ਸਰੀ : ਕੈਨੇਡਾ ‘ਚ ਪੰਜਾਬੀ ਮੂਲ ਦੇ ਹਰਪ ਢਿੱਲੋਂ ਨੂੰ ‘ਸਰੀ ਹੌਸਪਿਟਲਜ਼ ਫਾਊਂਡੇਸ਼ਨ’ ਦਾ ਨਵਾਂ ਬੋਰਡ ਚੇਅਰ ਥਾਪਿਆ ਗਿਆ ਹੈ। ਪਿਛਲੇ ਹਫ਼ਤੇ ਹੋਈ ਫਾਊਂਡੇਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਬੋਰਡ ਦੇ ਡਾਇਰੈਕਟਰਜ਼ ਨੇ ਢਿੱਲੋਂ ਦੇ ਹੱਕ ਵਿੱਚ ਵੋਟਾਂ ਪਾਈਆਂ, ਜਿਸ ਤੋਂ ਬਾਅਦ ਉਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।
ਹਰਪ ਢਿੱਲੋਂ ਰੋਨ ਨਾਈਟ ਦੀ ਥਾਂ ਇਹ ਅਹੁਦਾ ਸੰਭਾਲਣਗੇ, ਜਿਨਾਂ ਨੇ 2010 ਤੋਂ ਹੁਣ ਤੱਕ 11 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਢਿੱਲੋਂ 2014 ਤੋਂ ਹੁਣ ਤੱਕ ਫਾਊਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਹਨ ਅਤੇ ਪਿਛਲੇ ਸਾਲ ਤੋਂ ਵਾਈਸ ਚੇਅਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਸਰੀ ਹੌਸਪਿਟਲਜ਼ ਫਾਊਂਡੇਸ਼ਨ ਦੇ ਪ੍ਰਧਾਨ ਤੇ ਸੀਈਓ ਜੇਨ ਐਡਮਜ਼ ਨੇ ਕਿਹਾ ਕਿ ਹਰਪ ਢਿੱਲੋਂ ਇਕ ਸੂਝਵਾਨ ਆਗੂ ਤੇ ਵਿੱਤੀ ਮਾਹਰ ਹਨ। ਅਸੀਂ ਉਨਾਂ ਦੀ ਅਗਵਾਈ ਵਿੱਚ ਸਾਡੇ ਫੰਡਰੇਜ਼ਿੰਗ ਯਤਨਾਂ ਵਿੱਚ ਹੋਰ ਵਾਧਾ ਕਰਾਂਗੇ, ਜਿਸ ਨਾਲ ਸਾਡੇ ਸਥਾਨਕ ਭਾਈਚਾਰੇ ਦੇ ਹੈਲਥ ਕੇਅਰ ‘ਤੇ ਚੰਗਾ ਪ੍ਰਭਾਵ ਪਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਹਰਪ ਢਿੱਲੋਂ ਨੇ ਕਿਹਾ ਕਿ ਉਹ ਫਾਊਂਡੇਸ਼ਨ ਅਤੇ ਬੋਰਡ ਦੇ ਡਾਇਰੈਕਟਰਜ਼ ਨਾਲ ਮਿਲ ਕੇ ਕੰਮ ਕਰਨ ਦੇ ਇਛੁੱਕ ਹਨ, ਤਾਂ ਜੋ ਫਾਊਂਡੇਸ਼ਨ ਦੀ ਸਥਾਨਕ ਭਾਈਚਾਰੇ ਨਾਲ ਸਾਂਝ ਹੋਰ ਵਧ ਜਾਵੇ ਤੇ ਫੰਡਰੇਜ਼ਿੰਗ ਦੇ ਨਵੇਂ ਟੀਚੇ ਤੱਕ ਪਹੁੰਚ ਕਾਇਮ ਹੋ ਸਕੇ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਜਾ ਸਕੇ।