ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇੱਕ ਹੋਰ ਅਜੀਬੋ-ਗਰੀਬ ਬਿਆਨ- “ਦੇਸ਼ ‘ਚ ਕੋੋਰੋਨਾ ਸੰਕਰਮਣ ਦੇ ਜ਼ਿਆਦਾ ਮਾਮਲੇ ਸਨਮਾਨ ਦੀ ਗੱਲ”

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਜਿਸ ਕਾਰਨ ਕਈ ਵਾਰ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੁੰਦੀ ਹੈ। ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਮਹਮਾਰੀ ਨੂੰ ਲੈ ਕੇ ਇੱਕ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਜਿਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਸੰਕਰਮਣ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਜ਼ਿਆਦਾ ਹੋਣਾ ਇੱਕ ਸਨਮਾਨ ਵਾਲੀ ਗੱਲ ਹੈ।

ਟਰੰਪ ਨੇ ਬੀਤੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਕਿਹਾ, “ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਸੰਕਰਮਣ ਦੇ ਮਾਮਲਿਆਂ ਵਿੱਚ ਅੱਗੇ ਹਾਂ ਤਾਂ ਮੈਂ ਇਸ ਗੱਲ ਨੂੰ ਬੁਰਾ ਨਹੀਂ ਮੰਨਦਾ। ਇਸਦਾ ਮਤਲਬ ਹੈ ਕਿ ਅਸੀਂ ਬਾਕੀ ਦੇਸ਼ਾਂ ਤੋਂ ਜ਼ਿਆਦਾ ਟੈਸਟਿੰਗ ਕੀਤੀ ਹੈ। ਇਹ ਚੰਗੀ ਗੱਲ ਹੈ, ਕਿਉਂਕਿ ਇਹ ਦਰਸਾਉਂਦਾ ਹੈ ਕਿ ਸਾਡੀ ਟੈਸਟਿੰਗ ਬਾਕੀਆਂ ਨਾਲੋਂ ਬਿਹਤਰ ਹੈ। ਮੈਂ ਇਸ ਨੂੰ ਇੱਕ ‘ਸਨਮਾਨ’ ਵਜੋਂ ਵੇਖਦਾ ਹਾਂ।”

ਡੈਮੋਕਰੇਟਿਕ ਨੈਸ਼ਨਲ ਕਮੇਟੀ ਨੇ ਟਰੰਪ ਦੇ ਬਿਆਨ ਦੀ ਅਲੋਚਨਾ ਕੀਤੀ ਹੈ। ਕਮੇਟੀ ਨੇ ਟਵੀਟ ‘ਚ ਕਿਹਾ, “ਦੇਸ਼ ‘ਚ ਕੋਰੋਨਾ ਦੇ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਉਣਾ ਪੂਰੀ ਤਰ੍ਹਾਂ ਨਾਲ ਸਾਡੇ ਦੇਸ਼ ਦੀ ਲੀਡਰਸ਼ਿਪ ਦੀ ਅਸਫਲਤਾ ਦੀ ਨਿਸ਼ਾਨੀ ਹੈ। ਪਿਛਲੇ ਹਫ਼ਤੇ ਸੈਨੇਟ ਦੀ ਬੈਠਕ ਵਿਚ ਵੀ ਇਸ ‘ਤੇ ਸਵਾਲ ਕੀਤੇ ਗਏ ਸਨ। ਇਸ ‘ਚ ਰਿਪਬਲਿਕਨ ਸੰਸਦ ਮੈਂਬਰ ਮਿੱਟ ਰੋਮਨੀ ਨੇ ਕਿਹਾ ਕਿ ਦੇਸ਼ ਦਾ ਟੈਸਟਿੰਗ ਰਿਕਾਰਡ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੇ ਗਏ ਟੈਸਟ ਆਪਣੇ ਆਪ ‘ਚ ਪੂਰਨ ਨਹੀਂ ਹਨ ਅਤੇ ਨਾਲ ਹੀ ਇਸ ‘ਚ ਖੁਸ਼ ਹੋਣ ਵਾਲੀ ਵੀ ਕੋਈ ਗੱਲ ਨਹੀਂ ਹੈ।

ਅਮਰੀਕਾ ਦੇ ਸੈਂਟਰ ਫਾਰ ਡੀਜੀਜ ਕੰਟਰੋਲ ਬੋਰਡ ਦੇ ਅਨੁਸਾਰ, ਮੰਗਲਵਾਰ ਤੱਕ ਯੂਐਸ ਵਿੱਚ 16 ਮਿਲੀਅਨ ਟੈਸਟ ਕੀਤੇ ਜਾ ਚੁੱਕੇ ਹਨ। ਆਕਸਫੋਰਡ ਯੂਨੀਵਰਸਿਟੀ ਆਧਾਰਿਤ ਸਾਇੰਟੀਫਿਕ ਪਬਲੀਕੇਸ਼ਨ ਦੇ ਅਨੁਸਾਰ ਅਮਰੀਕਾ ਕੈਪਟਾ ਟੈਸਟਿੰਗ ਦੇ ਆਧਾਰ ‘ਤੇ ਕਾਫੀ ਪਿੱਛੇ ਹੈ। ਹਰ 1 ਹਜ਼ਾਰ ਲੋਕਾਂ ਦੀ ਟੈਸਟਿੰਗ ਦੇ ਮਾਮਲੇ ‘ਚ ਇਹ ਦੁਨੀਆ ਵਿਚ 16ਵੇਂ ਸਥਾਨ ‘ਤੇ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਅਮਰੀਕਾ ਵਿੱਚ ਹੁਣ ਤੱਕ 15 ਲੱਖ 70 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 93 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

- Advertisement -

Share this Article
Leave a comment