ਸੁਰਜੀਤ ਹਾਕੀ ਅਕੈਡਮੀ ਹੁਣ ਸਿੱਧੀ ਨੈਸ਼ਨਲ ਚੈਂਪੀਅਨਸ਼ਿਪ ’ਚ ਲੈ ਸਕੇਗੀ ਹਿੱਸਾ

TeamGlobalPunjab
1 Min Read

ਜਲੰਧਰ:-  ਹਾਕੀ ਇੰਡੀਆ ਵੱਲੋਂ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਨੂੰ ਮਾਨਤਾ ਦਿੱਤੀ ਗਈ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਹਾਕੀ ਇੰਡੀਆ ਵੱਲੋਂ ਅਕੈਡਮੀ ਦੇ ਕੋਚਿੰਗ ਕੈਂਪ ਤੇ ਸੁਸਾਇਟੀ ਦੇ 37 ਸਾਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਮਾਨਤਾ ਦਿੱਤੀ ਗਈ ਹੈ। ਹਾਕੀ ਇੰਡੀਆ ਵਲੋਂ ਇਹ ਮਾਨਤਾ ਆਪਣੇ ਕਾਰਜਕਾਰੀ ਬੋਰਡ ਦੀ 19 ਜਨਵਰੀ ਨੂੰ ਹੋਈ ਮੀਟਿੰਗ ’ਚ ਦਿੱਤੀ ਗਈ ਹੈ।
ਸੰਧੂ ਅਨੁਸਾਰ ਹਾਕੀ ਇੰਡੀਆ ਦੀ ਇਸ ਮਾਨਤਾ ਨਾਲ ਹੁਣ ਸੁਸਾਇਟੀ ਦੀ ਸੁਰਜੀਤ ਹਾਕੀ ਅਕੈਡਮੀ ਸਿੱਧੀ ਨੈਸ਼ਨਲ ਚੈਂਪੀਅਨਸ਼ਿਪ ’ਚ ਹਿੱਸਾ ਲੈ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਜਲਦੀ ਹੀ ਟਰਾਇਲ ਕਰਕੇ ਸਬ ਜੂਨੀਅਰ ਤੇ ਜੂਨੀਅਰ ਵਰਗ (ਲੜਕੇ ਤੇ ਲੜਕੀਆਂ) ਦੀਆਂ ਟੀਮਾਂ ਤਿਆਰ ਕਰਕੇ ਭਵਿੱਖ ’ਚ ਹੋਣ ਵਾਲੀਆਂ ਨੈਸ਼ਨਲ ਚੈਂਪੀਅਨਸ਼ਿਪ ’ਚ ਭੇਜੀਆਂ ਜਾਣਗੀਆਂ।
ਇਸਤੋਂ ਇਲਾਵਾ ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀਆਰਓ ਸੁਰਿੰਦਰ ਸਿੰਘ ਭਾਪਾ ਨੇ ਕਿਹਾ ਕਿ ਹੁਣ ਖਿਡਾਰੀਆਂ ਨੂੰ ਭਵਿੱਖ ’ਚ ਗ੍ਰੇਡੇਸ਼ਨ, ਵਿਦਿਅਕ ਅਦਾਰਿਆਂ ’ਚ ਦਾਖ਼ਲਾ ਅਤੇ ਨੌਕਰੀਆਂ ਵਿਚ ਸਹੂਲਤ ਹਾਸਲ ਹੋ ਸਕੇਗੀ।

Share this Article
Leave a comment