ਪ੍ਰਸ਼ਾਂਤ ਕਿਸ਼ੋਰ ਵੱਲੋਂ ਪਿੱਛੇ ਛੱਡੇ ਜਾਣ ਮਗਰੋਂ ਸੁਨੀਲ ਜਾਖੜ ਤੁਰੰਤ ਕੇਰਲਾ ਪੁੱਜ ਕੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਸੌਂਂਪਣ: ਅਕਾਲੀ ਦਲ

TeamGlobalPunjab
5 Min Read

ਕੱਥੂਨੰਗਲ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਖਿਆ ਕਿ ਉਹ ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ, ਜਿਸਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਸਾਰੀਆਂ ਤਾਕਤਾਂ ਤੇ ਕੰਮ ਖਤਮ ਕਰ ਦਿੱਤੇ ਹਨ, ਵੱਲੋਂ ਪਿੱਛੇ ਛੱਡੇ ਜਾਣ ਮਗਰੋਂ ਤੁਰੰਤ ਕੇਰਲਾ ਲਈ ਰਵਾਨਾ ਹੋਣ ਤੇ ਉਥੇ ਜਾ ਕੇ ਰਾਹੁਲ ਗਾਂਧੀ ਨੁੰ ਆਪਣਾ ਅਸਤੀਫਾ ਸੌਂਪ ਦੇੇਣ।

ਇਥੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਆਪਣੇ ਹਲਕੇ ਦੇ ਅਪਾਹਜ਼ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਅਤਿ ਆਧੁਨਿਕ 20 ਵ੍ਹੀਲ ਚੇਅਰਾਂ ਵੰਡਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਜਲਦ ਹੀ 20 ਹੋਰ ਵ੍ਹੀਲ ਚੇਅਰਾਂ ਜ਼ਰੂਰਤਮੰਦਾਂ ਨੂੰ ਵੰਡੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਸੀਂ ਪੜਾਅਵਾਰ ਹਲਕੇ ਦੇ ਸਾਰੇ ਅਪਾਹਜ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਵ੍ਹੀਲ ਚੇਅਰਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਤੇ ਮੈਂ ਉਹਨਾਂ ਦਾਨੀ ਸੱਜਣਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਮਨੁੱਖਤਾ ਵਾਸਤੇ ਇਹ ਸਹਾਇਤਾ ਪ੍ਰਦਾਨ ਕੀਤੀ ਹੈ।

ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਵੱਲੋਂ ਪਹਿਲੀ ਵਾਰ ਚੁਣੇ ਗਏ 37 ਵਿਧਾਇਕਾਂ ਨਾਲ ਮੀਟਿੰਗ ਦੀ ਗੱਲ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਉਂਕਿ ਪ੍ਰਸ਼ਾਂਤ ਕਿਸ਼ਰ ਨੇ ਸੁਨੀਲ ਜਾਖੜ ਦੀ ਭੂਮਿਕਾ ਹੀ ਖਤਮ ਕਰ ਦਿੱਤੀ ਤਾਂ ਉਹ ਵਿਹਲੇ ਹੋ ਗਏ ਹਨ, ਇਸ ਲਈ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੇ 200 ਲੋਕ ਤਾਇਨਾਤ ਕਰ ਦਿੱਤੇ ਹਨ ਤੇ ਵਿਧਾਇਕਾਂ ਨੂੰ ਸਿੱਧਾ ਉਹਨਾਂ ਨਾਲ ਰਾਬਤਾ ਰੱਖਣ ਵਾਸਤੇ ਆਖਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਵਿਚ ਹੁਣ ਜਾਖੜ ਕੋਲ ਪਾਰਟੀ ਵਿਚ ਅਦਾ ਕਰਨ ਵਾਸਤੇ ਭੂਮਿਕਾ ਹੀ ਨਹੀਂ ਰਹੀ ਤਾਂ ਉਹਨਾਂ ਨੂੰ ਤੁਰੰਤ ਰਾਹੁਲ ਗਾਂਧੀ ਕੋਲ ਪੁੱਜ ਕੇ ਅਸਤੀਫਾ ਦੇਣਾ ਚਾਹੀਦਾ ਹੈ।

ਇਕ ਸਵਾਲ ਦੇ ਜਵਾਬ ਵਿਚ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਪੀ ਕੇ, ਟੀ ਕੇ ਜਾਂ ਜੀ ਕੇ ਵਿਚ ਵਿਸ਼ਵਾਸ ਰੱਖਣ ਪਰ ਉਹ ਇਸ ਸੱਚਾਈ ਤੋਂ ਭੱਜ ਨਹੀਂ ਸਕਦੇ ਕਿ ਉਹਨਾਂ ਪਵਿੱਤਰ ਗੁਟਕਾ ਸਾਹਿਬ ਤੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਝੂਠੀ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਸੱਚਾਈ ਤੋਂ ਵੀ ਕਿਵੇਂ ਭੱਜ ਸਕਦੇ ਹਨ ਕਿ ਉਹਨਾਂ ਨੇ ਨੌਜਵਾਨਾਂ ਤੋਂ ਫਾਰਮ ਭਰਵਾ ਕੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ? ਉਹ ਇਸ ਗੱਲ ਤੋਂ ਵੀ ਕਿਵੇਂ ਇਨਕਾਰ ਕਰ ਸਕਦੇ ਹਨ ਕਿ ਉਹਨਾਂ ਨੇ ਨੌਜਵਾਨਾਂ ਨੁੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਹਰ ਮਹੀਨੇ ਦੇਣ ਅਤੇ ਉਹਨਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ? ਉਹਨਾਂ ਕਿਹਾ ਕਿ ਇਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣਾ ਪਵੇਗਾ ਕਿ ਉਹ 2500 ਰੁਪਏ ਮਹੀਨਾ ਬੁੱਢਾਪਾ ਪੈਨਸ਼ਨ ਅਤੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਨੂੰ 5 ਰੁਪਏ ਬਿਜਲੀ ਦੇਣ ਦੇ ਵਾਅਦੇ ਤੋਂ ਮੁਕਰ ਕਿਉਂ ਗਏ।

- Advertisement -

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸਦਾ ਜਵਾਬ ਵੀ ਦੇਣਾ ਪਵੇਗਾ ਕਿ ਉਹਨਾਂ ਨੇ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨ ਤੋਂ ਇਨਕਾਰ ਕਰ ਕੇ ਕਿਸਾਨਾਂ ਨੂੰ ਹੋਰ ਕਰਜ਼ਈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਵਾਅਦੇ ’ਤੇ ਭਰੋਸਾ ਕਰ ਕੇ ਕਿਸਾਨਾਂ ਨੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਿਸ ਕਾਰਨ ਉਹਨਾਂ ਖਿਲਾਫ ਵਸੂਲੀ ਦੀ ਕਾਰਵਾਈ ਕੀਤੀ ਗਈ ਤੇ 1500 ਤੋਂ ਵਧੇਰੇ ਕਿਸਾਨਾਂ ਨੇ ਹੁਣ ਤੱਕ ਖੁਦਕੁਸ਼ੀ ਕਰ ਲਈ ਹੈ।

ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਨੇ ਲੋਕਾਂ ਨੁੰ ਧੋਖਾ ਦਿੱਤਾ ਹੈ ਤੇ ਇਹ ਉਹਨਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ ਦਾ ਢੁਕਵਾਂ ਮਾਮਲਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਖਿਲਾਫ ਵੀ 120 ਬੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬੀਆਂ ਨੁੰ ਧੋਖਾ ਦੇਣ ਅਤੇ ਗਲਤ ਤਰੀਕੇ ਵੋਟਾਂ ਹਾਸਲ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਹਨਾਂ ਕਿਹਾ ਕਿ ਹੁਣ ਪੀ ਕੇ ਨੁੰ ਮੁੜ ਸੱਦ ਲਿਆ ਗਿਆ ਹੈ ਤਾਂ ਜੋ ਕਿ ਉਹ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਨਵਾਂ ਤਰੀਕੇ ਲੱਭੇ ਪਰ ਪੰਜਾਬੀਆਂ ਨੇ ਉਸਦੀ ਤੇ ਉਸਦੇ ਆਕਾ ਦੀ ਖੇਡ ਸਮਝ ਲਈ ਹੈ ਤੇ ਉਹ ਕਦੇ ਵੀ ਇਹਨਾਂ ’ਤੇ ਵਿਸ਼ਵਾਸ ਨਹੀਂ ਕਰਨਗੇ।

Share this Article
Leave a comment