ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਜੋੜੇ ਨੇ ਮਦਦ ਦੀ ਗੁਹਾਰ ਲਗਾਈ ਹੈ। ਉਨਾਂ ਦਾ 11 ਮਹੀਨੇ ਦਾ ਬੱਚਾ ਇਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਦੇ ਇਲਾਜ ਲਈ ਉਨਾਂ ਨੂੰ ਲਗਭਗ 3 ਮਿਲੀਅਨ ਡਾਲਰ ਚਾਹੀਦੇ ਹਨ, ਪਰ ਉਨਾਂ ਕੋਲ ਖਬਰ ਲਿਖੇ ਜਾਣ ਤੱਕ ਸਿਰਫ਼ 200,213 ਡਾਲਰ ਹੀ ਇਕੱਠਾ ਹੋਇਆ ਹੈ।
ਦੱਸ ਦੇਈਏ ਕਿ ਗਗਨਪ੍ਰੀਤ ਸਿੰਘ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਸਰੀ ਵਿੱਚ ਰਹਿੰਦੇ ਹਨ ਤੇ ਉਨਾਂ ਦਾ 11 ਮਹੀਨੇ ਦਾ ਬੱਚਾ ਆਰਿਅਨ ਦਿਓਲ ਸਪਾਈਨਲ ਮਸਕਿਉਲਰ ਐਟੂਫ਼ੀ (ਐਸਐਮਏ) ਨਾਮ ਦੀ ਬਿਮਾਰੀ ਨਾਲ ਪੀੜਤ ਹੈ। ਇਸ ਬਿਮਾਰੀ ਨਾਲ ਮਾਸਪੇਸ਼ੀਆਂ ਅਤੇ ਰੀੜ ਦੀ ਹੱਡੀ ਵਿੱਚ ਕਮਜ਼ੋਰੀ ਆ ਜਾਂਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ‘ਤੇ ਇਲਾਜ ਨਾ ਹੋਵੇ ਤਾਂ ਮੌਤ ਤੱਕ ਹੋ ਜਾਂਦੀ ਹੈ।
ਹਰਪ੍ਰੀਤ ਦਿਓਲ ਨੇ ਦੱਸਿਆ ਕਿ ਜਦੋਂ ਆਰਿਅਨ ਦਾ ਜਨਮ ਹੋਇਆ, ਉਸ ਵੇਲੇ ਉਹ ਬਿਲਕੁਲ ਤੰਦਰੁਸਤ ਸੀ। ਜਨਮ ਤੋਂ ਪੰਜ ਮਹੀਨੇ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਉਹ ਆਰਿਅਨ ਨੂੰ ਪਹਿਲਾਂ ਸਰੀ ਮੈਮੋਰੀਅਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੇ ਬੀ.ਸੀ. ਚਿਲਡਰਨਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਆਰਿਅਨ ਨੂੰ ‘ਸਪਾਈਨਲ ਮਸਕਿਉਲਰ ਐਟੂਫ਼ੀ ਬਿਮਾਰੀ ਹੈ, ਜੋ ਪਹਿਲੀ ਸਟੇਜ ਤੇ ਹੈ।
ਡਾਕਟਰਾਂ ਨੇ ਦੱਸਿਆ ਕਿ ਆਰਿਅਨ ਦੇ ਇਲਾਜ ਤੇ ਲਗਭਗ 3 ਮਿਲੀਅਨ ਡਾਲਰ (30 ਲੱਖ ਡਾਲਰ ) ਖਰਚ ਆਵੇਗਾ। ਬੱਚੇ ਦੀ ਗੰਭੀਰ ਬਿਮਾਰੀ ਅਤੇ ਉਸ ਦੇ ਇਲਾਜ ਤੇ ਇੰਨਾ ਖਰਚ ਆਉਣ ਦੀ ਗੱਲ ਸੁਣ ਕੇ ਦਿਓਲ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਆਰਿਅਨ ਦੇ ਪਿਤਾ ਗਗਨਪ੍ਰੀਤ ਸਿੰਘ ਦਿਓਲ ਇੱਕ ਟਰੱਕ ਡਰਾਈਵਰ ਹਨ, ਜੋ ਕਿ ਆਪਣੇ ਬੱਚੇ ਦੇ ਇਲਾਜ਼ ਲਈ ਪੈਸਾ ਇਕੱਠਾ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾ ਨੇ ਪੈਸਾ ਇਕੱਠਾ ਕਰਨ ਲਈ ਗੋਫੰਡਮੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ, ਜਿਸ ਤਹਿਤ ਖਬਰ ਲਿਖੇ ਜਾਣ ਤੱਕ ਉਨਾਂ ਨੂੰ 200,213 ਡਾਲਰ ਇਕੱਠੇ ਹੋਏ ਹਨ। ਪੰਜਾਬੀ ਜੋੜੇ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾ ਦੇ ਬੱਚੇ ਦੀ ਜਾਨ ਬਚ ਜਾਵੇ।
ਆਰਿਅਨ ਦੀ ਉਮਰ ਲਗਭਗ ਇੱਕ ਸਾਲ ਹੋ ਗਈ ਹੈ ਅਤੇ ਦੋ ਸਾਲ ਦੀ ਉਮਰ ਤੋਂ ਪਹਿਲਾਂ ਉਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ। ਇਸ ਤਰਾਂ ਉਨਾਂ ਕੋਲ ਪੈਸਾ ਇਕੱਠਾ ਕਰਨ ਲਈ ਇੱਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ।
ਦਿਓਲ ਪਰਿਵਾਰ ਨੂੰ ਪੂਰਾ ਯਕੀਨ ਹੈ ਕਿ ਭਾਈਚਾਰਾ ਉਨਾਂ ਦੀ ਮਦਦ ਲਈ ਜ਼ਰੂਰ ਅਗੇ ਆਵੇਗਾ ਅਤੇ ਉਨਾਂ ਦਾ ਬੱਚਾ ਮੁੜ ਸਿਹਤਮੰਦ ਹੋ ਜਾਵੇਗਾ।
ਇਸ ਲਿੰਕ ‘ਤੇ ਜਾ ਕੇ ਤੁਸੀ ਵੀ ਕਰ ਸਕਦੇ ਹੋ ਪਰਿਵਾਰ ਦੀ ਮਦਦ: GoFundme