ਅਕਾਲੀਆਂ ਨੂੰ ਅੰਦਰ ਕਰਨਾ ਹੀ ਸੁਖਜਿੰਦਰ ਰੰਧਾਵਾ ਦਾ ਮਕਸਦ: ਬਾਦਲ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਅਹੁਦੇ ਦੀ ਕਦਰ ਬਹਾਲ ਕਰਨ।

ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਸਹੀ ਮੁੱਲ ਦੇਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਸਭ ਅੱਛਾ ਨਹੀਂ ਕਿਉਂਕਿ ਚਰਨਜੀਤ ਸਿੰਘ ਚੰਨੀ’ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਹਦਾਇਤਾਂ ਮੁਤਾਬਕ ਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਤਾਂ ਇੱਕੋ ਹੀ ਮਕਸਦ ਹੈ ਕਿ ਅਕਾਲੀ ਆਗੂਆਂ ਨੂੰ ਅੰਦਰ ਕਿਵੇਂ ਦਿੱਤਾ ਜਾਵੇ। ਜਿਸ ਕਾਰਨ ਉਸ ਨੂੰ ਡਰ ਹੈ ਕਿ ਪੰਜਾਬ ਵਿੱਚ ਵਿਕਾਸ ਕਰਨ ਦੀ ਥਾਂ ਕਿਤੇ ਮੌਜੂਦਾ ਕਾਂਗਰਸ ਸਰਕਾਰ ਮਾਹੌਲ ਹੀ ਖਰਾਬ ਨਾ ਕਰ ਦੇਵੇ।

ਬੇਅਦਬੀ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲੇ ‘ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਜਿਹੜਾ ਵੀ ਦੋਸ਼ੀ ਹੈ ਉਸ ਨੂੰ ਅੰਦਰ ਕਰ ਦੇਣਾ ਚਾਹੀਦਾ ਹੈ। ਬੇਅਦਬੀ ਮਾਮੂਲੀ ਉੱਤੇ ਸਿਆਸਤ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਜੋ ਮਾੜਾ ਹਾਲ ਹੋਇਆ ਹੈ ਉਹ ਸਭ ਦੇ ਸਾਹਮਣੇ ਹੈ।

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਹੁਣ ਮੰਤਰੀ ਕਿਹੜੇ ਲਗਾਏ ਜਾਣੇ ਹਨ ਇਸ ਬਾਰੇ ਗਾਂਧੀ ਪਰਿਵਾਰ ਤੋਂ ਚਰਨਜੀਤ ਸਿੰਘ ਚੰਨੀ ਹੱਥ ਜੋੜ ਕੇ ਆਦੇਸ਼ ਹਾਸਿਲ ਕਰ ਰਹੇ ਹਨ ਜਦਕਿ ਸਰਕਾਰ ਪੰਜਾਬ ਵਿੱਚ ਚੱਲਣੀ ਹੈ ਅਤੇ ਇਹ ਫ਼ੈਸਲਾ ਪੰਜਾਬ ਦੇ ਆਗੂ ਖੁਦ ਕਰਨ ਕਿ ਮੰਤਰੀ ਕਿਹੜੇ- ਕਿਹੜੇ ਲਗਾਏ ਜਾਣੇ ਹਨ।

ਐਕਸਪੈ੍ਸ -ਵੇ ਵਾਸਤੇ ਕਿਸਾਨਾਂ ਦੀਆਂ ਘੱਟ ਕੀਮਤਾਂ ‘ਤੇ ਉਪਰ ਅਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ ਦਾ ਸਹੀ ਮੁੱਲ ਦਿਵਾਉਣ ਵਾਸਤੇ ਅਕਾਲੀ ਦਲ ਲਗਾਤਾਰ ਸੰਘਰਸ਼ ਕਰੇਗਾ।

Share This Article
Leave a Comment