ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

Global Team
2 Min Read

ਚੰਡੀਗੜ੍ਹ: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਬਿਹਤਰ ਸੰਚਾਲਨ ਅਤੇ ਰੋਜਮਰਾ ਗਤੀਵਿਧੀਆਂ ਨੂੰ ਮਜ਼ਬੂਤ ​​ਅਤੇ ਗਤੀਸ਼ੀਲ ​​ਕਰਨ ਦੇ ਉਦੇਸ਼ ਨਾਲ ਦੇਸ਼ ਦੀ ਇਸ ਸਭ ਤੋਂ ਪੁਰਾਣੀ ਰਜਿਸਟਰਡ ਕੌਮੀ ਗੱਤਕਾ ਸੰਸਥਾ ਵਿੱਚ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਹਨ। ਐਸੋਸੀਏਸ਼ਨ ਦੇ ਮੌਜੂਦਾ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ (ਹਰਿਆਣਾ) ਨੂੰ ਕਾਰਜਕਾਰੀ ਪ੍ਰਧਾਨ ਦੇ ਮਾਣਮੱਤੇ ਆਹੁਦੇ ਨਾਲ ਨਿਵਾਜਿਆ ਗਿਆ ਹੈ। ਐੱਨ.ਜੀ.ਏ.ਆਈ. ਦੇ ਸੰਯੁਕਤ ਸਕੱਤਰ ਇੰਦਰਜੋਧ ਸਿੰਘ ਅਤੇ ਰਾਸ਼ਟਰੀ ਕੋਆਰਡੀਨੇਟਰ ਸਿਮਰਨਜੀਤ ਸਿੰਘ ਨੂੰ ਕ੍ਰਮਵਾਰ ਉਪ ਪ੍ਰਧਾਨ ਅਤੇ ਕਾਰਜਕਾਰੀ ਸਕੱਤਰ ਵਜੋਂ ਪਦਉਨਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐੱਨ.ਜੀ.ਏ.ਆਈ. ਦੇ ਕਾਰਜਕਾਰਨੀ ਮੈਂਬਰ ਤੇ ਨੈਸ਼ਨਲ ਕੋਚ ਯੋਗਰਾਜ ਸਿੰਘ ਭਾਂਬਰੀ ਨੂੰ ਸਿਮਰਨਜੀਤ ਸਿੰਘ ਦੀ ਤਰੱਕੀ ਤੋਂ ਬਾਅਦ ਖਾਲੀ ਪਈ ਅਸਾਮੀ ‘ਤੇ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਇਹ ਅਹਿਮ ਫੈਸਲੇ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐਫ.) ਅਤੇ ਐਨ.ਜੀ.ਏ.ਆਈ. ਦੇ ਪ੍ਰਮੁੱਖ ਨੁਮਾਇੰਦਿਆਂ ਦੀ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਲਏ ਗਏ। ਇਹ ਅਧਿਕਾਰਤ ਐਲਾਨ ਕਰਦਿਆਂ ਐਨ.ਜੀ.ਏ.ਆਈ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ: ਦੀਪ ਸਿੰਘ ਯੂ.ਐਸ.ਏ. ਨੇ ਕਿਹਾ ਕਿ ਇਹ ਤਿੰਨੋਂ ਸ਼ਖਸੀਅਤਾਂ ਲੰਮਾ ਸਮਾਂ ਗੱਤਕਾ ਖੇਡਦੇ ਹੋਏ ਰਾਸ਼ਟਰੀ ਕੋਚ ਬਣੇ। ਇਨ੍ਹਾਂ ਗੱਤਕਾ ਪ੍ਰਸ਼ਾਸਕਾਂ ਵੱਲੋਂ ਬੀਤੇ ਸਮੇਂ ਵਿੱਚ ਦਿਖਾਈ ਬਿਹਤਰ ਕਾਰਗੁਜ਼ਾਰੀ ਦੇ ਮੱਦੇਨਜ਼ਰ ਇਨ੍ਹਾਂ ਸਾਬਕਾ ਨਿਪੁੰਨ ਖਿਡਾਰੀਆਂ ਨੂੰ ਉਕਤ ਗੱਤਕਾ ਐਨ.ਐਸ.ਐਫ. ਦੇ ਉੱਚ ਪੱਧਰੀ ਪ੍ਰਬੰਧਕ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ ਹੈ।

ਕੌਮੀ ਪ੍ਰਧਾਨ ਗਰੇਵਾਲ ਨੇ ਐਨ.ਜੀ.ਏ.ਆਈ. ਦੇ ਕਾਰਜਕਾਰੀ ਪ੍ਰਧਾਨ ਅਤੇ ਸਕੱਤਰ ਨੂੰ ਪੂਰੇ ਦੇਸ਼ ਵਿੱਚ ਰਾਸ਼ਟਰੀ ਗੱਤਕਾ ਐਸੋਸੀਏਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚਲਾਉਣ ਲਈ ਪੂਰੀਆਂ ਸ਼ਕਤੀਆਂ ਅਤੇ ਅਧਿਕਾਰ ਸੌਂਪੇ ਗਏ ਹਨ।

ਇੱਕ ਸਮਰਪਿਤ ਗੱਤਕਾ ਪ੍ਰਮੋਟਰ ਗਰੇਵਾਲ ਨੇ ਭਾਰਤ ਵਿੱਚ ਆਪਣੀਆਂ ਮਾਨਤਾ ਪ੍ਰਾਪਤ ਸਾਰੇ ਰਾਜਾਂ ਦੀਆਂ ਗੱਤਕਾ ਐਸੋਸੀਏਸ਼ਨਾਂ ਨੂੰ ਉਕਤ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਆਪਣਾ ਪੂਰਨ ਸਹਿਯੋਗ ਅਤੇ ਸਮਰਥਨ ਦੇਣ ਲਈ ਕਿਹਾ ਹੈ। ਉਨ੍ਹਾਂ ਸਮੂਹ ਰਾਜਾਂ ਨੂੰ ਆਪਣੇ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਗੱਤਕਾ ਟੂਰਨਾਮੈਂਟ ਪਹਿਲਾਂ ਤੋਂ ਨਿਰਧਾਰਤ ਗੱਤਕਾ ਕੈਲੰਡਰ ਅਨੁਸਾਰ ਜਲਦ ਮੁਕੰਮਲ ਕਰਵਾਉਣ ਲਈ ਵੀ ਆਖਿਆ ਹੈ। ਗਰੇਵਾਲ ਨੇ ਖੁਲਾਸਾ ਕੀਤਾ ਕਿ ਐਨ.ਜੀ.ਏ.ਆਈ. ਵੱਲੋਂ ਸਤੰਬਰ ਮਹੀਨੇ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਨੈਸ਼ਨਲ ਗੱਤਕਾ ਚੈਂਪੀਅਨਸ਼ਿਪਾਂ ਦਾ ਆਯੋਜਨ ਕੀਤਾ ਜਾਣਾ ਹੈ ਜਿੰਨਾਂ ਦੀਆਂ ਤਾਰੀਖਾਂ ਦਾ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ।

Share This Article
Leave a Comment