-ਅਵਤਾਰ ਸਿੰਘ;
ਪੰਜਾਬ ਵਿੱਚ ਕਾਲੇ ਦੌਰ ਦੀ ਸ਼ੁਰੂਆਤ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਦੇ ਸੰਮੇਲਨ ਨੂੰ ਰੋਕਣ ਗਏ ਸਿੱਖ ਜਥੇ ਨਾਲ ਹੋਈ ਝੜਪ ਵਿੱਚ ਚੱਲੀਆਂ ਗੋਲੀਆਂ ਨਾਲ 17 ਸਿੱਖਾਂ ਦੇ ਕਤਲਾਂ ਨਾਲ ਹੋਈ।
ਇਸ ਤੋਂ ਬਾਅਦ ਜਲੰਧਰ ਦੇ ਸਮਾਚਾਰ ਸਮੂਹ ਅਖਬਾਰਾਂ ਵਿੱਚ ਸੰਪਾਦਕੀ ਤੇ ਹੋਰ ਲੇਖਾਂ ਦੀ ਜੰਗ ਚਲਦੀ ਰਹੀ। 9 ਸਤੰਬਰ 1981 ਨੂੰ ਹਿੰਦ ਸਮਾਚਾਰ ਸਮੂਹ ਗਰੁੱਪ ਦੇ ਮਾਲਕ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ। ਇਸ ਮਗਰੋਂ ਨਿਰੰਕਾਰੀ ਮੁਖੀ ਬਾਬਾ ਗੁਰਬਚਨ ਸਿੰਘ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਇਹ ਦੌਰ। ਅਕਾਲੀ ਆਗੂ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਹੇਠ ਪੰਜਾਬ ਨੂੰ ਚੰਡੀਗੜ੍ਹ ਵਿੱਚ ਸ਼ਾਮਲ ਕਰਨ, ਪਾਣੀਆਂ ਦੀ ਵੰਡ ਤੇ ਹੋਰ ਮੰਗਾਂ ਨੂੰ ਲੈ ਕੇ ਅਪ੍ਰੈਲ 1978 ਵਿੱਚ ਚਲਿਆ ਧਰਮ ਯੁੱਧ ਮੋਰਚਾ 18/7/1982 ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਗਿਆ।
ਇਸ ਤੋਂ ਪਹਿਲਾਂ ਸਾਲ 1981 ਦੇ ਅੱਧ ਵਿੱਚ ਪੰਜਾਬ ਵਿਚ ਫਿਰਕੂ ਜਲੂਸ, ਫਿਰਕੂ ਬਿਆਨਬਾਜੀ ਤੇ ਫਿਰਕੂ ਨਾਅਰਿਆਂ ਦੇ ਨਾਲ ਨਾਲ ਧਾਰਮਿਕ ਅਸਥਾਨਾਂ ‘ਤੇ ਸਿਗਰਟਾਂ, ਬੀੜੀਆਂ ਤੇ ਗਊਆਂ ਦੇ ਸਿਰ ਤੇ ਪੂਛਾਂ ਸੁੱਟਣ ਕਾਰਨ ਪੰਜਾਬ ਦੋ ਫਿਰਕੂ ਹਿੱਸਿਆਂ ਵਿੱਚ ਵੰਡਿਆ ਗਿਆ।
ਦਲ ਖਾਲਸਾ ਤੋਂ ਬਾਅਦ ਸਮੇਂ ਸਮੇਂ ਖਾੜਕੂ ਜਥੇਬੰਦੀਆਂ ਬੱਬਰ ਖਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂਵਾਲਾ ਟਾਇਗਰ ਫੋਰਸ ਆਦਿ ਹੋਂਦ ਵਿੱਚ ਆਈਆਂ।
ਡਾਕਟਰ ਸੋਹਣ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਪੰਥਕ ਕਮੇਟੀ ਬਣੀ। ਹਿੰਦੂਆਂ ਦੇ ਕਤਲਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਉਘੇ ਆਗੂ ਤੇ ਹਰਚੰਦ ਲੌਂਗੋਵਾਲ ਦਾ ਕਤਲ, ਵਿਅਕਤੀਗਤ ਕਤਲ ਤੇ ਨਿੱਜੀ ਦੁਸ਼ਮਣੀਆਂ ਕੱਢਣ ਤੇ ਪੁਲੀਸ ਮੁਕਾਬਲਿਆਂ ਦਾ ਦੌਰ ਵੀ ਚਲਦਾ ਰਿਹਾ।
ਦਰਬਾਰ ਸਾਹਿਬ ਤੇ ਸਰਾਂ ਵਿੱਚ ਵੱਡੀ ਪੱਧਰ ‘ਤੇ ਖਾੜਕੂ ਜਮਾਂ ਹੋਣ ਕਾਰਨ ਆਏ ਦਿਨ ਹੋ ਰਹੇ ਕਤਲਾਂ ਕਾਰਣ ਪਹਿਲਾਂ ਤੋਂ ਤਾਇਨਾਤ ਸੀ ਆਰ ਪੀ ਤੋਂ ਬਿਨਾਂ ਪਹਿਲੀ ਜੂਨ ਨੂੰ ਫੌਜ ਲਾਉਣ ਦੇ ਹੁਕਮ ਦਿੱਤੇ ਗਏ।
ਤਿੰਨ ਜੂਨ, 1984 ਨੂੰ ਪੰਜਾਬ ‘ਚ ਕਰਫਿਉ ਲਾ ਕੇ 5-6 ਜੂਨ ਨੂੰ ਲਗਭਗ 38 ਗੁਰਦੁਆਰਿਆਂ ਤੇ ਸ਼੍ਰੀ ਹਰਮੰਦਿਰ ਦਰਬਾਰ ਸਾਹਿਬ ਵਿੱਚ ਖਾੜਕੂਆਂ ਖਿਲਾਫ ਐਕਸ਼ਨ ਕੀਤਾ ਗਿਆ। ਜਿਸ ਨੂੰ ਨੀਲਾ ਤਾਰਾ (ਘੱਲੂਘਾਰਾ) ਦਾ ਨਾਂ ਦਿੱਤਾ ਗਿਆ। ਇਸ ਵਿੱਚ ਫੌਜੀਆਂ ਤੋਂ ਇਲਾਵਾਂ ਬਹੁਤ ਸਾਰੇ ਨਿਰਦੋਸ਼ ਪੰਜਾਬੀ ਵੀ ਇਸ ਹਮਲੇ ਵਿਚ ਮਾਰੇ ਗਏ।
ਤਤਕਾਲੀ ਪ੍ਰਧਾਨ ਸ਼੍ਰੀਮਤੀ ਮੰਤਰੀ ਇੰਦਰਾ ਗਾਂਧੀ ਨੂੰ ਇਸ ਹਮਲੇ ਕਾਰਣ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ 31 ਅਕਤੂਬਰ 1984 ਵਿਚ ਹੋਣਾ ਪਿਆ। ਇਸ ਤੋਂ ਬਾਅਦ ਦਿੱਲੀ ਅਤੇ ਕਈ ਹੋਰ ਥਾਵਾਂ ਵਿੱਚ ਸਭ ਤੋਂ ਵੱਧ ਸਿੱਖਾਂ ਦਾ ਕਤਲੇਆਮ ਨਵੰਬਰ 1984 ਦੇ ਪਹਿਲੇ ਹਫ਼ਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਕਾਂਗਰਸ ਸਰਕਾਰਾਂ ਵਾਲੇ ਰਾਜਾਂ ਵਿੱਚ ਹੋਇਆ।
ਸਾਕਾ ਨੀਲਾ ਤਾਰਾ ਸਮੇਂ ਦੇ ਜਨਰਲ ਬਰਾੜ ਦੀ ਡਾਇਰੀ ਮੁਤਾਬਿਕ ਇਸ ਨੀਲਾ ਤਾਰਾ ਸਾਕੇ ਸਮੇਂ 15307 ਲੋਕ ਮਾਰੇ ਗਏ ਤੇ 17000 ਤੋਂ ਵੱਧ ਜਖਮੀ ਹੋਏ। 379 ਨੂੰ ਜੋਧਪੁਰ ਜੇਲ੍ਹ ਵਿੱਚ ਭੇਜਿਆ ਗਿਆ।
1986 ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦੁਬਾਰਾ ਦਰਬਾਰ ਸਾਹਿਬ ਨੂੰ ਬਲੈਕ ਥੰਡਰ ‘ਕਾਲੀ ਗਰਜ’ ਨਾਂ ਦੇ ਐਕਸ਼ਨ ਨਾਲ ਮੁੜ ਖਾੜਕੂਆਂ ਤੋਂ ਮੁਕਤ ਕਰਵਾਇਆ ਗਿਆ। ਇਸ ਤੋਂ ਬਾਅਦ ਤੇਜੀ ਨਾਲ ਖਾੜਕੂ ਜਥੇਬੰਦੀਆਂ ਨੇ ਕਤਲਾਂ ਦਾ ਦੌਰ ਸ਼ੁਰੂ ਕਰ ਦਿੱਤਾ।
ਹਿੰਦੂ, ਕਾਂਗਰਸੀ, ਕਮਿਉਨਿਸਟ, ਹਰ ਵਿਰੋਧੀਆਂ ਦੇ ਕਤਲ ਹੋਣ ਲੱਗੇ, ਟੱਬਰਾਂ ਦੇ ਟੱਬਰ ਅੱਤਵਾਦ ਦੀ ਭੇਟ ਚੜ੍ਹ ਗਏ। ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਨੇ ਬਣਦਿਆਂ ਹੀ ਸਖਤੀ ਕਰਦਿਆਂ 1992-93 ਵਿੱਚ ਸੱਚੇ/ਝੂਠੇ ਪੁਲਿਸ ਮੁਕਾਬਲੇ ਕਰਕੇ ਖਾੜਕੂਆਂ ਦਾ ਦੌਰ ਖਤਮ ਕੀਤਾ ਜਿਸ ਦੀ ਕੀਮਤ ਉਸਨੂੰ ਵੀ 31 ਅਗਸਤ 1995 ਨੂੰ ਚੁਕਾਉਣੀ ਪਈ।
ਡੇਢ ਦਹਾਕਾ ਜਿੰਨਾ ਪੰਜਾਬੀਆਂ ਨੇ ਇਹ ਔਖਾ ਸਮਾਂ ਵੇਖਿਆ ਜਾਂ ਆਪਣੇ ਪਿੰਡੇ ‘ਤੇ ਹੰਢਾਇਆ ਉਹ ਅਜਿਹਾ ਸਮਾਂ ਕਦੇ ਨਹੀਂ ਭੁੱਲਦੇ। ਉਸ ਦੌਰ ਵਿੱਚ ਜਿਨ੍ਹਾਂ ਮਾਵਾਂ ਦੇ ਪੁੱਤ, ਜਿਨ੍ਹਾਂ ਭੈਣਾਂ ਦੇ ਭਰਾ, ਜਿਨ੍ਹਾਂ ਦੇ ਪਤੀ ਇਸ ਜਹਾਨੋਂ ਚਲੇ ਗਏ ਉਹ ਭੁੱਬਾਂ ਮਾਰ ਕੇ ਅੱਜ ਵੀ ਕਹਿੰਦੀਆਂ ਅਜਿਹਾ ਸਮਾਂ ਕਦੇ ਨਾ ਆਵੇ।
*****
ਖਵਾਜਾ ਅਹਿਮਦ ਅੱਬਾਸ ਜਨਮ ਦਿਨ
ਪ੍ਰਸਿੱਧ ਪੱਤਰਕਾਰ, ਫਿਲਮ ਨਿਰਦੇਸ਼ਕ ਤੇ ਲੇਖਕ ਖਵਾਜਾ ਅਹਿਮਦ ਅੱਬਾਸ ਦਾ ਜਨਮ ਹਰਿਆਣਾ ਦੇ ਸ਼ਹਿਰ ਪਾਣੀਪਤ ਵਿਖੇ 7 ਜੂਨ 1914 ਨੂੰ ਹੋਇਆ। ਉਸਦੇ ਪਿਤਾ ਕਵੀ ਖਵਾਜਾ ਅਲਤਾਫ ਹੁਸੈਨ ਹਾਲੀ ਮਿਰਜਾ ਗਾਲਿਬ ਦੇ ਵਿਦਿਆਰਥੀ ਰਹੇ ਸਨ। ਉਸਦੇ ਦਾਦਾ ਖਵਾਜਾ ਗਰਾਮ ਅਬਾਸ 1857 ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਸਨ।
ਮੁੱਢਲੀ ਵਿੱਦਿਆ ਤੋਂ ਬਾਅਦ 1935 ਵਿੱਚ ਅਲੀਗੜ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦਿੱਲੀ ਦੇ ‘ਨੈਸ਼ਨਲ ਕਾਲ’ ਰਾਂਹੀ ਪੱਤਰਕਾਰੀ ਸ਼ੁਰੂ ਕੀਤੀ। ਇਸੇ ਸਾਲ ‘ਬੰਬੇ ਕਰਾਨੀਕਲ’ ਵਿੱਚ ਉਸਦਾ ਕਾਲਮ ‘ਦਾ ਲਾਸਟ ਪੇਜ’ ਸ਼ੁਰੂ ਹੋਇਆ ਜੋ ਪੱਤਰਕਾਰੀ ਵਿੱਚ ਸਭ ਤੋਂ ਲੰਮਾ ਮੰਨਿਆ ਜਾਂਦਾ ਹੈ, ਇਹ ਉਨ੍ਹਾਂ ਦੇ ਦੇਹਾਂਤ ਤਕ ਵੀਕਲੀ ‘ਬਲਿਟਜ’ ਵਿੱਚ ਲਗਾਤਾਰ 1987 ਤੱਕ (52 ਸਾਲ) ਚਲਦਾ ਰਿਹਾ।
ਉਨ੍ਹਾਂ ਨੇ ਛੇ ਦਰਜਨ ਕਿਤਾਬਾਂ ਅੰਗਰੇਜੀ, ਹਿੰਦੀ ਤੇ ਉਰਦੂ ਵਿੱਚ ਲਿਖੀਆਂ। ਉਨ੍ਹਾਂ ਦੀਆਂ ਕਈ ਰਚਨਾਵਾਂ ਰੂਸੀ ਜਰਮਨੀ, ਫਰਾਂਸੀਸੀ, ਇਤਾਲਵੀ, ਅਰਬੀ ਵਿੱਚ ਅਨੁਵਾਦ ਹੋਈਆਂ। ਉਨ੍ਹਾਂ ਨੇ ਦੇਸ਼ ਤੇ ਵਿਦੇਸਾਂ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਰੂਜਵੇਲਟ, ਰੂਸ ਦੇ ਖਰੁਸ਼ਚੇਵ, ਚੀਨ ਦੇ ਮਾਉ ਜੇ ਤੁੰਗ, ਚਾਰਲੀ ਚੈਪਲਿਨ, ਯੂਰੀ ਗਾਗਰਿਨ ਆਦਿ ਨਾਲ ਮੁਲਾਕਾਤ ਕੀਤੀ। ਸੰਪਰਦਾਇਕ ਹਿੰਸਾ ਤੇ ਉਸਦਾ ਨਾਵਲ ‘ਇਨਕਲਾਬ’ ਬਹੁਤ ਪ੍ਰਸਿੱਧ ਹੋਇਆ।
45 ਫਿਲਮਾਂ ਲਈ ਨਿਰਦੇਸ਼ਕ, ਸੰਵਾਦ ਲੇਖਕ ਤੇ ਸਕਰੀਨ ਪਲੇਅ ਵੱਜੋਂ ਕੰਮ ਕੀਤਾ। ਅਨੇਕਾਂ ਫਿਲਮਾਂ ਨੂੰ ਇਨਾਮ ਤੇ ਸਰਟੀਫਿਕੇਟ ਮਿਲੇ। ਉਸ ਦੀਆਂ ਪ੍ਰਸਿੱਧ ਫਿਲਮਾਂ ਪ੍ਰਦੇਸੀ, ਸਾਤ ਹਿੰਦੋਸਤਾਨੀ, ਦੋ ਬੂੰਦ ਪਾਣੀ ਤੇ ਨਕਸਲਬਾੜੀ ਹਨ। ਉਸਨੂੰ ਸਾਹਿਤਕ, ਉਰਦੂ ਅਕਾਦਮੀ, ਗਾਲਿਬ ਪੁਰਸਕਾਰ, ਸੋਵੀਅਤ ਲੈਂਡ ਪੁਰਸਕਾਰ, ਪਦਮ ਸ਼੍ਰੀ ਆਦਿ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਉਨਾਂ ਦਾ ਪਹਿਲੀ ਜੂਨ 1987 ਨੂੰ ਮੁੰਬਈ ਵਿਖੇ ਦੇਹਾਂਤ ਹੋ ਗਿਆ।