ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲਾ : ਕਰਨ ਜੌਹਰ, ਸਲਮਾਨ ਖਾਨ, ਏਕਤਾ ਕਪੂਰ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

TeamGlobalPunjab
2 Min Read

ਮੁੰਬਈ : ਬਾਲੀਵੁੱਡ ਦੇ ਮਸਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਏਕਤਾ ਕਪੂਰ, ਅਦਾਕਾਰ ਸਲਮਾਨ ਖਾਨ ਸਮੇਤ 8 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਪੱਖਪਾਤ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਦਾ ਕਦਮ ਚੁੱਕਣਾ ਪਿਆ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਪਿਛਲੇ ਐਤਵਾਰ ਆਪਣੇ ਮੁੰਬਈ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ‘ਚ ਇਕ ਵਕੀਲ ਸੁਧੀਰ ਕੁਮਾਰ ਓਝਾ ਨੇ ਬਿਹਾਰ ਦੇ ਮੁਜੱਫਰਪੁਰ ਦੀ ਇਕ ਅਦਾਲਤ ‘ਚ ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਸਲਮਾਨ ਖਾਨ ਅਤੇ ਏਕਤਾ ਕਪੂਰ ਸਮੇਤ 8 ਹੋਰਨਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 306, 109, 504 ਅਤੇ 506 ਦੇ ਤਹਿਤ ਕੇਸ ਦਾਇਰ ਕੀਤਾ ਹੈ। ਉੱਥੇ ਹੀ ਸੁਸ਼ਾਤ ਸਿੰਘ ਰਾਜਪੂਤ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਹ ਕਾਫੀ ਲੰਮੇ ਸਮੇਂ ਤੋਂ ਤਣਾਅ ‘ਚੋਂ ਲੰਘ ਰਿਹਾ ਸੀ ਪਰ ਕਈ ਸਿਤਾਰਿਆਂ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ ਗਿਆ ਸੀ।

ਇਨ੍ਹਾਂ ਫਿਲਮੀ ਸਿਤਾਰਿਆਂ ਨੇ ਫਿਲਮ ਇੰਡਸਟਰੀ ‘ਤੇ ਭਾਈ-ਭਤੀਜਾਵਾਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਵੀ ਇਸ ਚੀਜ਼ ਦਾ ਸ਼ਿਕਾਰ ਸੀ। ਅਦਾਕਾਰਾ ਕੰਗਨਾ ਰਨੌਤ ਨੇ ਵੀ ਇੱਕ ਵੀਡੀਓ ਜਾਰੀ ਕਰ ਫਿਲਮ ਇੰਡਸਟਰੀ ‘ਤੇ ਗੰਭੀਰ ਦੋਸ਼ ਲਗਾਏ ਸੀ। ਉਨ੍ਹਾਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਮੌਤ ਖੁਦਕੁਸ਼ੀ ਨਹੀਂ ਕਤਲ ਸੀ। ਉਨ੍ਹਾਂ ਤੋਂ ਇਲਾਵਾ ਰਣਵੀਰ ਸ਼ੋਰੀ, ਅਭਿਨਵ ਸਿੰਘ ਕਸ਼ਯਪ ਸਮੇਤ ਹੋਰ ਸਿਤਾਰਿਆਂ ਨੇ ਵੀ ਫਿਲਮ ਇੰਡਸਟਰੀ ‘ਤੇ ਭਾਈ-ਭਤੀਜਾਵਾਦ ਦਾ ਦੋਸ਼ ਲਗਾਇਆ ਹੈ। ਪਟਨਾ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੀਸ਼ ਨੇ ਫਿਲਮ ਉਦਯੋਗ ‘ਚ ਤਿਆਰ ਹੋ ਰਹੇ ਗੁੱਟਾਂ ਨੂੰ ਖਤਮ ਕਰਨ ਅਤੇ ਸੀ.ਬੀ.ਆਈ. ਜਾਂਚ ਕਰਨ ਦੀ ਮੰਗ ਕੀਤੀ ਹੈ।

ਇਸ ਤੋਂ ਇਲਾਵਾ ਭਾਜਪਾ ਦੇ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਬਾਲੀਵੁੱਡ ਦੇ ਨਿਰਮਾਤਾਵਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਟਵਿੱਟਰ ‘ਤੇ ਆਪਣਾ ਇਕ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਕਿਹਾ, ‘ਪੂਰਵਚਲ ਦੇ ਕਲਾਕਾਰਾਂ ਨੂੰ ਸਰਕਾਰ ‘ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀ ਵੱਖਰੀ ਫਿਲਮ ਇੰਡਸਟਰੀ ਬਣਾਉਣ ਅਤੇ ਜਿਹੜੇ ਨਿਰਮਾਤਾਵਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਦਾ ਬਾਈਕਾਟ ਕੀਤਾ ਸੀ ਉਨ੍ਹਾਂ ਖਿਲਾਫ ਖੁਦਕੁਸ਼ੀ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਜਾਵੇ।

- Advertisement -

Share this Article
Leave a comment