ਦਿੱਲੀ ਕਮੇਟੀ ਚੋਣਾਂ ਤੋਂ ਬਾਅਦ ਵੱਡਾ ਉਲਟਫੇਰ, ਸਰਨਾ ਗੁਟ ਦੇ ਸੁਖਬੀਰ ਕਾਲੜਾ ਨੇ ਛੱਡੀ ਪਾਰਟੀ-ਬਾਦਲ ਗੁਟ ਨਾਲ ਮਿਲਾਇਆ ਹੱਥ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਕਮੇਟੀ ਚੋਣਾਂ ਦੇ ਨਤੀਜਿਆਂ ਤੋਂ ਕਰੀਬ ਇੱਕ ਹਫ਼ਤੇ ਬਾਅਦ ਬੁੱਧਵਾਰ ਨੂੰ ਵੱਡਾ ਉਲਟਫੇਰ ਹੋਇਆ ਹੈ। ਸਰਨਾ ਧੜੇ (ਸ਼੍ਰੋਮਣੀ ਅਕਾਲੀ ਦਲ ਦਿੱਲੀ) ਦੇ ਇੱਕ ਸੀਨੀਅਰ ਆਗੂ ਨੇ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਹ ਆਗੂ ਹੈ ਸੁਖਬੀਰ ਸਿੰਘ ਕਾਲੜਾ, ਜੋ ਕਿ ਦਿੱਲੀ ਸਿੱਖ ਗੁਰੂਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਵਾਰਡ ਨੰ. 2 (ਸਰੂਪ ਨਗਰ) ਤੋਂ ਜੇਤੂ ਰਹੇ ਸਨ। ਕਾਲੜਾ ਨੇ ਸਰਨਾ ਧੜੇ ਵੱਲੋਂ ਚੋਣ ਲੜੀ ਸੀ।

ਸੁਖਬੀਰ ਸਿੰਘ ਕਾਲੜਾ ਨੇ ਬੁੱਧਵਾਰ ਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਦਿੱਲੀ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਕਾਲੜਾ ਦਾ ਪਾਰਟੀ ਵਿਚ ਆਉਣ ‘ਤੇ ਨਿਘਾ ਸਵਾਗਤ ਕੀਤਾ।

ਇਸ ਪੂਰੇ ਮਾਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਪ੍ਰਤਿਕਰਮ ਆਉਣਾ ਬਾਕੀ ਹੈ। ਸਰਨਾ ਪਹਿਲਾਂ ਹੀ ਆਪਣੀ ਪਾਰਟੀ ਦੇ ਜੇਤੂ ਮੈਬਰਾਂ ਨੂੰ ਵਿਰੋਧੀ ਧਿਰ ਵੱਲੋਂ ਖਰੀਦਣ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ।

- Advertisement -

ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਦੀਆਂ 46 ਸੀਟਾਂ ਲਈ ਹੋਈਆਂ ਚੋਣਾਂ ਵਿੱਚ ; ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 27 ਸੀਟਾਂ ਮਿਲੀਆਂ ਸਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 14 ਸੀਟਾਂ, ‘ਜਾਗੋ’ ਪਾਰਟੀ ਨੂੰ 3 ਸੀਟਾਂ, ਪੰਥਕ ਅਕਾਲੀ ਲਹਿਰ ਨੂੰ 1 ਅਤੇ 1 ਸੀਟ ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਸੀ।

Share this Article
Leave a comment