ਕਪੂਰਥਲਾ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਜ਼ਮਾਨਤ ‘ਤੇ ਬਾਹਰ ਆ ਗਏ ਹਨ। ਸੁਖਪਾਲ ਸਿੰਘ ਖਹਿਰਾ ਅੱਜ ਆਪਣੇ ਹਲਕਾ ਭੁਲੱਥ ਵਿਖੇ ਪਹੁੰਚਣਗੇ।
ਸੁਖਪਾਲ ਖਹਿਰਾ ਦੇ ਆਪਣੇ ਹਲਕੇ ਵਿੱਚ ਪਹੁੰਚਣ ‘ਤੇ ਨਡਾਲਾ ਵਿੱਚ ਭਰਵਾਂ ਸਵਾਗਤ ਕਰਨ ਲਈ ਉਨ੍ਹਾਂ ਦੇ ਸਮਰਥਕ ਪਹੁੰਚਣਗੇ।
ਮਨੀ ਲਾਂਡਰਿੰਗ ਅਤੇ ਫੇਕ ਪਾਸਪੋਰਟ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ 11 ਨਵੰਬਰ 2021 ਨੂੰ ਗ੍ਰਿਫ਼ਤਾਰ ਕੀਤਾ ਸੀ। ਸੁਖਪਾਲ ਸਿੰਘ ਖਹਿਰਾ ਪਟਿਆਲਾ ਜੇਲ੍ਹ ਵਿੱਚ ਬੰਦ ਸਨ। ਖਹਿਰਾ ਨੂੰ ਕਾਂਗਰਸ ਨੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਸੁਖਪਾਲ ਖਹਿਰਾ ਨੇ ਨਾਮਜ਼ਦਗੀ ਦਾਖ਼ਲ ਕਰਨ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਪੰਜਾਬ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਬੀਤੇ ਦਿਨ ਸੁਖਪਾਲ ਸਿੰਘ ਖਹਿਰਾ ਪਟਿਆਲਾ ਜੇਲ੍ਹ ਚੋਂ ਬਾਹਰ ਆ ਗਏ ਸਨ ਤੇ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਸੀ। ਚੰਡੀਗਡ਼੍ਹ ਤੋਂ ਅੱਜ ਸੁਖਪਾਲ ਸਿੰਘ ਖਹਿਰਾ ਆਪਣੇ ਹਲਕਾ ਭੁਲੱਥ ‘ਚ ਪਹੁੰਚ ਰਹੇ ਹਨ।