ਜਲੰਧਰ: ਸ਼ਹਿਰ ਦੀ ਬਸਤੀ ਸ਼ੇਖ ਦੇ ਬਾਜ਼ਾਰ ਵਿੱਚ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਦੇ 20 ਸਾਲਾ ਪੁੱਤਰ ਮੰਥਨ ਸ਼ਰਮਾ ਉਰਫ ਮਾਨਿਕ ਨੇ ਆਪਣੇ ਪਿਤਾ ਦੀ ਲਾਈਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਾਨਿਕ ਡੀਏਵੀ ਕਾਲਜ ਦਾ ਵਿਦਿਆਰਥੀ ਸੀ ਤੇ ਮੋਬਾਇਲ ‘ਤੇ ਪਬਜੀ ਗੇਮ ਖੇਡਣ ਦਾ ਸ਼ੌਕੀਨ ਸੀ।
ਮਾਨਿਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰ ਵੇਲੇ ਮੋਬਾਇਲ ਵਿੱਚ ਹੀ ਲੱਗਿਆ ਰਹਿੰਦਾ ਸੀ। ਇਸ ਵਜ੍ਹਾ ਕਾਰਨ ਪੜ੍ਹਾਈ ਵਿੱਚ ਵੀ ਉਸ ਦੇ ਨੰਬਰ ਘੱਟ ਆਏ ਸਨ। ਉਹ ਡੀਏਵੀ ਕਾਲਜ ਤੋਂ ਬੀਕਾਮ ਕਰ ਰਿਹਾ ਸੀ। ਇਸ ਵਾਰ ਫਾਈਨਲ ਯੀਅਰ ਸੀ , ਇਸ ਲਈ ਉਹ ਉਸਨੂੰ ਪੜ੍ਹਾਈ ਲਈ ਕਹਿੰਦੇ ਸਨ।
ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਮਾਨਿਕ ਪੜਾਈ ਵਿੱਚ ਥੋੜ੍ਹਾ ਕਮਜ਼ੋਰ ਸੀ ਤੇ ਬੀਕਾਮ ਵਿੱਚ ਪੜ੍ਹਦਾ ਸੀ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਪੜ੍ਹਨ ਲਈ ਕਹਿੰਦੇ ਸਨ। ਮਾਨਿਕ ਸਾਰਾ ਦਿਨ ਆਪਣੇ ਮੋਬਾਇਲ ਉੱਤੇ ਲੱਗਿਆ ਰਹਿੰਦਾ ਸੀ, ਜਿਸ ਦੇ ਚਲਦੇ ਉਸ ਦੇ ਪਿਤਾ ਨੇ ਉਸਦਾ ਮੋਬਾਇਲ ਖੌਹ ਲਿਆ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਮਾਨਿਕ ਨੇ ਵੀਰਵਾਰ ਲਗਭਗ ਦੁਪਹਿਰ 12 ਵਜੇ ਪਿਤਾ ਦੀ ਲਾਈਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਮਾਨਿਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਸਾਇਡ ਨੋਟ ਵੀ ਛੱਡਿਆ ਹੈ। ਇਸ ਵਿੱਚ ਉਸ ਨੇ ਪੈਂਸਲ ਨਾਲ ਲਿਖਿਆ ਹੈ ਕਿ ਮੈਂ ਬਹੁਤ ਬੁਰਾ ਹਾਂ।