ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟ,ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਵੱਖ-ਵੱਖ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ ਈ ਟੀ-2020) ਕਰਵਾਈ ਗਈ ਜਿਸ ਵਿੱਚ ਕੁੱਲ 2239 ਵਿਦਿਆਰਥੀਆਂ ਨੇ ਦਾਖਲੇ ਲਈ ਹਿੱਸਾ ਲਿਆ। ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਐਨ ਕੇ ਖੁੱਲਰ ਨੇ ਦੱਸਿਆ ਕਿ ਇਸ ਪ੍ਰੀਖਿਆ ਰਾਹੀਂ ਬੀ ਐਸ ਸੀ ਆਨਰਜ਼ (ਐਗਰੀਕਲਚਰ) 4-ਸਾਲ, ਬੀ ਐਸਸੀ ਆਨਰਜ਼ (ਹਾਰਟੀਕਲਚਰ) 4-ਸਾਲ, ਬੀ ਟੈਕ (ਬਾਇਓਤਕਨਾਲੋਜੀ) 4-ਸਾਲਾ, ਬੀ ਟੈਕ (ਫੂਡ ਤਕਨਾਲੋਜੀ) 4-ਸਾਲਾ, ਬੀ ਐਸ ਸੀ (ਆਨਰਜ਼) ਕਮਿਊਨਿਟੀ ਸਾਇੰਸ 4-ਸਾਲ, ਬੀ ਐਸ ਸੀ (ਆਨਰਜ਼) ਨਿਊਟ੍ਰੀਸ਼ਨ ਐਂਡ ਡਾਇਟਿਕਸ 4-ਸਾਲ ਅਤੇ ਪੰਜ ਸਾਲਾਂ ਇੰਟੀਗਰੇਟਡ ਐਮ ਐਸ ਸੀ (ਆਨਰਜ਼) ਪ੍ਰੋਗਰਾਮ (ਬਾਇਓ-ਕਮਿਸਟਰੀ, ਬੋਟਨੀ, ਕਮਿਸਟਰੀ, ਮਾਈਕ੍ਰਬਾਇਓਲੋਜੀ ਅਤੇ ਜ਼ੁਆਲੋਜੀ) ਵਿੱਚ ਬੈਠੈ।
ਡਾ. ਐਨ ਕੇ ਖੁੱਲਰ ਨੇ ਦੱਸਿਆ ਕਿ ਦਾਖਲਾ ਲੈਣ ਲਈ ਵਿਦਿਆਰਥੀਆਂ ਦੇ ਕੁੱਲ 3007 ਬਿਨੈਪੱਤਰ ਪ੍ਰਾਪਤ ਹੋਏ। ਪਹਿਲੀ ਵਾਰ ਇਹ ਹੋਇਆ ਕਿ ਪ੍ਰਵੇਸ਼ ਪ੍ਰੀਖਿਆ ਲਈ ਪ੍ਰੀਖਿਆ ਕੇਂਦਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਜਿਵੇਂ ਅੰਮ੍ਰਿਤਸਰ, ਅਬੋਹਰ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਲੁਧਿਆਣਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਬਣਾਏ ਗਏ ਸਨ। ਅਜਿਹਾ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਹੂਲਤ ਲਈ ਕੀਤਾ ਗਿਆ ਸੀ। ਲੁਧਿਆਣਾ ਵਿੱਚ ਵੀ ਚਾਰ ਕੇਂਦਰ ਬਣਾਏ ਗਏ ਜਿਨ੍ਹਾਂ ਵਿੱਚੋਂ ਦੋ ਪੀ.ਏ.ਯੂ. ਵਿੱਚ ਅਤੇ ਇੱਕ-ਇੱਕ ਕੇਂਦਰ ਕ੍ਰਮਵਾਰ ਆਰ ਐਸ ਮਾਡਲ ਸਕੂਲ ਅਤੇ ਕੇ ਵੀ ਐਮ ਸਕੂਲ ਵਿੱਚ ਸਨ। ਡਾ. ਖੁੱਲਰ ਨੇ ਦੱਸਿਆ ਕਿ ਸ਼ੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣ ਦੇ ਨਿਯਮਾਂ ਨੂੰ ਲਾਜ਼ਮੀ ਤੌਰ ਤੇ ਲਾਗੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦਾ ਤਾਪਮਾਨ ਵੀ ਮਾਪਿਆ ਗਿਆ। ਸਾਰੇ ਪ੍ਰੀਖਿਆ ਕੇਂਦਰਾਂ ਨੂੰ ਬਾਖੂਬੀ ਸੈਨੈਟਾਈਜ਼ ਵੀ ਕੀਤਾ ਗਿਆ ਸੀ।
ਪੀ.ਏ.ਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀ ਇਸ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਵੈਬਸਾਈਟ www.pau.edu ‘ਤੇ ਦੇਖ ਸਕਦੇ ਹਨ।