ਸ੍ਰੀ ਮੁਕਤਸਰ ਸਾਹਿਬ : ਇੰਨੀ ਦਿਨੀਂ ਸੂਬੇ ਅੰਦਰ ਬਿਜਲੀ ਦੀਆਂ ਦਰਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਸੂਬੇ ਅੰਦਰ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਕੈਪਟਨ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਹੁਣ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮਹਿੰਗੀ ਬਿਜਲੀ ਲਈ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੌਰਾਨ ਲਗਾਏ ਗਏ ਥਰਮਲ ਪਲਾਟਾਂ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਹੈ ਪਰ ਅੱਜ ਮੁਕਤਸਰ ਸਾਹਿਬ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ‘ਤੇ ਵੱਡਾ ਖੁਲਾਸਾ ਕੀਤਾ ਹੈ। ਛੋਟੇ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਏ ਗਏ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਰਕਾਰੀ ਥਰਮਲ ਪਲਾਂਟ ਤੋਂ ਵੀ ਸਸਤੀ ਬਿਜਲੀ ਮੁਹੱਈਆ ਕਰਵਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ 10 ਸਾਲ ਆਪਣੀ ਸਰਕਾਰ ਦੌਰਾਨ ਘਰ ਘਰ ਬਿਜਲੀ ਪਹੁੰਚਾਈ ਅਤੇ 24 ਘੰਟੇ ਬਿਜਲੀ ਪਹੁੰਚਾਈ। ਪਰ ਅੱਜ ਕੈਪਟਨ ਸਰਕਾਰ ਦੌਰਾਨ ਬਿਜਲੀ ਵਿਭਾਗ ਲਗਾਤਾਰ ਡੁੱਬਦਾ ਜਾ ਰਿਹਾ ਜਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ‘ਚ ਬਿਜਲੀ ਵਿਭਾਗ ਦਾ ਬੁਰਾ ਹਾਲ ਹੋ ਗਿਆ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਅੱਜ ਜੋ ਇਹ ਕਿਹਾ ਜਾ ਰਿਹਾ ਹੈ ਕਿ ਮਹਿੰਗੀ ਬਿਜਲੀ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਕਰਕੇ ਹੈ ਉਹ ਲਹਿਰਾ ਮੁਹੱਬਤ ਸਰਕਾਰੀ ਥਰਮਲ ਪਲਾਟ ਨਾਲੋ ਵੀ ਸਸਤੀ ਬਿਜਲੀ ਮੁਹੱਈਆ ਕਰਵਾ ਰਹੇ ਹਨ। ਸੁਖਬੀਰ ਨੇ ਦੱਸਿਆ ਕਿ ਇਹ ਦੋਵੇ ਥਰਮਲਪਲਾਂਟ ਸਿਰਫ 2 ਰੁਪਏ 86 ਪੈਸੇ ‘ਚ ਬਿਜਲੀ ਦੇ ਰਹੇ ਹਨ ਜਦੋਂ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ 5 ਰੁਪਏ ‘ਚ ਦੇ ਰਿਹਾ ਹੈ।