ਸੁਨੀਲ ਜਾਖੜ ਵਲੋਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ ਕਰਦਿਆਂ ਅਜਿਹੀਆਂ ਸਾਜ਼ਿਸ਼ੀ ਚਾਲਾਂ ਚੱਲਣ ਵਾਲਿਆਂ ਤੋਂ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਤੁਰੰਤ ਇਹ ਪਰਚੇ ਵਾਪਸ ਲੈਣ ਲਈ ਆਖਿਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਇੱਥੋਂ ਜਾਰੀ ਬਿਆਨ ਵਿੱਚ ਆਖਿਆ ਕਿ ਕਿਸਾਨੀ ਸੰਘਰਸ਼ ਆਪਣੇ ਹੱਕਾਂ ਦੀ ਰਾਖੀ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕੁਝ ਦੇਸ਼ ਵਿਰੋਧੀ ਤਾਕਤਾਂ ਵਲੋਂ ਕਿਸਾਨ ਸੰਘਰਸ਼ ਲਈ ਪੈਸੇ ਭੇਜੇ ਜਾਣ ਦੀਆਂ ਖਬਰਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੇ ਪੇਟ ਪਾਲਕ ਕਿਸਾਨ ਕਿਸੇ ਅਜਿਹੀ ਮਦਦ ਲਈ ਸੰਘਰਸ਼ ਨਹੀਂ ਕਰ ਰਹੇ ਸਗੋਂ ਉਹ ਤਾਂ ਮੁਲਕ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਸੁਚੇਤ ਕੀਤਾ ਕਿ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਅਜਿਹੀਆਂ ਤਾਕਤਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਮਨ ਸ਼ਾਂਤੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।

ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਹ ਆਖੇ ਜਾਣ ਦਾ ਵੀ ਸਖ਼ਤ ਨੋਟਿਸ ਲਿਆ ਹੈ ਕਿ ਇਹ ਸਿਰਫ ਪੰਜਾਬ ਦੇ ਕਿਸਾਨ ਹਨ। ਉਨ੍ਹਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਕਿਸਾਨ ਏਕਤਾ ਵਿੱਚ ਪਾੜਾ ਪਾਉਣ ਲਈ ਭਾਜਪਾ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਦਰਜ ਪੁਲਸ ਕੇਸ ਵੀ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਤਾਂ ਹਰਿਆਣਾ ਸਰਕਾਰ ਹੀ ਸੀ ਜਿਸਨੇ ਸ਼ਾਂਤੀ ਨਾਲ ਦਿੱਲੀ ਜਾ ਰਹੇ ਕਿਸਾਨਾਂ ਤੇ ਰਾਹ ਰੋਕ ਕੇ ਉਨ੍ਹਾਂ ਨੂੰ ਤੰਗ ਕੀਤਾ, ਜਦ ਕਿ ਕਿਸਾਨਾਂ ਦਾ ਹਰਿਆਣਾ ਸਰਕਾਰ ਨਾਲ ਤਾਂ ਕੋਈ ਵਿਵਾਦ ਹੀ ਨਹੀਂ ਸੀ, ਸਗੋਂ ਹਰਿਆਣਾ ਦੇ ਆਪਣੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਸੰਘਰਸ਼ ਵਿੱਚ ਸਾਥ ਦੇ ਰਹੇ ਹਨ।

Share this Article
Leave a comment