ਸੁਖਜਿੰਦਰ ਰੰਧਾਵਾ ਪਹਿਲੇ ਸਿੱਖ ਗੁਰੂ ਪ੍ਰਤੀ ਬੇਅਦਬੀ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ  ਭੁੱਲ ਬਖਸ਼ਾਉਣ : ਯੂਥ ਅਕਾਲੀ ਦਲ

TeamGlobalPunjab
2 Min Read

ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਬੰਸ ਸਿੰਘ ਰੋਮਾਣਾ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਆ ਕਿ  ਉਹ ਗੁਰੂ ਨਾਨਕ ਦੇਵ ਜੀ ਬਾਰੇ ਬੇਹੱਦ ਇਤਰਾਜ਼ਯੋਗ ਤੇ ਅਪਮਾਨਜਨਕ ਟਿੱਪਣੀਆਂ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਜੋ ਅਨੁਪਮ ਖੇਰ ਨੇ ਕਿਹਾ,  ਅਸੀਂ ਉਸਦੀ ਨਿਖੇਧੀ ਕਰਦੇ ਹਾਂ ਤੇ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣ। ਉਹਨਾਂ ਕਿਹਾ ਕਿ ਇਸ ਬਾਰੇ ਕੋਈ ਹੋਰ ਰਾਹ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਹੀ ਪੈਮਾਨਾ ਸੁਖਜਿੰਦਰ ਰੰਧਾਵਾ ‘ਤੇ ਵੀ ਲਾਗੂ ਹੁੰਦਾ ਹੈ ਜਿਹਨਾਂ ਨੇ ਇਹ ਮੁੱਦਾ ਚੁੱਕਿਆ ਪਰ ਇਕ ਸਿੱਖ ਹੋਣ ਕਾਰਨ ਉਹਨਾਂ ਦਾ ਜ਼ੁਰਮ ਜ਼ਿਆਦਾ ਵੱਡਾ ਹੈ। ਉਹਨਾਂ ਕਿਹਾ ਕਿ ਰੰਧਾਵਾ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਉਹਨਾਂ ਕਿਹਾ ਕਿ ਸਬੂਤ ਜਨਤਾ ਦੇ ਸਾਹਮਣੇ ਹੈ ਤੇ ਹਾਲੇ ਤੱਕ ਉਹਨਾਂ ਨੇ ਆਪਣੀ ਬਜ਼ਰ ਗਲਤੀ ਲਈ ਮੁਆਫੀ ਨਹੀਂ ਮੰਗੀ।

ਉਹਨਾਂ ਕਿਹਾ ਕਿ ਅਸੀਂ ਰੰਧਾਵਾ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਤੌਰ ਤਰੀਕੇ ਸੁਧਾਰਨ ਅਤੇ ਖੁਦ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣ ਨਹੀਂ ਤਾਂ ਅਸੀਂ ਜਨਤਕ ਤੌਰ ‘ਤੇ ਉਹਨਾਂ ਨੂੰ ਟਕਰਾਂਗੇ ਤੇ ਉਹਨਾਂ ਨੂੰ ਆਪਣੇ ਤੌਰ ਤਰੀਕੇ ਸੁਧਾਰਨ ਲਈ ਮਜਬੂਰ ਕਰ ਦਿਆਂਗੇ।

ਰੋਮਾਣਾ ਨੇ ਕਿਹਾ ਕਿ ਰੰਧਾਵਾ ਨੇ ਸਿੱਖੀ ਦੇ ਸੰਸਥਾਪਕ ਦਾ ਮਖੌਲ ਉਡਾ ਕੇ ਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਤੇ ਉਹਨਾਂ ਖਿਲਾਫ ਇਸ ਅਪਰਾਧ ਲਈ ਧਾਰਾ 295 ਏ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਇਹ ਮਾਮਲਾ ਪੁਲਿਸ ਅਧਿਕਾਰੀਆਂ ਕੋਲ ਉਠਾਏਗਾ ਤੇ ਇਹ ਯਕੀਨੀ ਬਣਾਏਗਾ ਕਿ ਰੰਧਾਵਾ ਖਿਲਾਫ ਕੇਸ ਦਰਜ ਹੋਵੇ ਤੇ ਉਹਨਾਂ ਕੀਤੇ ਗੁਨਾਹਾਂ ਦੀ ਸਜ਼ਾ ਮਿਲੇ।

- Advertisement -

Share this Article
Leave a comment