ਕਿਸਾਨੀ ਦੇ ਸਹਾਇਕ ਧੰਦੇ ਦਾ ਉਜਾੜਾ! ਰਾਜਵੀਰ ਮੱਛੀ ਪਾਲਕ ਦੀ ਜ਼ੁਬਾਨੀ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਖੇਤੀ ਧੰਦੇ ਨਾਲ ਜੁੜੇ ਲੱਖਾਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਹੁਤ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਖੇਤੀ ਖੇਤਰ ਨਾਲ ਜੁੜੇ ਲੱਖਾਂ ਪਰਿਵਾਰਾਂ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਰੋਜੀ ਰੋਟੀ ਕਿਵੇਂ ਚਲਾਉਣਗੇ? ਕੇਂਦਰ ਅਤੇ ਰਾਜ ਸਰਕਾਰਾਂ ਦੇ ਇਨ੍ਹਾਂ ਦੀ ਮਦਦ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਜ਼ਮੀਨੀ ਹਕੀਕਤਾਂ ਪੋਲ ਖੋਲਦੀਆਂ ਹਨ। ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਨਾਲ ਕਿਸਾਨ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਬਣਿਆ ਹੋਇਆ ਹੈ ਅਤੇ ਉਸ ਨੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕੀਤੇ ਹੋਏ ਹਨ। ਪੰਜਾਬ ਵਿੱਚ ਫੁੱਲਾਂ ਦੀ ਖੇਤੀ, ਸਬਜ਼ੀਆਂ, ਦੁੱਧ, ਸ਼ਹਿਦ, ਮੱਛੀ ਪਾਲਣ ਅਤੇ ਮੁਰਗੀ ਪਾਲਣ ਸਮੇਤ ਕਈ ਸਹਾਇਕ ਧੰਦੇ ਹਨ। ਕੋਰੋਨਾਵਾਇਰਸ ਦੀ ਦਹਿਸ਼ਤ ਅਤੇ ਲਾਕਡਾਊਨ ਕਰਕੇ ਬਣੀ ਸਥਿਤੀ ਨੇ ਇਸ ਤਰ੍ਹਾਂ ਦੇ ਸਹਾਇਕ ਧੰਦੇ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹੇ ਕਰ ਦਿੱਤੇ। ਇਸ ਵੱਡੇ ਸੰਕਟ ਵਿੱਚੋਂ ਨਿਕਲਣ ਲਈ ਸਰਕਾਰ ਵੀ ਇਨ੍ਹਾਂ ਦੀ ਬਾਂਹ ਫੜ੍ਹਨ ਲਈ ਤਿਆਰ ਨਹੀਂ।

             ਖੇਤੀ ਨਾਲ ਜੁੜੇ ਸਹਾਇਕ ਧੰਦੇ ਕਿਵੇਂ ਉਜੜਨ ਦੇ ਕਿਨਾਰੇ ‘ਤੇ ਪੁੱਜ ਗਏ ਹਨ? ਇਸ ਦੀ ਇੱਕ ਮਿਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਨੌਜਵਾਨ ਅਗਾਂਹਵਧੂ ਮੱਛੀ ਪਾਲਕ ਕਿਸਾਨ ਰਾਜਵੀਰ ਸਿੰਘ ਸਿੱਧੂ ਦੀ ਹੈ। ਰਾਜਵੀਰ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਦਾ ਸਹਾਇਕ ਧੰਦਾ ਕਰਦਾ ਹੈ। ਉਹ ਪਿੰਡਾਂ ਦੀਆਂ ਪੰਚਾਇਤਾਂ ਤੋਂ 25 ਦੇ ਲਗਭਗ ਛੱਪੜ ਠੇਕੇ ‘ਤੇ ਲੈ ਕੇ ਮੱਛੀ ਪਾਉਂਦਾ ਹੈ। ਉਸ ਦੀ ਟੀਮ ਵਿੱਚ ਤਿੰਨ ਦਰਜਨਾਂ ਦੇ ਕਰੀਬ ਪਿੰਡਾਂ ਦੇ ਮੁੰਡੇ ਕੰਮ ਕਰਦੇ ਹਨ। ਉਸ ਨੇ ਆਪਣੇ ਖੇਤ ਅੰਦਰ ਹੀ ਮੱਛੀਆਂ ਦਾ ਬੀਜ ਤਿਆਰ ਕਰਨ ਲਈ ਛੱਪੜ ਬਣਾਇਆ ਹੋਇਆ ਹੈ। ਜਦੋਂ ਮੌਜੂਦਾ ਪ੍ਰਸਥਿਤੀਆਂ ਵਿੱਚ ਰਾਜਵੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੀ ਅਵਾਜ਼ ‘ਚ ਉਦਾਸੀਨਤਾ ਸੀ। ਉਸ ਦਾ ਕਹਿਣਾ ਹੈ ਕਿ ਉਹ ਸੋਚ ਰਿਹਾ ਹੈ ਕਿ ਮੱਛੀ ਪਾਲਣ ਦੇ ਧੰਦੇ ਨੂੰ ਭਵਿੱਖ ‘ਚ ਬੰਦ ਕਰ ਦੇਵੇ ਜਾਂ ਘਟਾ ਲਏ। ਉਸ ਦਾ ਕਹਿਣਾ ਹੈ ਕਿ ਉਸ ਦਾ ਮਨ ਟੁੱਟ ਗਿਆ ਹੈ। ਉਸ ਨਾਲ ਕੰਮ ਕਰਦੇ 25 ਪੇਂਡੂ ਮੁੰਡਿਆਂ ਨੂੰ ਤਨਖਾਹ ਕਿੱਥੋਂ ਦੇਵੇ? ਉਹ ਕਈ ਦਿਨ ਤੋਂ ਆਪਣੇ ਖੇਤ ਦੇ ਫਾਰਮ ਹਾਊਸ ਵਿੱਚ ਕੁੰਡੀ ਮਾਰ ਕੇ ਬੈਠਾ ਹੈ। ਉਸ ਵਰਗੇ ਪੰਜਾਬ ਵਿੱਚ 100 ਕਿਸਾਨ ਹਨ ਜਿਹੜੇ ਕਿ ਮੱਛੀ ਪਾਲਣ ਦਾ ਕੰਮ ਕਰਦੇ ਹਨ। ਉਨ੍ਹਾਂ ਨਾਲ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ। ਉਹ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਹਨ ਕਿ ਕੀ ਬਣੇਗਾ? ਕਿਸੇ ਕੋਲ ਕੋਈ ਜੁਆਬ ਨਹੀਂ। ਉਨ੍ਹਾਂ ਨੇ ਲਾਕਡਾਊਨ ਤੋਂ ਕੁਝ ਦਿਨ ਪਹਿਲਾਂ ਛੱਪੜਾਂ ਦੀ ਬੋਲੀ ਦੀ ਫੀਸ ਵੀ ਭਰੀ ਹੈ। ਖਾਸ ਤੌਰ ‘ਤੇ ਮੁਕਤਸਰ ਅਤੇ ਅਬੋਹਰ ਦੇ ਖਾਰੇ ਪਾਣੀ ਵਾਲੇ ਇਲਾਕੇ ਦੇ ਬਹੁਤ ਕਿਸਾਨਾਂ ਨੇ ਮੱਛੀ ਪਾਲਣ ਦਾ ਕੰਮ ਸ਼ੁਰੂ ਕਰ ਰੱਖਿਆ ਹੈ। ਖਾਰੇ ਪਾਣੀ ਅੰਦਰ ਝੀਗਾਂ ਕਿਸਮ ਦੀ ਮੱਛੀ ਬਹੁਤ ਹੁੰਦੀ ਹੈ। ਇਨ੍ਹਾਂ ਦਿਨਾਂ ਅੰਦਰ ਉਨ੍ਹਾਂ ਨੇ ਮੱਛੀ ਦਾ ਸੀਡ ਛੱਪੜਾਂ ਵਿੱਚ ਪਾਉਣਾ ਸੀ। ਕਰਫਿਊ ਕਰਕੇ ਗੱਡੀਆਂ/ਟਰੈਕਟਰ ਸਭ ਕੁਝ ਬੰਦ ਹੈ। ਉਹ ਕਲਕੱਤਾ ਤੋਂ ਮੱਛੀ ਦਾ ਸੀਡ ਮੰਗਵਾਉਂਦੇ ਸਨ। ਰੇਲ ਗੱਡੀਆਂ ਤੇ ਹਵਾਈ ਉਡਾਣਾਂ ਬੰਦ ਹੋਣ ਕਾਰਨ ਸੀਡ ਲਿਆਉਣ ਦਾ ਕੋਈ ਸਾਧਨ ਨਹੀਂ ਹੈ। ਲੁਧਿਆਣਾ ਵਿਖੇ ਸਰਕਾਰ ਨੇ  ਤਾਜਪੁਰ ਬਹੁਤ ਵੱਡੀ ਮੱਛੀ ਮਾਰਕੀਟ ਬਣਾਈ ਹੈ। ਉਸ ਮਾਰਕੀਟ ਵਿੱਚ ਰੋਜ਼ਾਨਾ 100 ਗੱਡੀ ਆਉਂਦੀ ਸੀ ਪਰ ਹੁਣ ਖਾਲੀ ਪਈ ਹੈ। ਸਰਕਾਰ ਮੀਡੀਆ ਵਿੱਚ ਕਿਸਾਨਾਂ ਦੀ ਮਦਦ ਲਈ ਬਹੁਤ ਵੱਡੇ ਬਿਆਨ ਦੇ ਰਹੀ ਹੈ ਪਰ ਸਰਕਾਰ ਨੇ ਅਮਲੀ ਤੌਰ ‘ਤੇ ਉਨ੍ਹਾਂ ਦੀ ਮਦਦ ਲਈ ਕੁਝ ਨਹੀਂ ਕੀਤਾ। ਰਾਜਵੀਰ ਨੇ ਦੁਖੀ ਮਨ ਨਾਲ ਕਿਹਾ ਕਿ ਇਸ ਤੋਂ ਪਹਿਲਾਂ ਗਰਮੀਆਂ ਵਿੱਚ ਵਧੇਰੇ ਬਾਰਸ਼ਾਂ ਹੋਣ ਕਾਰਨ ਜ਼ਹਿਰੀਲੇ ਪਾਣੀ ਨਾਲ ਛੱਪੜ ਭਰ ਗਏ ਅਤੇ ਮੱਛੀਆਂ ਮਰ ਗਈਆਂ। ਉਸ ਨੂੰ ਗਰਮੀ ਦੀ ਇੱਕ ਰੁੱਤ ਵਿੱਚ ਹੀ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਸਰਕਾਰ ਨੇ ਇੱਕ ਫੁੱਟੀ ਕੌਡੀ ਮੁਆਵਜ਼ੇ ਦੇ ਰੂਪ ਵਿੱਚ ਨਹੀਂ ਦਿੱਤੀ ਜਦੋਂ ਕਿ ਸਰਵੇ ਕਰਵਾ ਕੇ ਸਰਕਾਰ ਨੇ ਆਪਣੇ ਕੋਲ ਰੱਖੇ ਹੋਏ ਹਨ। ਹੁਣ ਦੂਹਰੀ ਮਾਰ ਪੈ ਗਈ ਹੈ। ਇਸ ਸਥਿਤੀ ਵਿੱਚ ਕਿਵੇਂ ਕੋਈ ਸਹਾਇਕ ਧੰਦਾ ਜਾਰੀ ਰੱਖ ਸਕਦਾ ਹੈ? ਰਾਜਵੀਰ ਵਰਗੇ ਸੈਂਕੜੇ ਕਿਸਾਨਾਂ ਦੀ ਅਵਾਜ਼ ਉਨ੍ਹਾਂ ਮੰਤਰੀਆਂ/ਮੁੱਖ ਮੰਤਰੀ ਦੇ ਕੰਨਾਂ ਵਿੱਚ ਪਤਾ ਨਹੀਂ ਕਿਉਂ ਨਹੀਂ ਪਹੁੰਚਦੀ ਜਿਹੜੇ ਪੋਚਵੀਆਂ ਪੱਗਾਂ ਬੰਨ ਕੇ ਟੀਵੀ ਚੈਨਲਾਂ ‘ਤੇ ਗਿਣ ਮਿੱਥੇ ਪ੍ਰੋਗਰਾਮਾਂ ਅਧੀਨ ਕਿਸਾਨ/ਮਜ਼ਦੂਰਾਂ ਅਤੇ ਪੇਂਡੂਆਂ ਦੀ ਬੇਹਤਰੀ ਲਈ ਚੁੱਕੇ ਕਦਮਾਂ ਦੇ ਸੋਹਲੇ ਦੁਨੀਆ ਨੂੰ ਸੁਣਾਉਂਦੇ ਹਨ। ਪੰਜਾਬ ਵਿੱਚ ਇਹ ਸਥਿਤੀ ਇੱਕ ਮੱਛੀ ਪਾਲਕ ਰਾਜਵੀਰ ਦੀ ਨਹੀਂ ਸਗੋਂ ਹਜ਼ਾਰਾਂ ਰਾਜਵੀਰ ਇਸ ਵੇਲੇ ਦਰਿਆ ਵਿੱਚ ਡੁੱਬ ਰਹੇ ਆਦਮੀ ਵਾਂਗ ਰੁੜੀ ਜਾਂਦੀ ਕਿਸੇ ਟਾਹਣੀ ਨੂੰ ਦਰੱਖਤ ਸਮਝ ਕੇ ਜੱਫਾ ਮਾਰ ਕੇ ਪਾਰ ਲੱਗਣ ਲਈ ਹੱਥ ਪੈਰ ਮਾਰ ਰਹੇ ਹਨ। ਇੱਕ ਮੁਰਗੀ ਪਾਲਕ ਕਿਸਾਨ ਨੇ ਆਪਣਾ ਨਾਂ ਗੁਪਤ ਰੱਖਣ ਦੇ ਇਰਾਦੇ ਨਾਲ ਦੱਸਿਆ ਕਿ ਉਸ ਦੇ ਕੰਮ ਦੀ ਐਨੀ ਬੇਕਦਰੀ ਹੋ ਗਈ ਹੈ ਕਿ ਉਸ ਨੇ ਸਰਕਾਰ ਕੋਲੋਂ ਮੁਰਗਿਆਂ ਨੂੰ ਜਿਉਂਦੇ ਟੋਆ ਪੁੱਟ ਕੇ ਦੱਬਣ ਦੀ ਇਜਾਜ਼ਤ ਮੰਗੀ ਹੈ?

             ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਮੌਜੂਦਾ ਪ੍ਰਸਥਿਤੀਆਂ ਵਿੱਚ ਕਿਸਾਨੀ ਦੇ ਸਹਾਇਕ ਧੰਦੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਕਰਫਿਊ ਵਿੱਚ ਦੁੱਧ ਦੀਆਂ ਕੀਮਤਾਂ ਘੱਟ ਗਈਆਂ ਹਨ। ਮਿਲਕਫੈੱਡ ਨੇ 2 ਰੁਪਏ ਫੈਟ ਦੇ ਹਿਸਾਬ ਨਾਲ ਕਿਸਾਨਾਂ ਤੋਂ ਲਏ ਜਾ ਰਹੇ ਦੁੱਧ ਦੀ ਕੀਮਤ ਘਟਾ ਦਿੱਤੀ ਹੈ। ਪ੍ਰਾਈਵੇਟ ਡੇਅਰੀਆਂ ਨੇ 20 ਰੁਪਏ ਕੀਮਤ ਘਟਾ ਦਿੱਤੀ ਹੈ। ਪਿੰਡਾਂ ਵਿੱਚ ਦੁੱਧ ਚੁੱਕਿਆ ਨਹੀਂ ਜਾ ਰਿਹਾ। ਸਹਾਇਕ ਧੰਦਿਆਂ ਦਾ ਕਰੋੜਾਂ ਰੁਪਏ ਦਾ ਕਿਸਾਨ ਦਾ ਧੰਦਾ ਡੁੱਬ ਗਿਆ ਹੈ। ਇਸੇ ਤਰ੍ਹਾਂ ਕਿਸਾਨ ਦੀ ਸਬਜ਼ੀ ਵੀ ਰੁਲ ਰਹੀ ਹੈ ਪਰ ਗਾਹਕਾਂ ਨੂੰ ਮਹਿੰਗੇ ਭਾਅ ਸਬਜ਼ੀ ਮਿਲ ਰਹੀ ਹੈ। ਉਨ੍ਹਾਂ ਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਹੈ ਕਿ ਕੇਂਦਰ ਸਰਕਾਰ ਘੱਟੋ-ਘੱਟ ਸਹਾਇਕ ਕੀਮਤ ‘ਤੇ ਕਣਕ ਝੋਨਾ ਅਤੇ ਹੋਰ ਫਸਲਾਂ ਵੀ ਖਰੀਦ ਘਟਾਉਣ ਬਾਰੇ ਸੋਚ ਰਹੀ ਹੈ ਜੋ ਕਿ ਪੰਜਾਬ ਦੇ ਕਿਸਾਨ ਲਈ ਬਹੁਤ ਮਾਰੂ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਜੇਕਰ ਕਿਸਾਨ ਪਹਿਲੇ ਇੱਕ ਮਹੀਨੇ ਵਿੱਚ ਕਣਕ ਮੰਡੀਆਂ ਵਿੱਚ ਲੈ ਕੇ ਆਏਗਾ ਤਾਂ ਉਸ ਨੂੰ ਪੂਰੀ ਕੀਮਤ 1925 ਰੁਪਏ ਪ੍ਰਤੀ ਕੁਇੰਟਲ ਕਣਕ ਵਾਸਤੇ ਮਿਲਣਗੇ। ਉਸ ਤੋਂ ਬਾਅਦ ਲਿਆਉਣ ਵਾਲੇ ਕਿਸਾਨ ਨੂੰ 50 ਰੁਪਏ ਪ੍ਰਤੀ ਕੁਇੰਟਲ ਵਾਧੂ ਮਿਲਣਗੇ। ਉਸ ਤੋਂ ਬਾਅਦ ਕਣਕ ਲਿਆਉਣ ਵਾਲੇ ਕਿਸਾਨ ਨੂੰ ਪ੍ਰਤੀ ਕੁਇੰਟਲ 100 ਰੁਪਏ ਵਾਧੂ ਮਿਲਣਗੇ। ਕਿਸਾਨ ਨੇਤਾ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਘੱਟੋ-ਘੱਟ ਕੀਮਤ ਤੋਂ ਭੱਜਣ ਦਾ ਤਰੀਕਾ ਹੈ। ਕਿਸਾਨ ਨੂੰ ਇਸ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। ਜੇਕਰ ਬਾਅਦ ਵਿੱਚ ਸਰਕਾਰ ਨੇ ਕਣਕ ਨਾ ਖਰੀਦੀ ਤਾਂ ਕਿਸਾਨ ਵਪਾਰੀਆਂ ਦੇ ਰਹਿਮੋ ਕਰਮ ‘ਤੇ ਰਹਿ ਜਾਵੇਗਾ।

- Advertisement -

ਸੰਪਰਕ : 9814002186


Share this Article
Leave a comment