ਦਿੱਲੀ ਕਮੇਟੀ (DSGMC) ਚੋਣਾਂ ‘ਚ ਜਿੱਤ ਤੋਂ ਬਾਅਦ ਸੁਖਬੀਰ ਬਾਦਲ ਨੇ ਸੰਗਤ ਦਾ ਕੀਤਾ ਧੰਨਵਾਦ

TeamGlobalPunjab
4 Min Read

ਸਿਰਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕਮੇਟੀ ਲਈ ਮੈਂਬਰ ਵਜੋਂ ਕੀਤਾ ਜਾਵੇਗਾ ਨਾਮਜ਼ਦ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਚੋਣਾਂ ‘ਚ ਅਕਾਲੀ ਦਲ ਦੀ ਇਤਿਹਾਸਕ ਜਿੱਤ ਨੂੰ ਖਾਲਸਾ ਪੰਥ ਵੱਲੋਂ ਅਕਾਲੀ ਦਲ ਦੀ ਪੰਥਕ ਹਸਤੀ ਤੇ ਧਰਮ ਪ੍ਰਤੀ ਵਚਨਬੱਧਤਾ ’ਤੇ ਜ਼ਬਰਦਸਤ ਰੈਫਰੰਡਮ ਕਰਾਰ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਗਤ ਨੇ ਕਾਂਗਰਸ ਦੀ ਹਮਾਇਤ ਪ੍ਰਾਪਤ ਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਭਾਜਪਾ ਵੱਲੋਂ ਸਪਾਂਸਰ ਕੀਤੇ ਗਰੁੱਪਾਂ ਤੇ ਸਰਨਾ ਧੜੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਇਆ ਢੀਂਡਸਾ ਤੇ ਮਨਜੀਤ ਸਿੰਘ ਜੀ. ਕੇ. ਨੂੰ 46 ‘ਚੋਂ ਸਿਰਫ 2 ਸੀਟਾਂ ਮਿਲੀਆਂ ਹਨ ਤੇ ਕਾਂਗਰਸ ਵਾਇਆ ਪਰਮਜੀਤ ਸਿੰਘ ਸਰਨਾ ਦੇ ਹਿੱਸੇ ਸਿਰਫ 14 ਸੀਟਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇਕ ਤੂਫਾਨ ਦੀ ਸ਼ੁਰੂਆਤ ਹੈ, ਜੋ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਤੇ ‘ਆਪ’ ਦੋਵਾਂ ਨੂੰ ਉਡਾ ਕੇ ਲੈ ਜਾਵੇਗਾ।

ਬਾਦਲ ਨੇ ਕਿਹਾ ਕਿ ਮੈਂ ਅਕਾਲ ਪੁਰਖ, ਮਹਾਨ ਸਿੱਖ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਿਨ ਕੋਟਿ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਦਾ ਵੀ ਧੰਨਵਾਦੀ ਹਾਂ, ਜਿਸ ਨੇ ਆਸ਼ੀਰਵਾਦ ਦਿੱਤਾ ਤੇ ਸਾਨੂੰ ਉਨ੍ਹਾਂ ਤੋਂ ਨਿਰੰਤਰ ਹਮਾਇਤ ਮਿਲਣੀ ਜਾਰੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਥਕ ਆਦਰਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਫਿਰ ਤੋਂ ਦੁਹਰਾਉਂਦਾ ਹਾਂ। ਬਾਦਲ ਨੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਸਮੁੱਚੀ ਟੀਮ ਨੂੰ ਸਿੱਖ ਸੰਗਤ ਤੇ ਵਿਸ਼ਵ ਭਰ ਵਿਚ ਵਸਦੇ ਖਾਲਸਾ ਪੰਥ ਦੀਆਂ ਆਸਾਂ ‘ਤੇ ਖਰੇ ਉਤਰਨ ਦੀ ਵਧਾਈ ਵੀ ਦਿੱਤੀ ਤੇ ਧੰਨਵਾਦ ਵੀ ਕੀਤਾ।

- Advertisement -

ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਵੱਲੋਂ ਪੰਥ ਦੀ ਕੀਤੀ ਜਾ ਰਹੀ ਸੇਵਾ ਤੇ ਇਸ ਪ੍ਰਤੀ ਵਚਨਬੱਧਤਾ ਨੂੰ ਪ੍ਰਵਾਨਗੀ ਮਿਲਣਾ ਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਸਿਰਸਾ ਕੋਰੋਨਾ ਪੀੜਤਾਂ, ਕਿਸਾਨਾਂ ਤੇ ਅਫਗਾਨਿਸਤਾਨ ਤੋਂ ਸਿੱਖ ਸ਼ਰਨਾਰਥੀਆਂ ਸਮੇਤ ਸੰਗਤ ਲਈ ਡਟੇ, ਉਸ ਨੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਿਰਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕਮੇਟੀ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਵੇਗਾ।

 

- Advertisement -

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਖਾਲਸਾ ਪੰਥ ਨੂੰ ਕੌਮ ਦੇ ਦੁਸ਼ਮਣਾਂ ਦੀ ਸ਼ਹਿ ‘ਤੇ ਵੰਡਣ ਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਪੁਲਸ ਅਫਸਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਮਦਦ ਵਾਸਤੇ ਤਾਇਨਾਤ ਕੀਤੇ ਸਨ। ਸਾਡੇ ਬੂਥ ਪੱਧਰ ਦੇ ਮੈਨੇਜਰਾਂ ਨੂੰ ਧਮਕਾਇਆ ਗਿਆ ਤੇ ਉਨ੍ਹਾਂ ’ਤੇ ਛਾਪੇ ਵੀ ਮਾਰੇ ਗਏ।

ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਹੱਕ ‘ਚ ਭੁਗਤੀਆਂ ਵੱਡੀ ਗਿਣਤੀ ‘ਚ ਵੋਟਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ 8 ਸੀਟਾਂ ਦਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਿੱਲੀ ਨੂੰ ਪੰਜਾਬ ਸਰਕਾਰ ਤੋਂ ਮਦਦ ਮਿਲੀ ਤੇ ਜਾਗੋ ਪਾਰਟੀ ਦੀ ਮਦਦ ਭਾਜਪਾ ਨੇ ਕੀਤੀ ਤੇ ਇਸ ਦੇ ਕੌਂਸਲਰਾਂ ਤੇ ਬੂਥ ਪੱਧਰ ਦੇ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਤੇ ਮਨਜੀਤ ਸਿੰਘ ਜੀ. ਕੇ. ਦੀ ਮਦਦ ਵਾਸਤੇ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਮਨੁੱਖਤਾ ਤੇ ਸਿੱਖੀ ਦੇ ਪ੍ਰਚਾਰ ਲਈ ਕੀਤੀ ਗਈ ਸੇਵਾ ਦੇ ਹੱਕ ਵਿਚ ਫਤਵਾ ਦੇਣ ‘ਤੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਕਾਲੀ ਦਲ ਤੋਂ ਲਾਭ ਲੈ ਕੇ ਭੱਜ ਕੇ ਵੱਖਰੀਆਂ ਪਾਰਟੀਆਂ ਬਣਾ ਕੇ ਚੋਣਾਂ ਲੜਨ ਵਾਲੇ ਮੌਕਾਪ੍ਰਸਤਾਂ ਨੂੰ ਸਬਕ ਸਿਖਾਉਣ ਲਈ ਵੀ ਸੰਗਤ ਦਾ ਧੰਨਵਾਦ ਕੀਤਾ, ਜਿਨ੍ਹਾਂ ਦਾ ਮੁਕੰਮਲ ਸਫਾਇਆ ਹੋ ਗਿਆ ਹੈ।

Share this Article
Leave a comment