ਸੁਖਪਾਲ ਖਹਿਰਾ ਡੀਜੀਪੀ ਪ੍ਰਬੋਧ ਕੁਮਾਰ ਖਿਲਾਫ ਕਾਰਵਾਈ ਕਰਵਾਉਣ ‘ਤੇ ਤੁਲੇ? ਕੈਪਟਨ ਅਮਰਿੰਦਰ ਸਿੰਘ ਨੂੰ ਲੈ ਲਿਆ ਤਰਕਾਂ ਦੀ ਕੜਿੱਕੀ ‘ਚ, ਹੁਣ ਹੋਊ ਆਰ ਪਾਰ ਦੀ ਲੜਾਈ

TeamGlobalPunjab
2 Min Read

ਚੰਡੀਗੜ੍ਹ : ਜਿਸ ਦਿਨ ਤੋਂ ਬੇਅਦਬੀ ਅਤੇ ਗੋਲੀ ਕਾਂਡ ਕੇਸ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਅਦਾਲਤ ਅੰਦਰ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਹੈ ਉਸ ਦਿਨ ਤੋਂ ਹੀ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸੱਤਾਧਾਰੀਆਂ ‘ਤੇ ਇਲਜ਼ਾਮਾਂ ਦੀ ਝੜੀ ਲੱਗੀ ਹੋਈ ਹੈ। ਹੋਰਨਾਂ ਤੋਂ ਇਲਾਵਾ ਹੁਣ ਕੁਝ ਇਲਜ਼ਾਮ ਲਾਏ ਹਨ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਤਾਂ ਇਹ ਜਤਾ ਰਹੇ ਹਨ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਕੇਂਦਰੀ ਜਾਂਚ ਏਜੰਸੀ ਤੋਂ ਜਾਂਚ ਵਾਪਸ ਲੈ ਲਈ ਗਈ ਸੀ ਤੇ ਇਸ ਉਪਰੰਤ ਸੀਬੀਆਈ ਕੋਲ ਜਾਂਚ ਦਾ ਕੋਈ ਅਧਿਕਾਰ ਵੀ ਨਹੀਂ ਰਹਿ ਜਾਂਦਾ ਪਰ ਦੂਜੇ ਪਾਸੇ ਉਹ ਸੀਬੀਆਈ ਤੋਂ ਜਾਂਚ ਜਾਰੀ ਰਖਾਉਣਾ ਚਾਹੁੰਦੇ ਹਨ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਇਹ ਜਗ ਜ਼ਾਹਿਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਜਿਹੜਾ ਪੱਤਰ ਡੀਜੀਪੀ ਪ੍ਰਬੋਧ ਕੁਮਾਰ ਨੇ ਸੀਬੀਆਈ ਦੇ ਡਾਇਰੈਕਟਰ ਨੂੰ ਜਾਂਚ ਜਾਰੀ ਰੱਖਣ ਲਈ ਲਿਖਿਆ ਸੀ, ਕੀ ਉਹ ਉਨ੍ਹਾਂ ਦੀ ਸਹਿਮਤੀ ਨਾਲ ਲਿਖਿਆ ਗਿਆ ਸੀ? ਖਹਿਰਾ ਨੇ ਸਵਾਲ ਕੀਤਾ ਕਿ ਜੇਕਰ ਨਹੀਂ ਤਾਂ ਕੈਪਟਨ ਦੱਸਣ ਕਿ, ਕੀ ਉਹ ਡੀਜੀਪੀ ਪ੍ਰਬੋਧ ਕੁਮਾਰ ਖਿਲਾਫ ਕੋਈ ਕਾਰਵਾਈ ਕਰਨਗੇ?

Share this Article
Leave a comment