ਮਹਾਰਾਸ਼ਟਰ: ਸਵਰਗਵਾਸੀ ਅਜੀਤ ਪਵਾਰ ਦੀ ਪਤਨੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ ਆਗੂ ਸੁਨੇਤਰਾ ਪਵਾਰ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਵੇਂ ਉਪ-ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਰਾਜ ਦੀ ਪਹਿਲੀ ਮਹਿਲਾ ਉਪ-ਮੁੱਖ ਮੰਤਰੀ ਹਨ। ਉਨ੍ਹਾਂ ਨੇ ਮੁੰਬਈ ਸਥਿਤ ਮੰਤਰਾਲਾ ਵਿੱਚ ਆਪਣੇ ਦਫ਼ਤਰ ਵਿੱਚ ਉਪ-ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਕੇ ਨਵਾਂ ਕਾਰਜਭਾਰ ਸਾਂਭਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਉਹ ਮੰਤਰੀ ਮੰਡਲ ਦੀ ਬੈਠਕ ਕਰਨਗੇ। ਹਾਲਾਂਕਿ, ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਸੁਨੇਤਰਾ ਨੇ ਪਾਰਟੀ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੁੱਤਰ ਪਾਰਥ ਪਵਾਰ ਅਤੇ ਐਨਸੀਪੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਅਜੀਤ ਪਵਾਰ 28 ਜਨਵਰੀ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪ੍ਰਚਾਰ ਕਰਨ ਲਈ ਬਾਰਾਮਤੀ ਜਾ ਰਹੇ ਸਨ ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਰਨਵੇਅ ‘ਤੇ ਉਤਰਦੇ ਸਮੇਂ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਅਜੀਤ ਪਵਾਰ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਚਾਰ ਹੋਰ ਲੋਕਾਂ ਦੀ ਵੀ ਮੌਤ ਹੋਈ। ਅਜੀਤ ਪਵਾਰ ਦਾ ਸਸਕਾਰ 29 ਜਨਵਰੀ ਨੂੰ ਬਾਰਾਮਤੀ ਦੇ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿੱਚ ਕੀਤਾ ਗਿਆ।
ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਆਬਕਾਰੀ, ਖੇਡ ਅਤੇ ਘੱਟ ਗਿਣਤੀ ਵਿਕਾਸ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਹੁੰ ਚੁੱਕਣ ਤੋਂ ਬਾਅਦ ਸੁਨੇਤਰਾ ਪਵਾਰ ਨੇ ਕਿਹਾ ਸੀ ਕਿ, “ਸਤਿਕਾਰਯੋਗ ਅਜੀਤ ਜੀ ਨੇ ਸਾਨੂੰ ਆਪਣਾ ਪੂਰਾ ਜੀਵਨ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਜਿਊਣ ਦਾ ਮੰਤਰ ਦਿੱਤਾ ਹੈ। ਅੱਜ ‘ਸ਼ਿਵ-ਸ਼ਾਹੂ-ਫੂਲੇ-ਅੰਬੇਡਕਰ’ ਦੇ ਸਿਧਾਂਤਾਂ ਪ੍ਰਤੀ ਅਟੁੱਟ ਸ਼ਰਧਾ ਨਾਲ ਉਨ੍ਹਾਂ ਦੇ ਵਿਚਾਰਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਮੇਰਾ ਦਿਲ ਸੱਚਮੁੱਚ ਖੁਸ਼ੀ ਨਾਲ ਭਰ ਗਿਆ ਹੈ ਕਿਉਂਕਿ ਮੈਂ ਫਰਜ਼ ਦੀ ਭਾਵਨਾ ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸਵੀਕਾਰ ਕਰ ਰਹੀ ਹਾਂ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

