ਲਹਿਰਾਗਾਗਾ/ਸੰਗਰੂਰ (ਅਨਿਲ ਜੈਨ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁਖੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਢੀਂਡਸਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਕਾਲੀ ਨਹੀਂ ਸਗੇਂ ਇੱਕ ‘ਕਾਰਪੋਰੇਟਰ’ ਹੈ, ਇਸਦਾ ਅੰਦਾਜ਼ਾ ਉਸਦੇ ਨਾਲ ਜੁਡ਼ੇ ਲੋਕਾਂ ਨੁੰ ਦੇਖ ਕੇ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲਡ਼੍ਹਾਈ ਨਿੱਜੀ ਨਹੀਂ ਬਲਕਿ ਸਿਧਾਂਤਕ ਹੈ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਲਹਿਰਾਗਾਗਾ ਦੇ ਜੀਪੀਐਫ ਕੰਪਲੈਕਸ ’ਚ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਉਹ ਉੱਥੇ ਜਾਕੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਆਏ ਹਨ । ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ਼ ਨਾ ਮਿਲਣ ਕਰਕੇ ‘ਅਰਦਾਸ’ ਹੀ ਸਿੱਖਾਂ ਦਾ ਆਖਰੀ ਹਥਿਆਰ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਆਲੋਚਨਾ ਕਰਦੇ ਕਿਹਾ ਕਿ ਉਹ ਜਦੋਂ ਵੀ ਬੇਅਦਬੀ ਦਾ ਮਸਲਾ ਉਠਾਉਂਦੇ ਸਨ ਤਾਂ ਬਾਦਲ ‘ਸਿਟ’ ਬਣਾਉਣ, ਰਿਪੋਰਟ ਆਉਣ ’ਤੇ ਸਜ਼ਾਵਾਂ ਦੇਣ ਦੀ ਗੱਲ ਆਖਦੇ, ਪਰ ਹੋਇਆ ਕੁਝ ਵੀ ਨਹੀਂ । ਇਸੇ ਕਰਕੇ ਉਹ ਸਿਧਾਂਤਕ ਲਡ਼੍ਹਾਈ ਲਈ ਬਾਦਲ ਤੋਂ ਵੱਖ ਹੋਕੇ ਸਾਹਮਣੇ ਆਏ ਹਨ।
ਉਨ੍ਹਾਂ ਸੁਖਪਾਲ ਸਿੰਘ ਖਹਿਰਾ, ‘ਆਪ’ ਦੇ ਵਿਧਾਇਕਾਂ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਦੇ ਕਾਂਗਰਸ ‘ਚ ਜਾ ਰੱਲਣ ਬਾਰੇ ਕੋਈ ਪ੍ਰਤੀਕਿਰਿਆ ਦੇਣ ਤੋਂ ਗੁਰੇਜ ਕੀਤਾ । ਹਲਾਂਕਿ ਉਨ੍ਹਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ‘ਤੇ ਵਿਅੰਗ ਕੀਤਾ। ਵੱਡੇ ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੋਰੋਨਾ ਮਹਾਮਾਰੀ ਨਾਲ ਲਡ਼੍ਹਣ ਲਈ ਕੋਈ ਹਮਦਰਦੀ ਨਹੀਂ ਪਰ ਕੁਰਸੀ ਬਚਾਉਣ ਲਈ ਦੋ ਧਡ਼ਿਆਂ ’ਚ ਮੱਚੀ ਖਲਬਲੀ ਨੂੰ ਲੈਕੇ ਜ਼ਿਆਦਾ ਚਿੰਤਾ ਹੈ।
ਸੁਖਦੇਵ ਢੀਂਡਸਾ ਨੇ ਸਾਫ਼ ਕੀਤਾ ਕਿਹਾ ਕਿ ਅਕਾਲੀ ਦਲ (ਸੰਯੁਕਤ) ਦੀ ਆਮ ਆਦਮੀ ਪਾਰਟੀ ਨਾਲ ਕੋਈ ਗੱਲ ਨਹੀਂਂ ਹੋਈ । ਉਨ੍ਹਾਂ ਦੱਸਿਆ ਕਿ ਨੇੜਲੇ ਭਵਿੱਖ ’ਚ ਪਾਰਟੀ ਨੂੰ ਬਲਾਕ, ਸਰਕਲ, ਹਲਕਾ ਪੱਧਰ ’ਤੇ ਜਥੇਬੰਦਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ।