ਕੈਨੇਡਾ ‘ਚ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਇੱਕ ਹੋਰ ਪੰਜਾਬੀ ਗ੍ਰਿਫਤਾਰ

Global Team
3 Min Read

ਓਨਟਾਰੀਓ: ਓਨਟਾਰੀਓ ਦੇ ਚਰਚਿਤ ਐਲਨਾਜ਼ ਹਜਤਾਮੀਰੀ ਅਗਵਾ ਮਾਮਲੇ ‘ਚ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੇ ਸ਼ੱਕੀਆਂ ‘ਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਸ਼ਨਾਖ਼ਤ ਬੀ.ਸੀ. ਦੇ ਡੇਲਟਾ ਸ਼ਹਿਰ ਨਾਲ ਸਬੰਧਤ 24 ਸਾਲ ਦੇ ਜਸਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ, ਜਦਕਿ ਮਿਸੀਸਾਗਾ ਦੇ 23 ਸਾਲਾ ਸੁਖਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੂੰ ਸਰੀ ਵਿਖੇ 15 ਅਪ੍ਰੈਲ ਨੂੰ ਹਿਰਾਸਤ ‘ਚ ਲਿਆ ਗਿਆ ਜਿਸ ਵਿਰੁੱਧ ਕੈਨੇਡਾ ਪੱਧਰੀ ਵਾਰੰਟ ਜਾਰੀ ਕੀਤੇ ਗਏ ਸਨ। ਬੀ.ਸੀ. ਤੋਂ ਓਨਟਾਰੀਓ ਲਿਆਂਦੇ ਜਾਣ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ 19 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।

ਦੂਜੇ ਪਾਸੇ ਪੁਲਿਸ ਨੇ ਸੁਖਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵਕੀਲ ਕਰੇ ਅਤੇ ਪੁਲਿਸ ਅੱਗੇ ਆਤਮ-ਸਮਰਪਣ ਕਰ ਦੇਵੇ। ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜੋ ਵੀ ਸੁਖਪ੍ਰੀਤ ਸਿੰਘ ਦੀ ਮਦਦ ਕਰੇਗਾ ਉਸ ਵਿਰੁੱਧ ਵੀ ਅਪਰਾਧਕ ਦੋਸ਼ ਆਇਦ ਕੀਤੇ ਜਾ ਸਕਦੇ ਹਨ।

ਜ਼ਿਕਰਯੋਗ ਹੈ ਕਿ 20 ਦਸੰਬਰ 2021 ਨੂੰ ਐਲਨਾਜ਼ ਹਜਤਾਮੀਰੀ ‘ਤੇ ਫਰਾਈਂਗ ਪੈਨ ਨਾਲ ਕੀਤੇ ਗਏ ਹਮਲੇ ਦੇ ਸਬੰਧ ‘ਚ ਉਸ ਦੇ ਸਾਬਕਾ ਬੁਆਏ ਫਰੈਂਡ ਮੁਹੰਮਦ ਲੀਲ ਸਣੇ ਪੰਜ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਐਲਨਾਜ਼ ਇਸ ਘਟਨਾ ‘ਚ ਗੰਭੀਰ ਜ਼ਖ਼ਮੀ ਹੋ ਗਈ ਸੀ ਜਿਸ ਕਾਰਨ ਉਸ ਨੂੰ 40 ਟਾਂਕੇ ਲੱਗੇ ਸਨ। ਪੁਲਿਸ ਮੁਤਾਬਕ ਦੋ ਜਣਿਆਂ ਨੇ ਐਲਨਾਜ਼ ਨੂੰ ਘੇਰ ਕੇ ਫਰਾਈਂਗ ਪੈਨ ਨਾਲ ਸਿਰ ‘ਤੇ ਵਾਰ ਕੀਤਾ ਅਤੇ ਉਸ ਨੂੰ ਖਿੱਚ ਕੇ ਗੱਡੀ ‘ਚ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸਫਲ ਨਾਂ ਹੋ ਸਕੇ। ਲੋਕਾਂ ਅਤੇ ਮੀਡੀਆ ਦੇ ਸਹਿਯੋਗ ਸਦਕਾ ਹਮਲਾ ਕਰਨ ਵਾਲਿਆਂ ਦੀ ਪਛਾਣ ਹੋ ਗਈ ਜਿਸ ਤੋਂ ਬਾਅਦ ਰਿਆਸਤ ਸਿੰਘ ਅਤੇ ਹਰਸ਼ਦੀਪ ਬਿਨਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਵਿਰੁੱਧ ਇਰਾਦਾ ਕਤਲ ਅਤੇ ਅਗਵਾ ਦੀ ਕੋਸ਼ਿਸ਼ ਦੇ ਦੋਸ਼ ਲੱਗੇ। ਰਿਆਸਤ ਸਿੰਘ ਨੇ ਦੋਸ਼ ਕਬੂਲ ਕਰ ਲਿਆ ਅਤੇ ਪਿਛਲੇ ਸਾਲ ਦਸੰਬਰ ਵਿਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਪਰ ਹਰਸ਼ਦੀਪ ਬਿਨਰ ਹੁਣ ਵੀ ਪੁਲਿਸ ਹਿਰਾਸਤ ਵਿਚ ਹੈ। ਦੂਜੇ ਪਾਸੇ ਮਾਰਚ ਦੇ ਸ਼ੁਰੂ ਵਿਚ ਹਰਸ਼ਪ੍ਰੀਤ ਸੇਖੋਂ ਅਤੇ ਅਕਾਸ਼ ਰਾਣਾ ਨੂੰ ਹਮਲਾ ਕਰਨ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਪਾਸੇ ਜਸਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵਿਰੁੱਧ ਹਮਲਾ ਕਰਨ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਹਨ।

ਇਸ ਹਮਲੇ ਦੌਰਾਨ ਇੱਕ ਗੁਆਂਢੀ ਉੱਥੇ ਆ ਗਿਆ ਅਤੇ ਉਸ ਨੇ ਸ਼ੱਕੀਆਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਸ਼ੱਕੀ ਇੱਕ ਚੋਰੀ ਕੀਤੀ ਗੱਡੀ ਵਿਚ ਫਰਾਰ ਹੋ ਗਏ। ਇਸ ਘਟਨਾ ਤੋਂ ਲਗਭਗ ਤਿੰਨ ਹਫ਼ਤੇ ਬਾਅਦ 12 ਜਨਵਰੀ 2022 ਨੂੰ ਐਲਨਾਜ਼ ਅਗਵਾ ਹੋ ਗਈ। ਪੁਲਿਸ ਮੁਤਾਬਕ ਐਲਨਾਜ਼ ਨੂੰ ਵਸਾਗਾ ਬੀਚ ਦੇ ਉਸ ਮਕਾਨ ‘ਚ ਜ਼ਬਰਦਸਤੀ ਘੜੀਸ ਕੇ ਲਿਜਾਇਆ ਗਿਆ ਜਿਥੇ ਉਹ ਲੁਕੀ ਹੋਈ ਸੀ। ਐਲਨਾਜ਼ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਵਾਲੇ ਸਫੇਦ ਰੰਗ ਦੀ ਲੈਕਸਸ ਐਸ.ਯੂ.ਵੀ. ਵਿਚ ਆਏ ਜਿਨ੍ਹਾਂ ਨੇ ਪੁਲਿਸ ਵਰਦੀ ਨਾਲ ਮਿਲਦੇ ਜੁਲਦੇ ਕੱਪੜੇ ਪਹਿਨੇ ਹੋਏ ਸਨ। ਐਲਨਾਜ਼ ਹਤਾਮੀਰੀ ਦੀ ਉਘ-ਸੁੱਘ ਦੇਣ ਵਾਲੇ ਨੂੰ ਯਾਰਕ ਰੀਜਨਲ ਪੁਲਿਸ ਅਤੇ ਓਨਟਾਰੀਓ ਰੀਜਨਲ ਪੁਲਿਸ ਵੱਲੋਂ ਇਕ ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

Share This Article
Leave a Comment