ਪੰਜਾਬ ਵਿੱਚ ਨਾਮਜ਼ਦਗੀਆਂ 14 ਮਈ ਤੱਕ ਭਰੀਆਂ ਜਾਣਗੀਆਂ। ਹਲਾਂਕਿ 11 ਮਈ ਅਤੇ 12 ਮਈ ਦੀ ਛੁੱਟੀ ਹੋਣ ਕਾਰਨ ਕਾਗਜ਼ ਦਾਖਲ ਨਹੀਂ ਕੀਤੇ ਜਾਣਗੇ। ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਅੱਜ ਦੂਸਰਾ ਦਿਨ ਹੈ। ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਡਾ. ਧਰਮਵੀਰ ਗਾਂਧੀ ਆਪੋ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਨਗੇ। ਕਾਂਗਰਸ ਨੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਚੁੱਕੇ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਹੋਇਆ ਹੈ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਪਹਿਲੇ ਦਿਨ 13 ਉਮੀਦਵਾਰਾਂ ਨੇ 15 ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿੱਚੋਂ ਇੱਕ ਉਮੀਦਵਾਰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਵੀ ਕੇਸ ਦਰਜ ਹੈ ਜਦਕਿ ਦੂਜੇ ਉਮੀਦਵਾਰ ਖ਼ਿਲਾਫ਼ ਦੋ ਕੇਸ ਦਰਜ ਹਨ।
ਹੁਣ ਤੱਕ ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਤੋਂ ਇੱਕ ਵੀ ਨਾਮਜ਼ਦਗੀ ਦਾਖਲ ਨਹੀਂ ਹੋਈ ਹੈ। ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਫਰੀਦਕੋਟ ਅਤੇ ਸੰਗਰੂਰ ਤੋਂ ਇਕ-ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਸਭ ਤੋਂ ਵੱਧ 5 ਨਾਮਜ਼ਦਗੀਆਂ ਫ਼ਿਰੋਜ਼ਪੁਰ ਤੋਂ ਦਾਖ਼ਲ ਹੋਈਆਂ ਹਨ। ਜਿੱਥੇ 2 ਉਮੀਦਵਾਰਾਂ ਨੇ 2-2 ਨਾਮਜ਼ਦਗੀ ਪੱਤਰ ਭਰੇ ਹਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਾਂਝੀ ਕੀਤੀ ਗਈ।