ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਭ੍ਰਿਸ਼ਟਾਚਾਰ ਮਾਮਲਿਆਂ ‘ਚ ਸ਼ਾਮਿਲ ਹੋਣ ਦੇ ਸ਼ੱਕ ਕਾਰਨ ਵਿਜੀਲੈਂਸ ਨੇ ਸਰਕਾਰ ਤੋਂ ਜਾਂਚ ਦੀ ਆਗਿਆ ਮੰਗੀ ਹੈ। ਦਸ ਦਈਏ ਕਿ ਇਹ ਮਾਮਲਾ ਗੋਆ ‘ਚ ਸੂਬਾ ਸਰਕਾਰ ਦੀ ਜ਼ਮੀਨ ਨੂੰ ਸਸਤੇ ਭਾਅ ਉੱਤੇ ਦੇਣ ਨਾਲ ਜੁੜਿਆ ਹੋਇਆ ਹੈ। ਭ੍ਰਿਸ਼ਟਾਚਾਰ ਰੋਕੂ ਐਕਟ 1996 ਦੀ ਧਾਰਾ 17A ਤਹਿਤ ਇਹ ਪ੍ਰਵਾਨਗੀ ਲਾਜ਼ਮੀ ਮੰਨੀ ਜਾਂਦੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਸਰਕਾਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਆਗਿਆ ਮੰਗੀ ਹੈ। ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਚਰਨਜੀਤ ਚੰਨੀ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦਸਣਯੋਗ ਹੈ ਕਿ ਵਿਜੀਲੈਂਸ ਦੀਆਂ ਤੇਜ਼ ਸਰਗਰਮੀਆਂ ਕਾਰਨ ਸਾਬਕਾ ਮੁੱਖ ਮੰਤਰੀ ਲਈ ਮੁਸ਼ਕਿਲਾਂ ਦਾ ਵਧਣਾ ਸੁਭਾਵਿਕ ਹੈ। ਵਿਜੀਲੈਂਸ ਨਿੱਤ ਦਿਨ ਸਾਬਕਾ ਮੰਤਰੀਆਂ ਉੱਤੇ ਸ਼ਿਕੰਜਾ ਕੱਸ ਰਿਹਾ ਹੈ। ਆਪਣੀ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲਿਆਂ ਉੱਤੇ ਪੁਸ਼ਟੀ ਤੋਂ ਬਾਅਦ ਹੀ ਕਿਸੇ ਵੀ ਮੰਤਰੀ ਜਾਂ ਅਧਿਕਾਰੀ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਕੰਮ ਕਰਨ ਵਾਲੇ ਆਈਏਐੱਸ ਅਧਿਕਾਰੀਆਂ ਖਿਲਾਫ਼ ਵੀ ਜਾਂਚ ਚੱਲ ਰਹੀ ਹੈ।
ਕੈਪਟਨ ਸਰਕਾਰ ਸਮੇਂ ਚਰਨਜੀਤ ਸਿੰਘ ਚੰਨੀ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਸਨ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵੀ ਇਸ ਵਿਭਾਗ ਦਾ ਕਾਰਜ ਉਨ੍ਹਾਂ ਨੇ ਆਪਣੇ ਹੱਥ ਚ ਹੀ ਰੱਖਿਆ। ਇਸ ਵਿਭਾਗ ਨਾਲ ਸਬੰਧਿਤ ਜ਼ਮੀਨ ਦੇ ਸਸਤੇ ਭਾਅ ਉੱਤੇ ਦੇਣ ਦੇ ਦੋਸ਼ ਅਧੀਨ ਹੀ ਉਨ੍ਹਾਂ ਖਿਲਾਫ਼ ਕਾਰਵਾਈ ਦਾਇਰ ਕੀਤੀ ਗਈ ਹੈ। ਵਿਜੀਲੈਂਸ ਨੇ ਇਸ ਸਬੰਧੀ ਸਾਰੇ ਦਸਤਾਵੇਜ਼ ਕਬਜ਼ੇ ਵਿੱਚ ਲੈ ਲਏ ਹਨ। ਵਿਜੀਲੈਂਸ ਦੀ ਟੀਮ ਅਪ੍ਰੈਲ ਮਹੀਨੇ ਤੋਂ ਚਰਨਜੀਤ ਚੰਨੀ ਤੋ ਪੁੱਛਗਿੱਛ ਕਰ ਰਹੀ ਹੈ। ਹੁਣ ਤੱਕ ਟੀਮ ਵੱਲੋਂ 100 ਦੇ ਕਰੀਬ ਸਵਾਲ ਪੁੱਛੇ ਜਾ ਚੁੱਕੇ ਹਨ। ਤਫਤੀਸ਼ ਦੌਰਾਨ ਸੂਬੇ ਚ ਕਾਂਗਰਸ ਸਰਕਾਰ ਸਮੇਂ ਹੋਣ ਵਾਲੇ ਕੰਮਾਂ ਨਾਲ ਸਬੰਧਿਤ ਸਵਾਲ ਖੜ੍ਹੇ ਕੀਤੇ ਗਏ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.