ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ ਮੰਗਲਵਾਰ ਰਾਤ ਨੂੰ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੱਕੀ ਵਿਅਕਤੀ ਪੂਜਾ ਐਕਸਪ੍ਰੈਸ ਰਾਹੀਂ ਜੰਮੂ ਤੋਂ ਪਠਾਨਕੋਟ ਆ ਰਿਹਾ ਸੀ। ਜੰਮੂ-ਕਸ਼ਮੀਰ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਪਠਾਨਕੋਟ ਰੇਲਵੇ ਪੁਲਿਸ ਨੇ ਸ਼ੱਕੀ ਨੂੰ ਉਤਰਦੇ ਹੀ ਫੜ ਲਿਆ।
ਪਠਾਨਕੋਟ ਰੇਲਵੇ ਪੁਲਿਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਰੇਲਵੇ ਪੁਲਿਸ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਸਟੇਸ਼ਨ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਜਿਵੇਂ ਹੀ ਉਹ ਟ੍ਰੇਨ ਤੋਂ ਉਤਰਿਆ, ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਠੂਆ ਜੀਆਰਪੀ ਦੇ ਹਵਾਲੇ ਕਰ ਦਿੱਤਾ ਗਿਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਰੇਲਵੇ ਪੁਲਿਸ ਨੂੰ ਸ਼ੱਕੀ ਦੀਆਂ ਗਤੀਵਿਧੀਆਂ ‘ਤੇ ਪਹਿਲਾਂ ਹੀ ਸ਼ੱਕ ਸੀ। ਸ਼ੱਕੀ ਦੀ ਪਛਾਣ ਅਤੇ ਉਸਦੇ ਇਰਾਦਿਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਪਠਾਨਕੋਟ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਦੀਆਂ ਸਰਹੱਦਾਂ ‘ਤੇ ਸਥਿਤ ਇੱਕ ਸ਼ਹਿਰ ਹੈ।
ਇਹ ਇਲਾਕਾ ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ ਲਈ ਸੰਵੇਦਨਸ਼ੀਲ ਰਿਹਾ ਹੈ। ਜੰਮੂ-ਕਸ਼ਮੀਰ ਅਤੇ ਪੰਜਾਬ ਸਰਹੱਦ ‘ਤੇ ਹਾਲ ਹੀ ਵਿੱਚ ਸ਼ੱਕੀ ਗਤੀਵਿਧੀਆਂ ਵੇਖੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪਠਾਨਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਓਧਰ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਲੱਗਦੀ ਅੰਤਰਰਾਜੀ ਸਰਹੱਦ ਤੇ ਪੈਂਦੀ ਝੰਗੜ ਚੌਂਕੀ ਤੋਂ ਬੀਐਸਐਫ ਵੱਲੋਂ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ ਬੀਐਸਐਫ ਦੀ 155 ਬਟਾਲੀਅਨ ਵੱਲੋਂ ਇਹ ਸ਼ੱਕੀ ਵਿਅਕਤੀ ਫੜ ਕੇ ਸਦਰ ਥਾਣਾ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਜਿਸ ਦੀ ਪਹਿਚਾਣ ਤਫੀਕ ਖਾਨ ਵਾਸੀ ਬੰਗਲਾਦੇਸ਼ ਹੋਈ ਹੈ।
ਬੀਤੇ ਦਿਨ ਵੀ ਬਠਿੰਡਾ ਪੁਲਿਸ ਨੇ ਆਰਮੀ ਕੈਂਟ ਵਿੱਚ ਟੇਲਰ ਦਾ ਕੰਮ ਕਰਨ ਵਾਲੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਆਦਮੀ ਦਾ ਨਾਮ ਰਕੀਬ ਹੈ ਅਤੇ ਜੋ ਉਤਰਾਖੰਡ ਦੇ ਰੁੜਕੀ ਦਾ ਰਹਿਣ ਵਾਲਾ ਹੈ। ਜਦੋਂ ਬਠਿੰਡਾ ਆਰਮੀ ਕੈਂਟ ਦੇ ਅਧਿਕਾਰੀਆਂ ਨੂੰ ਰਕੀਬ ਦੀਆਂ ਗਤੀਵਿਧੀਆਂ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਰਕੀਬ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਬਠਿੰਡਾ ਕੈਂਟ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਨੇ ਰਕੀਬ ਦਾ ਫ਼ੋਨ ਜ਼ਬਤ ਕਰ ਲਿਆ ਅਤੇ ਇਸਨੂੰ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ। ਪੁਲਿਸ ਨੂੰ ਉਮੀਦ ਹੈ ਕਿ ਉਸਦੇ ਫੋਨ ਤੋਂ ਕੁਝ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਹੁਣ ਦੇਸ਼ ਦੇ ਅੰਦਰੋਂ ਅਜਿਹੀਆਂ ਗਤੀਵੀਧੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇੱਕ ਦਿੱਨ ਪੰਜਾਬ ਤੋਂ 2 ਸ਼ੱਕੀ ਕਾਬੂ ਕੀਤੇ ਗਏ ਜੋ ਆਰਮੀ ਦੀਆਂ ਸਾਰੀਆਂ ਜਾਣਕਾਰੀਆਂ ਪਾਕਿਸਤਾਨ ਤੱਕ ਪਹੁੰਚਾ ਰਹੇ ਸੀ।