ਜਗਤਾਰ ਸਿੰਘ ਸਿੱਧੂ;
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਆਗੂਆਂ ਨੂੰ ਲਾਈ ਤਨਖ਼ਾਹ ਜਿਥੇ ਅਕਾਲੀ ਦਲ ਨੂੰ ਸੰਕਟ ਵਿੱਚੋਂ ਕੱਢਕੇ ਮਜ਼ਬੂਤੀ ਦੇ ਰਾਹ ਤੋਰਨ ਦਾ ਉਪਰਾਲਾ ਹੈ ਉੱਥੇ ਪੰਥ ਦੀ ਆਪਣੇ ਆਗੂਆਂ ਦੀ ਗੁਆਚੀ ਭਰੋਸੇਯੋਗਤਾ ਦਾ ਸ਼ੀਸ਼ਾ ਵੀ ਸਭ ਦੇ ਸਾਹਮਣੇ ਆ ਗਿਆ ਹੈ । ਸਿੰਘ ਸਾਹਿਬਾਨ ਨੇ ਬੀਤੇ ਕੱਲ੍ਹ ਅਕਾਲ ਤਖ਼ਤ ਸਾਹਿਬ ਤੋਂ ਤਲਬ ਕੀਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਿ ਉਹ ਅਕਾਲੀ ਦਲ ਨੂੰ ਤਕੜਾ ਕਰਨ ਦੇ ਹਾਮੀ ਹਨ ਕਿਉਂਕਿ ਮਜ਼ਬੂਤ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਹੈ। ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਨਾਲ ਪੰਥਕ ਹਸਤੀਆਂ ਦੇ ਫੈਸਲਿਆਂ ਉੱਪਰ ਵੀ ਸਵਾਲ ਉੱਠ ਰਹੇ ਸਨ। ਖਾਸ ਤੌਰ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਜਿਹੜੇ ਤਿੰਨ ਤਤਕਾਲੀ ਸਿੰਘ ਸਾਹਿਬਾਨ ਦਾ ਸੁਖਬੀਰ ਸਿੰਘ ਬਾਦਲ ਦੀ ਰਹਾਇਸ਼ ਉੱਪਰ ਜਾਕੇ ਸਹਿਮਤੀ ਦਾ ਪ੍ਰਗਟਾਵਾ ਜਦੋਂ ਸਾਹਮਣੇ ਆਇਆ ਤਾਂ ਸਿੰਘ ਸਾਹਿਬਾਨ ਦੀ ਭਰੋਸੇਯੋਗਤਾ ਹੀ ਦਾਅ ਉਤੇ ਲੱਗ ਗਈ । ਇਹ ਕਿਹਾ ਜਾਣ ਲੱਗਾ ਕਿ ਸਿੰਘ ਸਾਹਿਬਾਨ ਉਹ ਹੀ ਫੈਸਲਾ ਕਰਦੇ ਹਨ ਜੋ ਅਕਾਲੀ ਦਲ ਦਾ ਪ੍ਰਧਾਨ ਆਖਦਾ ਹੈ ।ਸ਼ਾਇਦ ਇਹ ਹੀ ਕਾਰਨ ਸੀ ਕਿ ਮੌਜੂਦਾ ਮਾਮਲਿਆਂ ਵਿੱਚ ਜਦੋਂ ਸਿੰਘ ਸਾਹਿਬਾਨ ਕੋਲ ਫੈਸਲਾ ਦੇਣ ਦਾ ਮੌਕਾ ਆਇਆ ਤਾਂ ਕਈ ਧਿਰਾਂ ਵਲੋਂ ਵੱਡੇ ਖਦਸ਼ੇ ਪ੍ਰਗਟ ਕੀਤੇ ਗਏ ਕਿ ਸਿੰਘ ਸਾਹਿਬਾਨ ਅਕਾਲੀ ਦਲ ਦੇ ਪ੍ਰਧਾਨ ਬਾਰੇ ਕੋਈ ਵੀ ਸਖ਼ਤ ਫੈਸਲਾ ਨਹੀਂ ਲੈਣਗੇ ਅਤੇ ਮੌਜੂਦਾ ਲੀਡਰਸ਼ਿਪ ਨੂੰ ਬਚਾਇਆ ਜਾਵੇਗਾ । ਇਸ ਸਾਰੇ ਵਰਤਾਰੇ ਬਾਰੇ ਸਿੰਘ ਸਾਹਿਬਾਨ ਪਹਿਲਾਂ ਹੀ ਸੁਚੇਤ ਸਨ। ਇਹ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੁਰੂ ਵਿੱਚ ਹੀ ਆਖ ਦਿੱਤਾ ਕਿ ਅੱਜ ਦੇ ਫੈਸਲੇ ਬਾਰੇ ਦੁਨੀਆਂ ਭਰ ਵਿੱਚ ਬੈਠੇ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਨਾਂ ਇਹ ਵੀ ਮੰਨਿਆ ਕਿ ਪਿਛਲੇ ਸਮੇਂ ਵਿੱਚ ਧਾਰਮਿਕ ਹਸਤੀਆਂ ਦੇ ਲਏ ਫੈਸਲਿਆਂ ਨੇ ਢਾਅ ਲਾਈ ਹੈ।
ਤਿੰਨ ਤਤਕਾਲੀ ਸਿੰਘ ਸਾਹਿਬਾਨ ਬਾਰੇ ਸੁਣਾਏ ਫੈਸਲੇ ਨੇ ਦੱਸ ਦਿੱਤਾ ਕਿ ਪੰਥ ਫੈਸਲੇ ਦੇਣ ਵਾਲਿਆਂ ਨੂੰ ਵੀ ਪੁੱਛ ਸਕਦਾ ਹੈ। ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਲਏ ਫ਼ੈਸਲੇ ਹੀ ਸਨ ਕਿ ਅੱਜ ਹਰਿਮੰਦਰ ਸਾਹਿਬ ਨੂੰ ਦਰਸ਼ਨ ਲਈ ਜਾਣ ਵਾਲੇ ਗੇਟ ਦੇ ਦੋਹੀਂ ਪਾਸੀਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੀਲਾ ਬਾਣਾ ਪਾਕੇ ਵੀਲ ਚੇਅਰ ਉੱਪਰ ਬੈਠੇ ਹੱਥ ਵਿੱਚ ਬਰਛਾ ਫੜਕੇ ਲੱਗੀ ਤਨਖਾਹ ਮੁਤਾਬਿਕ ਡਿਊਟੀ ਦੇ ਰਹੇ ਸਨ। ਗੱਲ ਵਿੱਚ ਤਖ਼ਤੀਆਂ ਪਾਈਆਂ ਹੋਈਆਂ ਸਨ। ਬਲਵਿੰਦਰ ਸਿੰਘ ਭੂੰਦੜ, ਡਾ ਦਲਜੀਤ ਸਿੰਘ ਚੀਮਾ , ਬਿਕਰਮ ਸਿੰਘ ਮਜੀਠੀਆ ਅਤੇ ਕਈ ਹੋਰ ਆਗੂਆਂ ਨੇ ਵੀ ਲੱਗੀ ਤਨਖਾਹ ਅਨੁਸਾਰ ਡਿਊਟੀ ਨਿਭਾਈ ।ਇਨਾ ਨੇਤਾਵਾਂ ਨੇ ਪਰਿਕਰਮਾ ਵਿੱਚ ਬੈਠ ਕੇ ਕੀਰਤਨ ਸੁਣਿਆ। ਲੰਗਰ ਦੇ ਜੂਠੇ ਬਰਤਨ ਸਾਫ ਕੀਤੇ ਅਤੇ ਬਾਥ ਰੂਮਾਂ ਦੀ ਸਫਾਈ ਕੀਤੀ। ਅਗਲੇ ਦਿਨਾਂ ਵਿੱਚ ਵੀ ਤਨਖਾਹ ਲੱਗਣ ਦੀ ਡਿਊਟੀ ਇਹ ਆਗੂ ਦੇਣਗੇ ।
ਸੰਪਰਕ 9814002186