ਸੁੰਦਰ ਸ਼ਾਮ ਅਰੋੜਾ ਦਾ ਬੈਂਸ ਨੂੰ ਜਵਾਬ, ਕੂੜ ਪ੍ਰਚਾਰ ਫੈਲਾ ਕੇ ਲੋਕਾਂ ਨੂੰ ਨਾ ਕਰੋ ਗੁੰਮਰਾਹ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਲੋਕ ਇਨਸਾਫ ਪਾਰਟੀ (ਐਲ.ਆਈ.ਪੀ.) ਦੇ ਮੁਖੀ ਸਿਮਰਜੀਤ ਬੈਂਸ ‘ਤੇ ਵਰ੍ਹਦਿਆਂ ਆਖਿਆ ਕਿ ਉਹ ਸਨਅਤੀ ਵਿਕਾਸ ਲਈ ਪੇਂਡੂ ਖੇਤਰਾਂ ਵਿੱਚ ਲੈਂਡ ਬੈਕਾਂ ਬਣਾਉਣ ਲਈ ਸੂਬਾ ਸਰਕਾਰ ਦੇ ਫੈਸਲੇ ਵਿਰੁੱਧ ਕੂੜ ਪ੍ਰਚਾਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਬੈਂਸ ‘ਤੇ ਜ਼ੋਰਦਾਰ ਹੱਲਾ ਬੋਲਦਿਆਂ ਉਦਯੋਗ ਮੰਤਰੀ ਨੇ ਸਰਕਾਰ ਵੱਲੋਂ ਪੰਜਾਬ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ) ਰੂਲਜ਼, 1964 ਵਿੱਚ ਸੋਧ ਕਰਨ ਦੇ ਕੀਤੇ ਫੈਸਲੇ ‘ਤੇ ਗਲਤਫਹਿਮੀ ਪੈਦਾ ਕਰਨ ਲਈ ਉਸ ਨੂੰ ਅਤੇ ਲੋਕ ਇਨਸਾਫ ਪਾਰਟੀ ਨੂੰ ਕਰੜੇ ਹੱਥੀਂ ਲਿਆ।

ਐਲ.ਆਈ.ਪੀ. ਵੱਲੋਂ ਇਸ ਮੁੱਦੇ ‘ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਨੂੰ ਸਿਆਸੀ ਸੰਟਟ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਵਰਗਲਾਉਣਾ ਹੈ। ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੈਂਸ ਪੂਰੀ ਤਰ੍ਹਾਂ ਝੂਠ ਤੇ ਮਨਘੜਤ ਗੱਲਾਂ ਵਿੱਚ ਗਲਤਾਨ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਲੋਕ ਇਨਸਾਫ ਪਾਰਟੀ ਸੂਬੇ ਦੇ ਸਿਆਸੀ ਪਿੜ ਵਿੱਚੋਂ ਪੂਰੀ ਤਰ੍ਹਾਂ ਮਨਫੀ ਹੋ ਗਈ ਹੈ ਜਿਸ ਕਰਕੇ ਉਹ ਆਪਣੇ ਪੈਰ ਜਮਾਉਣ ਲਈ ਅਜਿਹੇ ਢੰਗ-ਤਰੀਕਿਆਂ ਨਾਲ ਹੱਥ-ਪੈਰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਦਯੋਗ ਮੰਤਰੀ ਨੇ ਕਿਹਾ ਕਿ ਸਕੀਮ ਤਹਿਤ ਪੇਂਡੂ ਲੈਂਡ ਬੈਂਕਾਂ ਕਾਇਮ ਕਰਨਾ ਸਵੈ-ਇਛੁੱਕ ਫੈਸਲਾ ਹੈ ਅਤੇ ਪੰਚਾਇਤਾਂ ਦੀ ਮਰਜ਼ੀ ਨਾਲ ਜੁੜਿਆ ਹੈ ਜਿਸ ਕਰਕੇ ਪੰਚਾਇਤਾਂ ਨੂੰ ਕੋਈ ਵੀ ਜ਼ਮੀਨ ਵੇਚਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਬੈਂਸ ਦੇ ਝੂਠੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਜ਼ਮੀਨ ਵੇਚਣ ਲਈ ਰਾਜ਼ੀ ਹੈ ਤਾਂ ਉਸ ਨੂੰ ਇਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।

- Advertisement -

ਅਰੋੜਾ ਨੇ ਅੱਗੇ ਕਿਹਾ ਕਿ ਇਹ ਸਕੀਮ ਸਿਰਫ ਕੁਝ ਇਲਾਕਿਆਂ ਤੱਕ ਹੀ ਸੀਮਿਤ ਹੈ ਅਤੇ ਸਮੁੱਚੇ ਸੂਬੇ ਵਿੱਚ ਅਜਿਹਾ 2-3 ਤੋਂ ਵੱਧ ਜ਼ਮੀਨੀ ਰਕਬਾ ਨਹੀਂ ਹੈ ਅਤੇ ਸਹੀ ਢੰਗ ਨਾਲ ਉਦਯੋਗਿਕ ਪਾਰਕ ਵਿਕਸਤ ਕਰਨ ਲਈ ਇਹ ਜ਼ਮੀਨ ਕਾਫੀ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਬੈਂਸ ਪੰਜਾਬ ਬਾਰੇ ਬੁਨਿਆਦੀ ਤੱਥਾਂ ਤੋਂ ਅਣਜਾਣ ਹਨ ਜਾਂ ਫਿਰ ਆਪਣੇ ਸਿਆਸੀ ਮੁਫਾਦਾਂ ਖਾਤਰ ਇਨ੍ਹਾਂ ਤੱਥਾਂ ਨੂੰ ਜਾਣਬੁੱਝ ਕੇ ਅੱਖੋਂ-ਪਰੋਖੇ ਕਰ ਰਹੇ ਹਨ।

ਉਦਯੋਗ ਮੰਤਰੀ ਨੇ ਕਿਹਾ ਕਿ ਉਦਯੋਗਿਕ ਵਿਕਾਸ ਸੂਬੇ ਦਾ ਮੁੱਖ ਧੁਰਾ ਹੈ ਅਤੇ ਐਲ.ਆਈ.ਪੀ. ਨੂੰ ਸੂਬੇ ਦੇ ਵਿਕਾਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ,”ਪੰਜਾਬ ਨੂੰ ਵਿਕਾਸ ਦੀ ਲੋੜ ਹੈ ਅਤੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦੀ ਪਰ ਬੈਂਸ ਨੂੰ ਇਸ ਦੀ ਪ੍ਰਵਾਹ ਨਹੀਂ ਸਗੋਂ ਉਹ ਆਪਣੀ ਸਿਆਸੀ ਚੌਧਰ ਜਮਾਉਣ ਵਿੱਚ ਲੱਗੇ ਹੋਏ ਹਨ।” ਉਨ੍ਹਾਂ ਨੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੋਂ ਚੌਕਸ ਰਹਿਣ ਲਈ ਆਖਿਆ।

ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਘਰ-ਘਰ ਰੋਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਨ ਨੂੰ ਯਕੀਨੀ ਬਣਾ ਰਹੀ ਹੈ ਜਿਸ ਵਿੱਚ ਉਦਯੋਗਿਕ ਵਿਕਾਸ ਦੀ ਕਾਰਗਰ ਭੂਮਿਕਾ ਹੈ। ਅਰੋੜਾ ਨੇ ਬੈਂਸ ਨੂੰ ਅਜਿਹਾ ਕੂੜ ਪ੍ਰਚਾਰ ਫੈਲਾਏ ਜਾਣ ਵਿਰੁੱਧ ਤਾੜਨਾ ਕਰਦਿਆਂ ਕਿਹਾ ਕਿ ਲੋਕ ਅਜਿਹੀਆਂ ਸ਼ੋਸ਼ੇਬਾਜ਼ੀਆਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਹਨ।

Share this Article
Leave a comment