ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ: ਜੈਵੀਰ ਸ਼ੇਰਗਿੱਲ

Global Team
4 Min Read

ਚੰਡੀਗੜ੍ਹ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਵਿੱਚ ਆਪ ਦਾ ਸੂਰਜ ਛੇਤੀ ਹੀ ਡੁੱਬੇਗਾ। ਇੱਥੇ ਜਾਰੀ ਇੱਕ ਬਿਆਨ ਵਿੱਚ ਸ਼ੇਰਗਿੱਲ ਨੇ ਕਿਹਾ ਕਿ ਆਪ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕੁੱਲ 205 ਸੀਟਾਂ ‘ਤੇ ਚੋਣ ਲੜੀ ਸੀ ਅਤੇ ਸਾਰੀਆਂ ਸੀਟਾਂ ਹਾਰ ਗਈ। ਅਜਿਹੇ ‘ਚ ਪਾਰਟੀ ਨੂੰ ਮੱਧ ਪ੍ਰਦੇਸ਼ ‘ਚ ਸਿਰਫ 0.53 ਫੀਸਦੀ, ਛੱਤੀਸਗੜ੍ਹ ‘ਚ 0.93 ਫੀਸਦੀ ਅਤੇ ਰਾਜਸਥਾਨ ‘ਚ 0.38 ਫੀਸਦੀ ਵੋਟਾਂ ਹੀ ਮਿਲ ਸਕੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਮਹਿਲਾ ਵੋਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਸ਼ਵਾਸ ਦਾ ਸਪੱਸ਼ਟ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਮਹਿਲਾ ਵੋਟਰਾਂ ਨੇ ਜਿਸ ਤਰ੍ਹਾਂ ਧੋਖੇ ਦਾ ਬਦਲਾ ਲਿਆ ਹੈ, ਉਸੇ ਤਰ੍ਹਾਂ ਨਾਲ ਪੰਜਾਬ ਦੀਆਂ ਮਹਿਲਾ ਵੋਟਰਾਂ ਬਦਲਾ ਲੈਣਗੀਆਂ।

ਸ਼ੇਰਗਿੱਲ ਨੇ ਪੰਜਾਬ ਦੀਆਂ ਮਹਿਲਾ ਵੋਟਰਾਂ ਬਾਰੇ ਵਿਸ਼ੇਸ਼ ਤੌਰ ‘ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਧੋਖਾ ਕਰਨਾ ਅਤੇ ਪਿੱਠ ‘ਚ ਛੁਰਾ ਮਾਰਨਾ ਇਹ ਦਰਸਾਉਂਦਾ ਹੈ ਕਿ ਆਪਣੀ ਐਡਵਰਟਾਈਜਿੰਗ ਪਾਰਟੀ (ਆਪ) ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਤੋੜ ਕੇ ਪੰਜਾਬ ਦੇ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਇਸੇ ਸਿਲਸਿਲੇ ਵਿੱਚ ਪੰਜਾਬ ਵਿੱਚ ਆਪ ਨੂੰ ਸੱਤਾ ਵਿੱਚ ਆਏ ਇੱਕ ਸਾਲ ਨੌਂ ਮਹੀਨੇ ਦਾ ਸਮਾਂ ਹੋ ਗਿਆ ਹੈ, ਪਰ ਇਸਨੇ ਆਪਣਾ ਮੁੱਖ ਚੋਣ ਵਾਅਦਾ ਪੂਰਾ ਨਾ ਕਰਕੇ ਕਰੀਬ 1.31 ਕਰੋੜ ਯੋਗ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਤੋਂ ਅਜੇ ਤੱਕ ਵਾਂਝਾ ਰੱਖਿਆ ਹੋਇਆ ਹੈ।

ਸ਼ੇਰਗਿੱਲ ਨੇ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਚੋਣ ਪ੍ਰਚਾਰ ‘ਤੇ ਸਰਕਾਰੀ ਖਜ਼ਾਨੇ ‘ਚੋਂ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ, ਪਰ ਇਨ੍ਹਾਂ ਸੂਬਿਆਂ ਦੇ ਲੋਕਾਂ ਨੇ ਉਨ੍ਹਾਂ ਦੇ ਫਰਜ਼ੀ ਪੰਜਾਬ ਮਾਡਲ ਨੂੰ ਨਹੀਂ ਖਰੀਦਿਆ ਅਤੇ ਆਪ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ।

ਅਜਿਹੇ ‘ਚ ਭਾਜਪਾ ਆਗੂ ਨੇ ਸਵਾਲ ਕੀਤਾ ਕਿ ਜੇਕਰ ਮਾਨ ਸਰਕਾਰ ਪਾਰਟੀ ਦੀ ਪਹੁੰਚ ਨੂੰ ਦੂਜੇ ਸੂਬਿਆਂ ‘ਚ ਫੈਲਾਉਣ ਅਤੇ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਖਾਹਿਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ‘ਚ ਕਰੋੜਾਂ ਰੁਪਏ ਬਰਬਾਦ ਕਰ ਸਕਦੀ ਹੈ, ਤਾਂ ਫਿਰ ਸਰਕਾਰ ਆਪਣੇ ਹੀ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਹਰ ਮਹੀਨੇ ਦੀ ਵਿੱਤੀ ਸਹਾਇਤਾ ਦੇਣ ਦਾ ਆਪਣਾ ਵਾਅਦਾ ਕਿਉਂ ਨਹੀਂ ਪੂਰਾ ਕਰ ਰਹੀ ਹੈ।

- Advertisement -

ਸ਼ੇਰਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਮੀਡੀਆ ਵਿੱਚ ਆਪਣੀ ਤਸਵੀਰ ਦੇਖਣ ਦੇ ਇੰਨੇ ਸ਼ੌਕੀਨ ਹਨ ਕਿ ਕਰੋੜਾਂ ਰੁਪਈਆਂ ਦੇ ਫੰਡ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਰਤੇ ਜਾਣ ਦੀ ਬਜਾਏ ਉਨ੍ਹਾਂ ਦੇ ਪ੍ਰਚਾਰ ‘ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਆਪ ਨੇ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਆਪ ਨੇ ਪੰਜਾਬ ਦੀਆਂ ਮਹਿਲਾ ਵੋਟਰਾਂ ਨੂੰ ਧੋਖਾ ਦੇ ਕੇ ਵੱਡੀ ਗਲਤੀ ਕੀਤੀ ਹੈ। ਪੰਜਾਬ ਦੀਆਂ ਮਹਿਲਾ ਵੋਟਰ ਇਸ ਸਰਕਾਰ ਨੂੰ ਆਉਣ ਵਾਲੀਆਂ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ ਵਿੱਚ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੌਰਾਨ ਉਨ੍ਹਾਂ ਆਪ ਨੂੰ ਵੱਡੇ ਝੂਠਾਂ ਦੀ ਪਾਰਟੀ ਕਰਾਰ ਦਿੱਤਾ।

Share this Article
Leave a comment