ਨਵੀਂ ਦਿੱਲੀ : ਕੋਰੋਨਾ ਵਾਇਰਸ ਕਰਕੇ ਸੁਪਰੀਮ ਕੋਰਟ ਵਿੱਚ ਕੁਝ ਮਹੱਤਵਪੂਰਨ ਕੇਸਾਂ ਨੂੰ ਹੀ ਪੰਜ ਬੈਂਚਾਂ ਵੱਲੋਂ ਆਨਲਾਈਨ ਸੁਣਿਆ ਜਾ ਰਿਹਾ ਸੀ। ਲਗਭਗ ਛੇ ਮਹੀਨੇ ਤੋਂ ਬਾਅਦ ਹੁਣ ਸੁਪਰੀਮ ਕੋਰਟ ਵਿੱਚ ਪੂਰੀ ਸਮਰੱਥਾ ਨਾਲ ਕੰਮਕਾਜ ਸ਼ੁਰੂ ਹੋ ਜਾਵੇਗਾ। ਕੋਰੋਨਾ ਤੋਂ ਪਹਿਲਾਂ ਵਾਂਗ ਹੀ ਸਾਰੇ 12 ਬੈਂਚਾਂ ਦੇ ਜੱਜ ਰੈਗੂਲਰ ਤੌਰ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨਗੇ।
ਸੁਪਰੀਮ ਕੋਰਟ ਦੀ ਵੈੱਬਸਾਈਟ ਮੁਤਾਬਕ 12 ਅਕਤੂਬਰ ਤੋਂ ਸਾਰੇ ਦੇ ਸਾਰੇ ਬੈਂਚਾਂ ਵੱਲੋਂ ਕੰਮਕਾਜ ਸ਼ੁਰੂ ਕਰਨ ਨਾਲ ਉਸ ਦੀ ਸੁਣਵਾਈ ਦੀ ਰਫ਼ਤਾਰ ਵਧੇਗੀ ਅਤੇ ਮਾਮਲਿਆਂ ਦਾ ਪਹਿਲਾਂ ਦੇ ਮੁਕਾਬਲੇ ਛੇਤੀ ਨਿਪਟਾਰਾ ਹੋ ਸਕੇਗਾ।
ਨਵੇਂ ਫੈਸਲੇ ਮੁਤਾਬਕ ਅੱਜ ਹੁਣ 2 ਤੋਂ 3 ਜੱਜਾਂ ਦੇ 10 ਬੈਂਚਾਂ ਅਤੇ 2 ਸਿੰਗਲ ਜੱਜਾਂ ਦੇ ਬੈਂਚ ਸੁਣਵਾਈ ਕਰਨਗੇ। ਇਸ ਤੋਂ ਇਲਾਵਾ ਸਿੰਗਲ ਜੱਜ ਦੇ 2 ਬੈਂਚ ਮਾਮਲਿਆਂ ਦੀ ਤਬਦੀਲੀ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਤੇ ਉਨ੍ਹਾਂ ਉੱਤੇ ਫੈਸਲਾ ਕਰਨਗੇ। ਯਾਦ ਰਹੇ ਕਿ ਮਾਰਚ ‘ਚ ਕੋਰੋਨਾ ਕਾਰਨ ਸ਼ੁਰੂ ਹੋਏ ਲਾਕਡਾਊਨ ਵੇਲੇ ਤੋਂ ਸੁਪਰੀਮ ਕੋਰਟ ਨੇ ਸੁਣਵਾਈ ਲਈ ਨਵੇਂ ਮਾਪਦੰਡ ਸ਼ੁਰੂ ਕਰ ਦਿੱਤੇ ਸਨ। ਉਦੋਂ ਤੋਂ ਸਿਰਫ 2 ਤੋਂ 3 ਜੱਜਾਂ ਦੇ ਪੰਜ ਬੈਂਚ ਰੋਜ਼ਾਨਾ ਕਰੀਬ 22 ਮਾਮਲਿਆਂ ਦੀ ਸੁਣਵਾਈ ਕਰਦੇ ਆ ਰਹੇ ਹਨ।