ਨਵੀ ਦਿੱਲੀ : ਭਾਰਤ ਦੀ ਸਰਵਉੱਚ ਅਦਾਲਤ ਯਾਨੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਪਿਛਲੇ ਕਰੀਬ 13 ਸਾਲਾਂ ਤੋਂ ਕੋਮਾ ਵਿੱਚ ਪਏ ਗਾਜ਼ੀਆਬਾਦ ਦੇ ਹਰੀਸ਼ ਰਾਣਾ ਨੂੰ ‘ਪੈਸਿਵ ਯੂਥਨੇਸੀਆ’ (ਇੱਛਾ ਮੌਤ) ਦੇਣ ਦੀ ਮੰਗ ‘ਤੇ ਫੈਸਲਾ ਸੁਣਾਉਂਦੇ ਹੋਏ, ਉਸ ਨੂੰ ਇੱਛਾ ਮੌਤ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਭਾਰਤ ਵਿੱਚ ‘ਪੈਸਿਵ ਯੂਥਨੇਸੀਆ’ ਦਾ ਇਹ ਪਹਿਲਾ ਮਾਮਲਾ ਹੈ।
ਸੁਪਰੀਮ ਕੋਰਟ ਨੇ ਹਰੀਸ਼ ਰਾਣਾ ਨੂੰ ਪੈਸਿਵ ਯੂਥਨੇਸੀਆ ਦੀ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਪ੍ਰਕਿਰਿਆ ਨੂੰ ਸਨਮਾਨ ਨਾਲ ਪੂਰਾ ਕੀਤਾ ਜਾਵੇ। ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹਰੀਸ਼ ਰਾਣਾ ਦੇ ਪਰਿਵਾਰ ਵਾਲਿਆਂ ਨਾਲ ਗੱਲ ਵੀ ਕੀਤੀ ਸੀ। ਸੁਪਰੀਮ ਕੋਰਟ ਦੇ ਜਸਟਿਸ ਪਾਰਦੀਵਾਲਾ ਨੇ ਕਿਹਾ ਸੀ ਕਿ ਇਹ ਬਹੁਤ ਦੁਖਦਾਈ ਰਿਪੋਰਟ ਹੈ। ਇਹ ਸਾਡੇ ਲਈ ਇੱਕ ਮੁਸ਼ਕਲ ਫੈਸਲਾ ਹੈ, ਪਰ ਅਸੀਂ ਇਸ ਲੜਕੇ ਨੂੰ ਇਸ ਤਰ੍ਹਾਂ ਬੇਅੰਤ ਦੁੱਖ ਵਿੱਚ ਨਹੀਂ ਰੱਖ ਸਕਦੇ। ਅਸੀਂ ਉਸ ਪੜਾਅ ‘ਤੇ ਹਾਂ ਜਿੱਥੇ ਅੱਜ ਸਾਨੂੰ ਆਖਰੀ ਫੈਸਲਾ ਲੈਣਾ ਪਵੇਗਾ।
ਹਰੀਸ਼ ਲਾਈਫ ਸਪੋਰਟ ਸਿਸਟਮ ‘ਤੇ ਹਨ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਏਮਜ਼ ਨੂੰ ਨਿਰਦੇਸ਼ ਦਿੱਤੇ ਕਿ ਹਰੀਸ਼ ਨੂੰ ਪੈਲੀਏਟਿਵ ਕੇਅਰ ਵਿੱਚ ਭਰਤੀ ਕੀਤਾ ਜਾਵੇ, ਤਾਂ ਜੋ ਜੀਵਨ-ਰੱਖਿਅਕ ਇਲਾਜ ਨੂੰ ਪੜਾਅਵਾਰ ਤਰੀਕੇ ਨਾਲ ਹਟਾਇਆ ਜਾ ਸਕੇ। ਇਹ ਪ੍ਰਕਿਰਿਆ ਇਸ ਢੰਗ ਨਾਲ ਕੀਤੀ ਜਾਵੇ ਕਿ ਮਰਿਆਦਾ ਗਰਿਮਾ ਬਣੀ ਰਹੇ।
ਦੱਸ ਦਈਏ ਕਿ ਹਰੀਸ਼ ਰਾਣਾ ਦੇ ਮਾਪੇ ਆਪਣੇ ਪੁੱਤਰ ਦੇ ਠੀਕ ਹੋਣ ਦੀ ਉਮੀਦ ਛੱਡ ਚੁੱਕੇ ਹਨ। ਹਰੀਸ਼ 100 ਫੀਸਦੀ ਅਪਾਹਜਤਾ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੇ ਮਾਪਿਆਂ ਨੇ ਹੀ ਅਦਾਲਤ ਤੋਂ ਉਸ ਨੂੰ ਇੱਛਾ ਮੌਤ ਦੇਣ ਦੀ ਮੰਗ ਕੀਤੀ ਹੈ। ਏਮਜ਼ ਦੀ ਰਿਪੋਰਟ ਅਨੁਸਾਰ ਵੀ ਹਰੀਸ਼ ਰਾਣਾ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

