ਬ੍ਰਿਟੇਨ ‘ਚ ਸਿੱਖ ਫ਼ੌਜੀਆਂ ਦੇ ਸਨਮਾਨ ਲਈ ਸਥਾਪਿਤ ਕੀਤਾ ਗਿਆ ਬੁੱਤ

Prabhjot Kaur
2 Min Read

ਲੰਦਨ: ਬ੍ਰਿਟੇਨ ਲਈ ਸਿੱਖ ਫ਼ੌਜੀਆਂ ਨੇ ਵਿਸ਼ਵ ਭਰ ਵਿੱਚ ਕਈ ਜੰਗਾਂ ਲੜੀਆਂ ਸਨ। ਉਨ੍ਹਾਂ ਦੇ ਸਨਮਾਨ ਲਈ ਇੱਕ ਉਪਰਾਲਾ ਕਰਦਿਆਂ ਬਰਤਾਨੀਆ ਦੇ ਲੀਸੇਸਟਰ ਸ਼ਹਿਰ ਵਿੱਚ ਸਿੱਖ ਫ਼ੌਜੀ ਦਾ ਬੁੱਤ ਬਣਾਇਆ ਗਿਆ, ਜਿਸ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਕਾਂਸੀ ਦਾ ਬਣਿਆ ਇਹ ਬੁੱਤ ਵਿਕਟੋਰੀਆ ਪਾਰਕ ਵਿੱਚ ਗਰੇਨਾਈਟ ਦੇ ਚਬੂਤਰੇ ‘ਤੇ ਸਥਿਤ ਹੈ। ਸਿੱਖ ਟਰੂਪਸ ਵਾਰ ਮੈਮੋਰੀਅਲ ਕਮੇਟੀ ਨੇ ਕਿਹਾ ਕਿ ਇਹ ਬੁੱਤ ਇੱਥੇ ਪਹਿਲਾਂ ਹੀ ਮੌਜੂਦ ਜੰਗੀ ਯਾਦਗਾਰ ਹੋਵੇਗਾ। ਰਿਪੋਰਟ ਵਿੱਚ ਕਿਹਾ ਗਿਆ ਕਿ ਪਹਿਲੀ ਵਿਸ਼ਵ ਜੰਗ ਸਮੇਂ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ 20 ਫੀਸਦੀ ਤੋਂ ਵੱਧ ਸਿੱਖ ਸ਼ਾਮਲ ਸਨ।

ਤਰਨਜੀਤ ਸਿੰਘ ਵੱਲੋਂ ਬਣਾਏ ਗਏ ਇੱਕ ਫ਼ੌਜੀ ਦੇ ਤਾਜ਼ਾ ਆਦਮ ਕੱਦ ਬੁੱਤ ਲਈ ਸਿੱਖ ਕਮਿਊਨਿਟੀ ਕੌਂਸਲ ਤੇ ਸਿੱਖ ਸੰਸਥਾਵਾਂ ਵੱਲੋਂ ਦਾਨ ਦਿੱਤਾ ਗਿਆ ਸੀ। ਸਿੱਖ ਸੋਲਜਰ ਵਾਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ ਨੇ ਕਿਹਾ ਕਿ ਸਾਨੂੰ ਇਨ੍ਹਾਂ ਬਹਾਦਰ ਜਵਾਨਾਂ ਦੇ ਬਲੀਦਾਨ ਦਾ ਸਨਮਾਨ ਕਰਨ ਲਈ ਇਸ ਬੁੱਤ ਦਾ ਉਦਘਾਟਨ ਕਰਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਨ੍ਹਾਂ ਸਿੱਖਾਂ ਨੇ ਇੱਕ ਅਜਿਹੇ ਦੇਸ਼ ਲਈ ਲੜਨ ਲਈ ਹਜ਼ਾਰਾਂ ਮੀਲ ਦੀ ਯਾਤਰਾ ਕੀਤੀ, ਜੋ ਉਨ੍ਹਾਂ ਦਾ ਆਪਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਬੁੱਤ ਉਨ੍ਹਾਂ ਸਿੱਖਾਂ ਨੂੰ ਯਾਦ ਦਵਾਉਣ ਦਾ ਕੰਮ ਕਰੇਗੀ, ਜਿਨ੍ਹਾਂ ਨੇ ਲੀਸੇਸਟਰ ਸ਼ਹਿਰ ਨੂੰ ਆਪਣਾ ਘਰ ਬਣਾਇਆ ਹੈ।

ਲੀਸੇਸਟਰ ਸਿਟੀ ਕੌਂਸਲ ਦੇ ਮੈਂਬਰ ਪਿਆਰਾ ਸਿੰਘ ਕਲੇਅਰ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਸਿੱਖ ਭਾਈਚਾਰੇ ਨੇ ਸਾਡੇ ਸ਼ਹਿਰ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨਾਂ ਨੂੰ ਬਹੁਤ ਖੁਸ਼ੀ ਹੈ ਕਿ ਵਿਕਟੋਰੀਆ ਪਾਰਕ ਵਿੱਚ ਇੱਕ ਸਿੱਖ ਫੌਜੀ ਦਾ ਬੁੱਤ ਸਥਾਪਤ ਕੀਤਾ ਗਿਆ, ਜਿਸ ਨਾਲ ਇੱਥੇ ਆਉਣ ਵਾਲੇ ਲੋਕਾਂ ਨੂੰ ਸਿੱਖਾਂ ਦੇ ਬਹਾਦਰੀ ਬਾਰੇ ਜਾਣਨ ਦਾ ਮੌਕਾ ਮਿਲੇਗਾ। ਪਿਆਰਾ ਸਿੰਘ ਨੇ ਕਿਹਾ ਕਿ ਇਹ ਬੁੱਤ ਪਾਰਕ ਵਿੱਚ ਸਥਿਤ ਹੋਰ ਯਾਦਗਾਰਾਂ ਨਾਲ ਸਿੱਖ ਫ਼ੌਜੀਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਵੇਗਾ। ਫ਼ੌਜੀ ਦੇ ਬੁੱਤ ਦਾ ਉਦਘਾਟਨ ਸਮਾਗਮ ਡੀ ਮੋਂਟਫੋਰਟ ਹਾਲ ਵਿੱਚ ਹੋਇਆ, ਜਿਸ ਵਿੱਚ ਹਥਿਆਰਬੰਦ ਫ਼ੌਜਾਂ ਦੇ ਨੁਮਾਇੰਦਿਆਂ ਸਣੇ ਸੈਂਕੜੇ ਲੋਕ ਸ਼ਾਮਲ ਹੋਏ।

Share this Article
Leave a comment