ਚੰਡੀਗੜ੍ਹ: ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਬਾਂਹ ’ਤੇ ਲੱਗੇ ਟਾਂਕਿਆਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਕਰੀਨ ’ਤੇ ਦਿਖਾਈ। ਹਰਸਿਮਰਤ ਕੌਰ ਮੁਤਾਬਕ ਸੁਖਬੀਰ ਬਾਦਲ ਦੀ ਬਾਂਹ ’ਤੇ 150 ਤੋਂ ਵੱਧ ਟਾਂਕੇ ਲੱਗੇ ਹਨ।
ਛਾਤੀ ’ਤੇ ਵਾਰ, ਬਾਜੂ ਤੋਂ ਪਾਰ ਹੋਈ ਕਿਰਚ
ਹਰਸਿਮਰਤ ਕੌਰ ਨੇ ਦੱਸਿਆ ਕਿ ਹਮਲਾਵਰ ਨੇ ਲਗਭਗ ਡੇਢ ਫੁੱਟ ਲੰਬੀ ਕਿਰਚ ਨਾਲ ਸੁਖਬੀਰ ਬਾਦਲ ਦੀ ਛਾਤੀ ’ਤੇ ਵਾਰ ਕੀਤਾ ਸੀ। ਇਸ ਦੌਰਾਨ ਸੁਖਬੀਰ ਬਾਦਲ ਨੇ ਆਪਣਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਕਿਰਚ ਉਨ੍ਹਾਂ ਦੇ ਹੱਥ ਨੂੰ ਚੀਰਦੀ ਹੋਈ ਆਰ-ਪਾਰ ਹੋ ਗਈ। ਉਨ੍ਹਾਂ ਮੁਤਾਬਕ ਹਮਲਾਵਰ ਨੇ ਦੂਜਾ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇੰਸਪੈਕਟਰ ਦਾ ਹੱਥ ਵੀ ਕੱਟਿਆ ਗਿਆ।
ਹਰਸਿਮਰਤ ਨੇ NIA ਜਾਂਚ ਦੀ ਕੀਤੀ ਮੰਗ
ਹਰਸਿਮਰਤ ਕੌਰ ਨੇ ਇਸ ਹਮਲੇ ਨੂੰ ਯੋਜਨਾਬੱਧ ਦੱਸਦਿਆਂ ਕਿਹਾ ਕਿ ਹਮਲਾ ਅਜਿਹੀ ਥਾਂ ’ਤੇ ਹੋਇਆ ਜਿੱਥੇ ਨੇੜੇ ਕੋਈ ਹਸਪਤਾਲ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਨੇ ਖੁਦ ਹਰਸਿਮਰਤ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਭੇਜਿਆ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਜਾਂਚ NIA ਨੂੰ ਸੌਂਪਣ ਦੀ ਮੰਗ ਕੀਤੀ ਹੈ।
15 ਅਗਸਤ ਨੂੰ ਲੁਧਿਆਣਾ ਦੇ ਇਸੜੂ ਵਿੱਚ ਹੋਈ ਰੈਲੀ ਦੌਰਾਨ ਹਰਸਿਮਰਤ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ’ਤੇ ਉਨ੍ਹਾਂ ਅਤੇ ਬੱਚਿਆਂ ਦੇ ਸਾਹਮਣੇ ਹਮਲਾ ਕੀਤਾ ਗਿਆ। ਉਨ੍ਹਾਂ ਮੁਤਾਬਕ ਹਮਲਾਵਰ ਨੇ ਉਸ ਸਮੇਂ ਵਾਰ ਕੀਤਾ ਜਦੋਂ ਸੁਖਬੀਰ ਬਾਦਲ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਆ ਰਹੇ ਸਨ। ਹਰਸਿਮਰਤ ਨੇ ਕਿਹਾ ਕਿ ਹਮਲਾਵਰ ਨੇ ਬਾਣੇ ਦੀ ਆੜ ਵਿੱਚ ਹਮਲਾ ਕੀਤਾ ਅਤੇ ਉਹ ਉਸ ਨੂੰ ਸਿੱਖ ਨਹੀਂ ਮੰਨਦੀ।
ਨਿਹੰਗ ਨੇ ਪੁੱਛਗਿੱਛ ਦੌਰਾਨ ਕੀ ਕਿਹਾ?
ਪੁਲਿਸ ਪੁੱਛਗਿੱਛ ਵਿੱਚ ਨਿਹੰਗ ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਦੇ ਸਮੇਂ ਉਸ ਨੂੰ ਆਪਣੀ ਅੰਤਰਆਤਮਾ ਤੋਂ ਵਾਹਿਗੁਰੂ ਦਾ ਹੁਕਮ ਮਿਲਿਆ ਸੀ। ਉਸ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਉਸ ਦੇ ਸਾਹਮਣੇ ਆਏ ਤਾਂ ਉਸ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਜਸਪਾਲ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲਗਾਤਾਰ ਵਿਗੜ ਰਹੇ ਹਾਲਾਤ ਅਤੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਕਾਰਨ ਉਹ ਮਾਨਸਿਕ ਤੌਰ ’ਤੇ ਕਾਫ਼ੀ ਪਰੇਸ਼ਾਨ ਅਤੇ ਗੁੱਸੇ ਵਿੱਚ ਸੀ। ਉਸ ਮੁਤਾਬਕ ਉਹ ਇਸ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਮੰਨਦਾ ਹੈ।

