ਚੰਡੀਗੜ੍ਹ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਦਾ ਸਿਆਸੀ ਮਾਹੌਲ ਹੌਲੀ-ਹੌਲੀ ਭਖਦਾ ਜਾ ਰਿਹਾ ਹੈ। ਇਸ ਸਮੇਂ ਸਿਆਸੀ ਗਠਜੋੜ ਅਤੇ ਸਿਆਸੀ ਆਗੂਆਂ ਦੇ ਪਾਲਾ ਬਦਲਣ ਦਾ ਦੌਰ ਜਾਰੀ ਹੈ। ਇਸੇ ਕੜੀ ਵਿੱਚ ਭਲਕੇ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ।
ਖ਼ਬਰ ਹੈ ਕਿ ਸੁੱਚਾ ਸਿੰਘ ਛੋਟੇਪੁਰ ਭਲਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਛੋਟੇਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਖ਼ੁਦ ਐਲਾਨ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਵੱਲੋਂ ਛੋਟੇਪੁਰ ਨੂੰ ਬਟਾਲਾ ਹਲਕੇ ਤੋਂ ਟਿਕਟ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਦੀ ‘ਆਪ’ ਵਿੱਚ ਵਾਪਸੀ ਨੂੰ ਲੈ ਕੇ ਵੀ ਹਲਚਲ ਸ਼ੁਰੂ ਹੋਈ ਸੀ, ਪਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।
ਦੱਸ ਦਈਏ ਕਿ ਸੁੱਚਾ ਸਿੰਘ ਛੋਟੇਪੁਰ ਪਹਿਲਾਂ ‘ਆਮ ਆਦਮੀ ਪਾਰਟੀ’ ਦੇ ਪੰਜਾਬ ਕਨਵੀਨਰ ਸਨ, ਪਰ ਬਾਅਦ ਵਿੱਚ ਹਾਈਕਮਾਨ ਨਾਲ ਟਕਰਾਅ ਤੋਂ ਬਾਅਦ ਉਨ੍ਹਾਂ 2016 ਵਿੱਚ ‘ਆਪਣਾ ਪੰਜਾਬ’ ਪਾਰਟੀ ਬਣਾ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਇਸ ਦੌਰਾਨ ਉਹ ਸਫਲ ਤਾਂ ਨਹੀਂ ਹੋਏ, ਪਰ ਉਨ੍ਹਾਂ ‘ਆਪ’ ਦਾ ਖਾਸਾ ਨੁਕਸਾਨ ਜ਼ਰੂਰ ਕੀਤਾ।