ਲਓ! ਪੰਜਾਬੀਆਂ ਦਾ ਕਿਵੇਂ ਇਕੋ ਜਵਾਬ!

Global Team
4 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਵੇਗਾ। ਕੌਣ ਹੋਵੇਗਾ ਨਵਾਂ ਪ੍ਰਧਾਨ? ਇਹ ਅਜਿਹਾ ਸਵਾਲ ਹੈ ਜਿਸ ਦੇ ਜਵਾਬ ਵਿੱਚ ਸਮੁੱਚੇ ਪੰਜਾਬੀਆਂ ਦੀ ਇਕੋ ਰਾਇ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਗੇ ਅਕਾਲੀ ਦਲ ਦੇ ਨਵੇਂ ਪ੍ਰਧਾਨ। ਜੇਕਰ ਜਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਪ੍ਰਧਾਨ ਸਨ ,ਅਜ ਵੀ ਪ੍ਰਧਾਨ ਹਨ ਅਤੇ ਕੱਲ ਨੂੰ ਵੀ ਪ੍ਰਧਾਨ ਹੋਣਗੇ। ਅਜਿਹਾ ਇੱਕੋ ਜਵਾਬ ਸ਼ਾਇਦ ਕਿਸੇ ਹੋਰ ਰਾਜਸੀ ਮਾਮਲੇ ਉੱਪਰ ਨਾ ਮਿਲੇ ਪਰ ਇਸ ਮੁੱਦੇ ਉਤੇ ਸਵਾਲ ਕਰਨਾ ਤਾਂ ਇਵੇਂ ਹੈ ਜਿਵੇਂ ਕੋਈ ਪੁੱਛੇ ਕਿ ਕੱਲ ਨੂੰ ਸੂਰਜ ਚੜੇਗਾ ਕਿ ਨਹੀਂ ਚੜੇਗਾ? ਭਲਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਚੰਡੀਗੜ ਪਾਰਟੀ ਦਫ਼ਤਰ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਪ੍ਰਧਾਨਗੀ ਦੀ ਚੋਣ ਨੂੰ ਲੈਕੇ ਗੱਲਬਾਤ ਹੋਣ ਦੀ ਸੰਭਾਵਨਾ ਹੈ।

ਕੋਈ ਵੀ ਸਵਾਲ ਪੁੱਛ ਸਕਦਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਹੀ ਪਾਰਟੀ ਦਾ ਪ੍ਰਧਾਨ ਬਣਾਉਣਾ ਹੈ ਤਾਂ ਫਿਰ ਦੋ ਦਸੰਬਰ ਤੋਂ ਪਾਰਟੀ ਦੇ ਅੰਦਰ ਅਤੇ ਬਾਹਰ ਐਨਾ ਰੌਲਾ ਰੱਪਾ ਕਰਨ ਦੀ ਲੋੜ ਕੀ ਸੀ? ਸਵਾਲ ਤਾਂ ਵਾਜਿਬ ਹੈ ਪਰ ਜਵਾਬ ਬਾਰੇ ਸਹਿਮਤੀ ਹੋਣੀ ਮੁਸ਼ਕਿਲ ਹੈ । ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਦੋ ਦਸੰਬਰ ਤੋਂ ਸ਼ੁਰੂ ਹੋਕੇ ਅਕਾਲੀ ਦਲ ਦਾ ਕਾਫੀ ਗਰਦਾ ਝਾੜ ਲਿਆ ਹੈ। ਪਾਠਕ ਉਂਝ ਤਾਂ ਸਭ ਜਾਣਦੇ ਹਨ ਪਰ ਕਈ ਵਾਰ ਗੱਲ ਕਰਨ ਲਈ ਹੀ ਕਰਨੀ ਪੈਂਦੀ ਹੈ। ਮਿਸਾਲ ਵਜੋਂ ਮੌਸਮ ਬਦਲਦਾ ਹੈ ਤਾਂ ਕਈ ਕਪੜੇ ਅਲਮਾਰੀਆਂ ਵਿੱਚ ਚਲੇ ਜਾਂਦੇ ਹਨ ਅਤੇ ਅਲਮਾਰੀਆਂ ਵਿੱਚ ਪਏ ਕਈ ਕਪੜੇ ਬਾਹਰ ਆ ਜਾਂਦੇ ਹਨ। ਇਹ ਸਦੀਵੀ ਚੱਕਰ ਹੈ। ਹੁਣ ਅਕਾਲੀ ਦਲ ਨੇ ਵੀ ਗਰਦ ਝਾੜੀ। ਕਈ ਨੇਤਾ ਅਲਮਾਰੀਆਂ ਵਿੱਚ ਚਲੇ ਗਏ ਅਤੇ ਕਈ ਅਲਮਾਰੀਆਂ ਤੋਂ ਬਾਹਰ ਆ ਗਏ। ਕਈ ਸਿੰਘ ਸਾਹਿਬਾਨ ਬਦਲ ਗਏ ਅਤੇ ਕਈ ਨਵੇਂ ਆ ਗਏ। ਕਮਾਲ ਦੇਖੋ। ਪਹਿਲੇ ਸਿੰਘ ਸਾਹਿਬਾਨ ਵੀ ਪੰਥ ਦੀ ਚੜ੍ਹਦੀ ਕਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕਰਦੇ ਸਨ ਤਾਂ ਹੁਣ ਥਾਪੇ ਨਵੇਂ ਜਥੇਦਾਰ ਤਾਂ ਪਿਛਲਿਆਂ ਨਾਲੋਂ ਵੀ ਦੋ ਕਦਮ ਅੱਗੇ ਦੀ ਗਲ਼ ਕਰਦੇ ਹਨ। ਨਵੇਂ ਜਥੇਦਾਰ ਸਾਹਿਬ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਸਾਰੇ ਅਕਾਲੀ ਦਲਾਂ ਨੂੰ ਇਕ ਥਾਂ ਹੋਣਾ ਚਾਹੀਦਾ ਹੈ ਕਿਉਂਕਿ ਪੰਥ ਵਿਰੋਧੀ ਤਾਕਤਾਂ ਪੰਜਾਬ ਦੇ ਬੂਹੇ ਤਕ ਪੁੱਜ ਗਈਆਂ ਹਨ । ਇਹ ਵੱਖਰੀ ਗਲ਼ ਹੈ ਕਿ ਪੰਥ ਨੂੰ ਇਕਠਾ ਕਰਨ ਵਾਲੇ ਜਥੇਦਾਰ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਇਕ ਧਾਰਮਿਕ ਸਮਾਗਮ ਵਿੱਚ ਹੀ ਕਿਸੇ ਨੇ ਟੋਕ ਦਿੱਤਾ ਕਿ ਤੁਸੀਂ ਇਥੇ ਸਿਰੋਪਾ ਭੇਂਟ ਨਾ ਕਰੋ ਕਿਉਂਕਿ ਕੌਮ ਤੁਹਾਨੂੰ ਜਥੇਦਾਰ ਨਹੀਂ ਮੰਨਦੀ ।ਜਥੇਦਾਰ ਜੀ ਨੇ ਸਿਆਣਪ ਕਰਦਿਆਂ ਉਸ ਨੂੰ ਕੁਝ ਨਹੀਂ ਆਖਿਆ। ਜੇਕਰ ਕੋਈ ਗਰਮੀ ਵਿੱਚ ਵੀ ਪੂਰੀ ਬਾਂਹ ਦੀ ਸਵਾਟਰ ਪਾਉਣ ਦੀ ਗੱਲ ਕਰੇ ਤਾਂ ਇਸ ਵਿੱਚ ਜਥੇਦਾਰ ਦਾ ਕੀ ਕਸੂਰ ਹੈ! ਹੋਰ ਤਾਂ ਛੱਡੋ। ਪੰਜ ਮੈਂਬਰੀ ਟੀਮ ਆਏ ਦਿਨ ਅਕਾਲੀ ਦਲ ਦੀ ਭਰਤੀ ਦਾ ਪ੍ਰੋਗਰਾਮ ਰੱਖ ਲੈਂਦੀ ਹੈ। ਅਖੇ ਭਰਤੀ ਮੁਹਿੰਮ ਨੂੰ ਵਡਾ ਹੁੰਗਾਰਾ ਮਿਲ ਰਿਹਾ ਹੈ । ਅਕਾਲੀ ਦਲ ਦੇ ਪਹਿਲੇ ਆਗੂ ਬਥੇਰਾ ਆਖ ਰਹੇ ਹਨ ਕਿ ਅਕਾਲੀ ਦਲ ਦੀ ਭਰਤੀ ਤਾਂ ਪਹਿਲਾਂ ਹੀ 25 ਲੱਖ ਤੋਂ ਉਪਰ ਟਪ ਗਈ ਹੈ ਪਰ ਕੋਈ ਸੁਨਣ ਲਈ ਤਿਆਰ ਨਹੀਂ ।ਐਨੀ ਭਰਤੀ ਦਾ ਕੀ ਫਾਇਦਾ? ਮੌਸਮ ਦੇ ਲਿਹਾਜ਼ ਨਾਲ ਘਰ ਦੀਆਂ ਅਲਮਾਰੀਆਂ ਤਾਂ ਪਹਿਲਾਂ ਹੀ ਫੁੱਲ ਹਨ। ਫਿਰ ਕੀ ਫਾਇਦਾ ਹੋਵੇਗਾ ਜੇਕਰ ਪੰਜਾਬ ਦੀ ਕਣਕ ਵਾਂਗ ਜਦੋਂ ਗੁਦਾਮਾਂ ਵਿੱਚ ਜਗਾ ਨਾ ਮਿਲੀ ਤਾਂ ਖੁਲ਼ੇ ਮੈਦਾਨ ਵਿੱਚ ਢਿਗਾਂ ਲਾਕੇ ਤਰਪਾਲਾਂ ਨਾਲ ਢੱਕਣਾ ਪਏ!
ਆਪਾਂ ਵੀ ਗੱਲ ਦਾ ਗਿੱਲਾ ਪੀਹਣ ਨਾ ਪਾਈਏ। ਸਾਰੇ ਪੰਜਾਬ ਦੇ ਅਕਾਲੀ ਦਲ ਦੇ ਡੈਲਗੇਟ ਆਪੋ ਆਪਣੇ ਇਜਲਾਸਾਂ ਵਿੱਚ ਆਖ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਨੂੰ ਬਚਾ ਸਕਦਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਸਾਰਾ ਕੁਝ ਕਿਉਂ ਹੋਇਆ? ਇਸ ਦਾ ਜਵਾਬ ਪਤਾ ਨਹੀਂ ਬਦਲੇ ਗਏ ਜਥੇਦਾਰ ਦੇਣਗੇ ਜਾਂ ਮੌਜੂਦਾ ਜਥੇਦਾਰ!

ਸੰਪਰਕ 9814002186

Share This Article
Leave a Comment