਬਰ 2019 ਤੋਂ ਵੱਧ ਤੋਂ ਵੱਧ ਤਾਪਮਾਨ ਵਿੱਚ ਆਈ ਯੱਕਦਮ ਗਿਰਾਵਟ ਕਾਰਨ ਇੱਕ ਪੰਦਰਵਾੜੇ ਤੋਂ ਜ਼ਿਆਦਾ ਸਮੇਂ ਤੱਕ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਅੰਤਰ ਬਹੁਤ ਘੱਟ ਰਿਹਾ (ਚਿਤਰ 1)। ਇਸ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਨਿੰਮ ਦੇ ਰੁੱਖਾਂ ਦੇ ਪੱਤੇ ਸੁੱਕ ਗਏ ਸਨ। ਬਿਮਾਰੀਆਂ ਜਾਂ ਕਿਸੇ ਹੋਰ ਅਬਓਟਿਕ ਤਣਾਅ ਕਾਰਣ ਕਈ ਰੁੱਖ ਸੁੱਕ ਗਏ ਹਨ।

6. ਮਾਨਵ ਕਾਰਨ: ਉਪਰ ਲਿਖੇ ਕਾਰਨਾਂ ਵਿੱਚ ਵੀ ਮਨੁੱਖ ਦੀ ਲਾਪਰਵਾਹੀ ਸ਼ਾਮਿਲ ਹੈ। ਪਰ ਆਪਣੀਆਂ ਲੋੜਾਂ ਲਈ ਸਾਝੀਆਂ ਥਾਵਾਂ ਤੇ ਲੱਗੇ ਰੁੱਖਾਂ ਤੋਂ ਬਾਲਣ ਤੇ ਦਾਤਣਾਂ ਵਾਸਤੇ ਟਾਹਣੀਆਂ ਕੱਟਣਾਂ, ਪੱਤੇ ਤੇ ਸੱਕ ਲਾਉਣਾ, ਰੁੱਖਾਂ ਹੇਠ ਪਸ਼ੂ ਨੂੰ ਬੰਨ੍ਹਣਾਂ ਅਤੇ ਕਸਬਿਆਂ ਵਿੱਚ ਰੁੱਖਾਂ ਤੇ ਕਿੱਲਾਂ ਨਾਲ ਤਾਰਾਂ ਜਾਂ ਬੋਰਡ ਟੰਗਣਾ ਆਦਿ ਕੁੱਝ ਪ੍ਰਮੁੱਖ ਕਾਰਨ ਹਨ, ਜਿਨ੍ਹਾਂ ਕਰਕੇ ਰੁੱਖ ਬੀਮਾਰੀਆਂ ਤੇ ਕੀੜਿਆਂ ਦਾ ਸ਼ਿਕਾਰ ਹੋ ਜਾਂਦੇ ਜਨ।

ਰੋਕਥਾਮ ਦੇ ਤਰੀਕੇ:

ਹੁਣ ਆਪਾਂ ਦੇਖੀਏ ਕਿ ਰੁੱਖਾਂ ਨੂੰ ਕਿਵੇਂ ਬਚਾਈਏ। ਫਸਲਾਂ ਨਾਲੋਂ ਰੁੱਖਾਂ ਵਿੱਚ ਕੁਦਰਤੀ ਅਤੇ ਜੈਵਿਕ ਤਾਕਤਾਂ ਨਾਲ ਲੜਨ ਦੀ ਸਮਰੱਥਾ ਕਾਫੀ ਜ਼ਿਆਦਾ ਹੋਣ ਕਰਕੇ ਇਨ੍ਹਾਂ ਨੂੰ ਬਚਾਉਣਾ ਸੌਖਾ ਹੈ, ਬਸ਼ਰਤੇ ਅਸੀਂ ਕਾਰਵਾਈ ਸਮੇਂ ਤੇ ਕਰੀਏ। ਹੇਠ ਲਿਖੇ ਤਰੀਕੇ ਅਪਨਾਏ ਜਾਣੇ ਚਾਹੀਦੇ ਹਨ।

ਵੈਸੇ ਸਾਡੀ ਕੋਸ਼ਿਸ਼ ਚਾਹੀਦੀ ਹੈ ਕਿ

1. ਬੀਮਾਰੀਆਂ ਦੇ ਹਮਲੇ ਵਾਲੇ ਬੂਟੇ ਨੂੰ ਬਾਕੀ ਬੂਟਿਆਂ ਤੋਂ ਖਾਈ ਪੁੱਟ ਕੇ ਵੱਖ ਕਰ ਦਿਓ।ਸੁੱਕ ਚੁੱਕੇ ਰੁੱਖਾਂ ਨੂੰ ਜੱੜ੍ਹਾਂ ਸਮੇਤ ਪੁੱਟ ਦਿਓ, ਕਿਉਂਕੇ ਜ਼ਮੀਨ ਵਿੱਚ ਮੌਜੂਦ ਬੀਮਾਰੀ ਦੇ ਕਣਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਅਸੰਭਵ ਹੈ। ਦੂਜੇ ਇਹ ਹੋਰ ਬੀਮਾਰੀਆਂ ਦੇ ਕਣਾਂ ਨੂੰ ਸੱਦਾ ਦਿੰਦੇ ਹਨ।

2. ਰੁੱਖਾਂ ਦਾ ਸੱਕ, ਹਰੀ ਛਿੱਲ ਅਤੇ ਜ਼ਿਆਦਾ ਕਟਾਈ (ਪਰੁਨਿੰਗ) ਨਾ ਕਰੋ। ਬਰਸਾਤਾਂ ਦੇ ਮੌਸਮ ਦੀ ਜਗ੍ਹਾ ਸਰਦੀਆਂ ਵਿੱਚ ਕਟਾਈ ਕਰੋ।ਰੁੱਖਾਂ ਦੇ ਤੱਣੇ ਅਤੇ ਟਾਹਣੀਆਂ ਤੇ ਹੋਏ ਜ਼ਖਮਾਂ ਤੇ ਬੋਰਡੋ ਪੇਸਟ ਦਾ ਲੇਪ ਲਗਾਓ।ਦਰਖਤਾਂ ਨੂੰ ਜ਼ਖਮਾਂ ਤੋਂ ਬਚਾਉ।

3. ਜਿਆਦਾ ਭਾਰੀਆਂ / ਚੀਕਣੀਆਂ ਜਮੀਨਾਂ ਤੇ ਟਾਹਲੀ ਨਾ ਲਗਾਓ। ਰੁੱਖਾਂ ਦੁਆਲੇ ਗੋਡੀ ਕਰਕੇ ਜਮੀਨ ਨੂੰ ਪੋਲੀ ਬਣਾਈ ਰੱਖੋ।

4. ਸੜ੍ਹਕਾਂ ਨਾਲ ਜਾਂ ਖੇਤਾਂ ਵਿੱਚ ਲੱਗੇ ਬੂਟਿਆਂ ਦੁਆਲੇ ਪਾਣੀ ਜ਼ਿਆਦਾ ਇੱਕਠਾ ਨਾ ਹੋਣ ਦਿਓ। ਸਿੰਚਾਈ ਹਲਕੀ ਕਰਨੀ ਚਾਹੀਦੀ ਹੈ।

5. ਰੁੱਖਾਂ ਦੁਆਲੇ ਜਗ੍ਹਾ ਹਮੇਸ਼ਾ ਪੋਲੀ ਰੱਖੋ ਅਤੇ ਪੱਕਾ ਫਰਸ਼ ਜਾਂ ਸੰਗਮਰਮਰ ਕਦੇ ਨਾ ਲਗਾਓ।

6. ਕੋਈ ਵੀ ਲੱਛਣ ਦਿਸਣ ਸਾਰ ਹੀ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰਾਂ ਨਾਲ ਜਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ,ਵਣ ਅਤੇ ਕੁਦਰਤੀ
ਸੋਮੇਂ ਵਿਭਾਗ ਦੇ ਮੁਖੀ ਨਾਲ ਸੰਪਰਕ ਕਰੋ।

-ਗੁਰਵਿੰਦਰ ਪਾਲ ਸਿੰਘ ਢਿਲੋਂ, ਕਮਲਦੀਪ ਸਿੰਘ ਸੰਘਾ ਅਤੇ ਪਰਮਿੰਦਰ ਸਿੰਘ

Share this Article
Leave a comment