ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਨੂੰ ਸਿਰ ਝੁਕਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੇ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਹ ਪੰਥ ਅਤੇ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਦੇ ਹਨ ਕਿ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਖਬੀਰ ਬਾਦਲ ਵਲੋਂ ਬੇਅਦਬੀ ਮਾਮਲੇ ਵਿਚ ਮੁਆਫੀ ਮੰਗਣ ਨਾਲ ਸਿੱਖ ਭਾਈਚਾਰੇ ਨੂੰ ਨਿਆਂ ਅਤੇ ਇਨਸਾਫ ਮਿਲ ਜਾਵੇਗਾ। ਮਾਮਲਾ ਮੁਆਫੀ ਮੰਗਣ ਦਾ ਤਾਂ ਹੈ ਹੀ ਨਹੀਂ ਸਗੋਂ ਮਾਮਲਾ ਤਾਂ ਦੋਸ਼ੀਆਂ ਨੂੰ ਘਿਨਾਉਣੇ ਕਾਰੇ ਲਈ ਸਜਾ ਦੇਣ ਦਾ ਹੈ। ਆਮ ਸਿੱਖ ਭਾਈ ਚਾਰੇ ਨੂੰ ਰੋਸ ਅਕਾਲੀ ਦਲ ਨਾਲ ਨਹੀ ਹੈ ਸਗੋਂ ਬਾਦਲਾਂ ਨਾਲ ਹੈ ਕਿਉਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਗ੍ਰਹਿ ਮੰਤਰਾਲਾ ਸੁਖਬੀਰ ਬਾਦਲ ਕੋਲ ਸੀ। ਜਦੋਂ ਨਿਆਂ ਨਾ ਮਿਲਿਆ ਤਾਂ ਪੰਜਾਬੀਆਂ ਨੇ ਅਕਾਲੀ ਦਲ ਬਾਦਲ ਨੂੰ ਹਰਾ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣ ਗਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਬੀਰ ਬਾਦਲ ਦੀ ਮੁਆਫੀ ਬਾਰੇ ਫੌਰੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਸੁਖਬੀਰ ਬਾਦਲ ਦੀ ਮੁਆਫੀ ਨਾਲ ਗੁਨਾਹ ਨਹੀਂ ਮਾਫ ਹੁੰਦਾ। ਗੱਲ ਕੇਵਲ ਦੋਸ਼ੀਆਂ ਨੂੰ ਫੜਨ ਦੀ ਨਹੀਂ ਸਗੋਂ ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਮੁਆਫੀ ਅਤੇ ਉਸ ਨਾਲ ਜੁੜੀਆਂ ਤੰਦਾਂ ਦੀ ਵੀ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਨੂੰ ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੀ ਸੁਖਬੀਰ ਦੀ ਮੁਆਫੀ ਇਨਾਂ ਮਾਮਲਿਆਂ ਉੱਪਰ ਸਿੱਖ ਭਾਈਚਾਰੇ ਦੀ ਤਸੱਲੀ ਕਰਵਾ ਸਕੇਗੀ?
ਸਵਾਲ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਹਿੰਦਰ ਵਲੋਂ ਬੇਅਦਬੀ ਦੇ ਨਿਆਂ ਲਈ ਦਿੱਤੇ ਭਰੋਸੇ ਉਪਰ ਵੀ ਉੱਠਦੇ ਰਹਿਣਗੇ। ਮਾਮਲਾ ਮੁੱਖ ਮੰਤਰੀ ਮਾਨ ਵਲੋਂ ਸੁਖਬੀਰ ਦੀ ਮੁਆਫੀ ਬਾਰੇ ਦਿੱਤੇ ਬਿਆਨ ਨਾਲ ਵੀ ਸਿਰੇ ਨਹੀਂ ਲੱਗ ਸਕਦਾ। ਆਪ ਵਲੋਂ ਵੀ ਵਾਅਦੇ ਕੀਤੇ ਗਏ ਸਨ, ਸਵਾਲ ਤਾਂ ਬਣੇਗਾ ਕਿ ਮਾਨ ਸਰਕਾਰ ਨੇ ਬੇਅਦਬੀ ਬਾਰੇ ਕੀ ਕੀਤਾ? ਸਵਾਲ ਤਾਂ ਕੇਂਦਰ ਦੀ ਭਾਜਪਾ ਸਰਕਾਰ ਬਾਰੇ ਬਹੁਤ ਵੱਡਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਪੁੱਛ ਰਿਹਾ ਹੈ ਕਿ ਡੇਰਾ ਸਿਰਸਾ ਮੁੱਖੀ ਨੂੰ ਵਾਰ ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ?
ਸੰਪਰਕਃ 9814002186