ਸੋਮਾਲੀਆ ‘ਚ ਰਾਸ਼ਟਰਪਤੀ ਭਵਨ ਨੇੜੇ ਆਤਮਘਾਤੀ ਹਮਲਾ, ਇੱਕ ਦੀ ਮੌਤ, 7 ਜ਼ਖਮੀ

TeamGlobalPunjab
2 Min Read

ਸੋਮਾਲੀਆ : ਰਾਜਧਾਨੀ ਮੇਗਾਦਿਸ਼ੂ ਚ ਰਾਸ਼ਟਰਪਤੀ ਭਵਨ ਨੇੜੇ ਇੱਕ ਆਤਮਘਾਤੀ ਹਮਲਾ ਹੋਇਆ ਹੈ, ਜਿਸ ਵਿੱਚ ਇਕ ਦੀ ਮੌਤ ਅਤੇ ਸੱਤ ਲੋਕ ਜ਼ਖਮੀ ਹੋ ਗਏ ਹਨ।ਰਾਸ਼ਟਰਪਤੀ ਭਵਨ ਦੇ ਬਾਹਰ ਜਾਂਚ ਚੌਕੀ ਨੇੜੇ ਖੜ੍ਹੀ ਇਕ ਗੱਡੀ ਦੇ ਵਿਚ ਜ਼ਬਰਦਸਤ ਧਮਾਕਾ ਹੋਇਆ। ਜਿਸ ਕਾਰਨ ਇਕ ਆਤਮਘਾਤੀ ਹਮਲਾਵਰ ਦੀ ਮੌਤ ਹੋ ਗਈ ਅਤੇ ਸੱਤ ਸਥਾਨਕ ਲੋਕ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸੋਮਾਲੀਆ ਪੁਲੀਸ ਵੱਲੋਂ ਦਿੱਤੀ ਗਈ ਹੈ।

ਪੁਲੀਸ ਦੇ ਬੁਲਾਰੇ ਸਾਦਿਕ ਅਲੀ ਅਦਨ ਨੇ ਦੱਸਿਆ ਕਿ ਇਕ ਸ਼ੱਕੀ ਗੱਡੀ ਦਾ ਡਰਾਈਵਰ ਰਾਸ਼ਟਰਪਤੀ ਭਵਨ ਵੱਲ ਵਧ ਰਿਹਾ ਸੀ, ਜਦੋਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਨੇ ਗੱਡੀ ਨੂੰ ਹੋਰ ਤੇਜ਼ ਕਰ ਲਿਆ। ਇਸ ਦੌਰਾਨ ਪੁਲੀਸ ਨੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਜਦੋਂ ਹਮਲਾਵਰ ਨੇ ਕਾਰ ਨੂੰ ਰੋਕਿਆ ਤਾਂ ਪੁਲੀਸ ਜਿਵੇਂ ਹੀ ਡਰਾਈਵਰ ਨੂੰ ਕਾਬੂ ਕਰਨ ਦੇ ਲਈ ਅੱਗੇ ਵਧੀ ਤਾਂ ਗੱਡੀ ਦੇ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਜਿਸ ਦੇ ਨਾਲ ਨੇੜੇ ਖੜ੍ਹੇ ਇਕ ਦਰਜਨ ਤੋਂ ਵੱਧ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਇਸ ਦੌਰਾਨ ਸੱਤ ਸਥਾਨਕ ਲੋਕ ਵੀ ਜ਼ਖਮੀ ਹੋ ਗਏ।

ਇਹ ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਸੋਮਾਲੀਆ ਦੇ ਲੀਡਰ ਚਰਚਾ ਕਰ ਰਹੇ ਸਨ ਕਿ ਦੇਸ਼ ਵਿਚ ਚੋਣਾਂ ਕਿਵੇਂ ਕਰਵਾਈਆਂ ਜਾਣ। ਕਈ ਲੀਡਰਾਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਮੁਹੰਮਦ ਅਬਦੁੱਲਾਹੀ ਮੁਹੰਮਦ ਜਨਾਦੇਸ਼ ਤੋਂ ਵੱਧ ਸਮੇਂ ਤਕ ਆਪਣੇ ਅਹੁਦੇ ਤੇ ਰਹੇ ਹਨ। ਦੂਸਰੇ ਪਾਸੇ ਕਈ ਲੀਡਰਾਂ ਦਾ ਕਹਿਣਾ ਸੀ ਕਿ ਕਾਰਜਕਾਲ ਚਾਰ ਸਾਲ ਦਾ ਹੋਣਾ ਚਾਹੀਦਾ ਹੈ।

Share this Article
Leave a comment