ਸਪਸ਼ਟ ਨਿਰਧਾਰਿਤ ਲੁੱਟ ਦੀ ਵਿਧੀ ਨੇ ਸਰਕਾਰ, ਪੀਏਯੂ ਤੇ ਬੀਜ ਘੁਟਾਲਾਬਾਜ਼ਾਂ ਦੇ ਤਿਕੋਣੇ ਭ੍ਰਿਸ਼ਟ ਗਠਜੋੜ ਦਾ ਪਰਦਾਫਾਸ਼ ਕੀਤਾ : ਸੁਖਬੀਰ ਬਾਦਲ

TeamGlobalPunjab
6 Min Read

-ਕਾਂਗਰਸ ਸਰਕਾਰ ਦੇ ਬੀਜਾਂ ਦਾ ਡੀ ਐਨ ਏ ਹੀ ਭ੍ਰਿਸ਼ਟ

-ਪੀ ਏ ਯੂ ਖੇਤੀ ਦੀ ਮਾਂ ; ਇਸਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਧੋਖਾ ਕਰਨਾ ਬਾਲ ਹੱਤਿਆ ਦੇ ਬਰਾਬਰ

-ਸ਼੍ਰੋਮਣੀ ਅਕਾਲੀ ਦਲ ਨੇ ਝੂਠੀ ਤੇ ਧਿਆਨ ਪਾਸੇ ਕਰਨ ਵਾਲੀ ਜਾਂਚ ਕੀਤੀ ਰੱਦ, ਮੁਲਜ਼ਮਾਂ ਦੀ ਹਿਰਾਸਤੀ ਪੁੱਛਗਿੱਛ ਦੀ ਕੀਤੀ ਮੰਗ

-ਬੀਜ ਘੁਟਾਲੇ ਦੀ ਵਡੇਰੀ ਤੇ ਨਿਰਪੱਖ ਨਿਆਂਇਕ ਜਾਂਚ ਦੀ ਕੀਤੀ ਮੰਗ

- Advertisement -

-ਬੀਜ ਘੁਟਾਲਾਬਾਜ਼ਾਂ ਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਿਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਕਿਸਾਨ ਸੂਬੇ ਵਿਚ ਕਾਂਗਰਸ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਇਕ ਵਰਗ ਅਤੇ ਵਿਸ਼ਾਲ ਤੇ ਸ਼ਕਤੀਸ਼ਾਲੀ ਬੀਜ ਮਾਫੀਆ ਵਿਚਾਲੇ ਸਨਕੀ ਗਠਜੋੜ ਦੇ ਬੇਵਸ ਪੀੜਤ ਬਣ ਗਏ ਹਨ।

ਉਹਨਾਂ ਨੇ ਇਸ ਸੰਸਥਾ ਪੀ ਏ ਯੂ ਦੀ ਵੱਡੀ ਸਾਖ਼ ਬਚਾਉਣ ਲਈ ਅਤੇ ਕਿਸਾਨਾਂ ਦੇ ਇਸ ‘ਤੇ ਵਿਸ਼ਵਾਸ ਨੂੰ ਬਹਾਲ ਕਰਵਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿਸਾਨ ਹਮੇਸ਼ਾ ਖੇਤੀਬਾੜੀ ਯੂਨੀਵਰਸਿਟੀ ਨੂੰ ਆਧੁਨਿਕ ਖੇਤੀ ਦੀ ਮਾਂ ਵਜੋਂ ਵੇਖਦੇ ਹਨ। ਇਸ ਲਈ ਯੂਨੀਵਰਸਿਟੀ ਦੇ ਕੁਝ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਧੋਖਾ ਕਰਨਾ ਬੇਰਹਿਮ ਬਾਲ ਹੱਤਿਆ ਦੇ ਬਰਾਬਰ ਹੈ।  ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਕੁਝ ਅਧਿਕਾਰੀਆਂ ਦੇ ਕੀਤੇ ਕਾਰੇ ਲਈ ਸਾਰੀ ਯੂਨੀਵਰਸਿਟੀ ਸਿਰ ਦੋਸ਼ ਮੜ੍ਹਨ ਤੋਂ ਸਪਸ਼ਟ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਵਿਲੱਖਣ ਯੂਨੀਵਰਸਿਟੀ ਦੀ ਮਹਾਨ ਸਾਖ਼ ਬਚਾਉਣ ਲਈ ਇਕ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਕਾਂਗਰਸੀ ਆਗੂ ਤੇ ਭ੍ਰਿਸ਼ਟ ਅਧਿਕਾਰੀ ਹੈਰਾਨੀਜਨਕ ਬੀਜ ਘੁਟਾਲੇ ਵਰਗੀਆਂ ਆਪਣੀਆਂ ਨਾਪਾਕ ਕਰਤੂਤਾਂ ਰਾਹੀਂ ਇਸਦੀ ਸਾਖ਼ ਨੂੰ ਖਤਮ ਕਰਨ ‘ਤੇ ਤੁਲੇ ਹੋਏ ਹਨ।

ਸਰਕਾਰ ‘ਤੇ ਮਿਥੀ ਹੋਈ ਜਾਂਚ ਵਰਗੀਆਂ ਧਿਆਨ ਪਾਸੇ ਕਰਨ ਵਾਲੀਆਂ ਜੁਗਤਾਂ ਲਾਉਣ ਦਾ ਦੋਸ਼ ਲਾਉਂਦਿਆਂ  ਬਾਦਲ ਨੇ ਕਿਹਾ ਕਿ ਮੁੱਖ ਮੁਲਜ਼ਮਾਂ ਦੀ ਹਿਰਾਸਤੀ ਪੁੱਛ ਗਿੱਛ ਹੀ ਸੱਚਾਈ ਸਾਹਮਣੇ ਲਿਆਉਣ ਵਿਚ ਮਦਦ ਕਰ ਸਕਦੀ ਹੈ। ਉਹਨਾਂ ਸਵਾਲ ਕੀਤਾ ਕਿ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ ? ਉਹਨਾਂ ਕਿਹਾ ਕਿ ਸਾਰਾ ਘੁਟਾਲਾ ਕਾਂਗਰਸ ਦੇ ਵੱਡੇ ਵੱਡੇ ਆਗੂਆਂ ਵੱਲੋਂ ਬਣਾਈ ਬਹੁਤ ਹੀ ਸੋਚੀ ਸਮਝਦੀ ਯੋਜਨਾ ਹੈ ਜਿਸ ਵਿਚ ਇਹਨਾਂ ਦੀ ਸਰਪ੍ਰਸਤੀ ਹਾਸਲ ਮੌਜੂਦਾ ਸਰਕਾਰ ਦੇ ਭ੍ਰਿਸ਼ਟ ਅਧਿਕਾਰੀ ਇਕ ਪਾਸੇ ਹਨ ਜਦਕਿ ਪੀ ਏ ਯੂ ਦੇ ਅਨੈਤਿਕ ਅਧਿਕਾਰੀ ਦੂਜੇ ਪਾਸੇ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਇਹ ਖੋਜ ਤੇ ਸਰਕਾਰੀ ਸਪਲਾਈ ਤੇ ਕੰਟਰੋਲ ਦੇ ਨਾਂ ‘ਤੇ ਇਕ ਅਧਿਕਾਰਤ ਪ੍ਰੋਫੈਸ਼ਨਲ ਤੇ ਸਿਆਸੀ ਠੱਗੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਵਿਚ ਸਾਸ਼ਕ ‘ਬੀਜ ਘੁਟਾਲਾ ਬਾਜ਼, ਸ਼ਰਾਬ ਦੇ ਆਗੂ ਤੇ ਮਾਇਨਿੰਗ ਮਾਫੀਆ” ਵਰਗੇ ਖਿਤਾਬਾਂ ਨਾਲ ਨਿਵਾਜੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅੱਜ ਮੀਡੀਆ ਵਿਚ ਹੋਏ ਸਨਸਨੀਖੇਜ ਖੁਲਾਸਿਆਂ ਵਿਚ ਇਸ ਭ੍ਰਿਸ਼ਟ ਤਿਕੋਣੇ ਗਠਜੋੜ ਸਰਕਾਰ, ਪੀ ਏ ਯੂ ਦੇ ਅਧਿਕਾਰੀ ਤੇ ਨਕਲੀ ਬੀਜ ਦੇ ਡਿਸਟ੍ਰੀਬਿਊਟਰ ਤੇ ਰਿਟੇਲਰਾਂ ਵੱਲੋਂ ਅਪਣਾਈ ਜਾ ਰਹੀ ਸਪਸ਼ਟ ਨਿਰਧਾਰਿਤ ਲੁੱਟ ਦੀ ਵਿਧੀ ਦੇ ਖੁਲਾਸੇ ਨੇ ਸੂਬੇ ਨੂੰ ਹੈਰਾਨ ਕਰ ਦਿੱਤਾ ਹੈ ਕਿ ਕਿਵੇਂ ਇਹਨਾਂ ਨੇ ਸੂਬੇ ਤੇ ਸੰਭਵ ਤੌਰ ‘ਤੇ ਹੋਰਨਾਂ ਸੂਬਿਆਂ ਦੇ ਵੀ ਦੇ ਗਰੀਬ ਤੇ ਮਿਹਨਤੀ ਕਿਸਾਨਾਂ ਦੇ ਖੂਨ ਚੂਸਿਆ, ਇਸਦੇ ਵੇਰਵੇ ਹੁਣ ਮੀਡੀਆ ਰਾਹੀਂ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਜੋ ਗੱਲ ਅਕਾਲੀ ਦਲ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਹੈ, ਉਹ ਹੁਣ ਨਿਰਪੱਖ ਮੀਡੀਆ ਰਿਪੋਰਟਾਂ ਨਾਲ ਸਹੀ ਸਾਬਤ ਹੋ ਗਈ ਹੈ।

 ਬਾਦਲ ਨੇ ਕਿਹਾ ਕਿ ਬਿਨਾਂ ਸ਼ੱਕ ਹੁਣ ਇਹ ਸਾਬਤ ਹੋ ਗਿਆ ਹੈ ਕਿ ਕਿਸਾਨਾਂ ਨੂੰ ਬਿਨਾਂ ਪ੍ਰਵਾਨਗੀ ਜਾਂ ਸਰਟੀਫਿਕੇਸ਼ਨ ਤੋਂ ਵੇਚੇ ਜਾ ਰਹੇ ਬੀਜਾਂ ਦੀ ਡੀ ਐਨ ਏ ਰਿਪੋਰਟ ਵਿਚ ਵੀ ਉਹੀ ਜੈਵਿਕ ਤੱਤ ਸਨ ਜੋ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੇ ਬੀਜਾਂ ਵਿਚ ਸਨ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੋ ਗਿਆ ਹੈ ਕਿ ਸੂਬੇ ਵਿਚ ਕਾਂਗਰਸ ਸਰਕਾਰ ਦੇ ਵੱਡੇ ਵੱਡੇ ਆਗੂਆਂ ਦੇ ਨਾਲ ਨਾਲ ਪੀ ਏ ਯੂ ਦੇ ਅਧਿਕਾਰੀਆਂ ਦਾ ਇਕ ਵਰਗ ਗਰੀਬ ਤੇ ਮਿਹਨਤੀ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਲਈ ਬੀਜ ਘੁਟਾਲੇਬਾਜ਼ ਬਣ ਗਿਆ। ਉਹਨਾਂ ਕਿਹਾ ਕਿ ਇਸ ਘੁਟਾਲੇ ਵਿਚ ਸਰਕਾਰ ਦੇ ਉਚ ਅਧਿਕਾਰੀਆਂ ਦੀ ਇੰਨੀ ਵੱਡੇ ਪੱਧਰ ‘ਤੇ ਸ਼ਮੂਲੀਅਤ ਤੇ ਇਸ ਨਾਲ ਮਾਸੂਮ ਕਿਸਾਨਾਂ ਦੇ ਵੱਡੀ ਪੱਧਰ ‘ਤੇ ਹੋਏ ਨੁਕਸਾਨ ਇੰਨੇ ਹੈਰਾਨੀਜਨਕ ਹਨ ਕਿ ਸਿਰਫ ਇਕ ਉਚ ਪੱਧਰ ਦੀ ਨਿਰਪੱਖ ਜਾਂਚ ਜੋ ਤਰਜੀਹੀ ਤੌਰ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੋਂ ਕੀਤੀ ਜਾਵੇ, ਹੀ ਇਸਦਾ ਸੱਚ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਬੀਜ ਘੁਟਾਲੇ ਨੇ ਕਿਸੇ ਨੂੰੰ ਹੈਰਾਨ ਨਹੀਂ ਕੀਤਾ ਕਿਉਂਕਿ ਮੌਜੂਦਾ ਸਰਕਾਰ ਦੇ ਬੀਜਾਂ ਦਾ ਡੀ ਐਨ ਏ ਹੀ ਭ੍ਰਿਸ਼ਟ ਹੈ।

- Advertisement -

ਸਾਬਕਾ ਉਪ ਮੁੱਖ ਮੰਤਰੀ ਨੇ ਹੋਰ ਕਿਹਾ ਕਿ ਮੀਡੀਆ ਵਿਚ ਬਹੁਤ ਹੀ ਵਿਸ਼ਵਾਸਯੋਗ ਵਰਗ ਨੇ ਨਿਰਵਿਵਾਦ ਸਬੂਤਾਂ ਨਾਲ ਇਹ ਰਿਪੋਰਟ ਦਿੱਤੀ ਹੈ ਕਿ ਕਾਂਗਰਸ ਵੱਲੋਂ ਸਪਾਂਸਰ ਕੀਤੇ ਮਾਫੀਆ ਵੱਲੋਂ ਜੋ ਬੀਜ ਵੇਚੇ ਜਾ ਰਹੇ ਸਨ, ਉਹ ਪੀ ਏ ਯੂ ਤੋਂ ਆਏ ਸਨ, ਇਹ ਹੋਰਨਾਂ ਥਾਵਾਂ ‘ਤੇ ਕਈ ਗੁਣਾਂ ਕੀਤੇ ਗਏ ਤੇ ਫਿਰ ਗਰੀਬ ਤੇ ਭੋਲੇ ਭਾਲੇ ਕਿਸਾਨਾਂ ਨੂੰ ਇਹ ਦਾਅਵਾ ਕਰਦਿਆਂ ਵੇਚ ਦਿੱਤੇ ਗਏ ਕਿ ਇਸਦੀ ਪੈਦਾਵਾਰ ਬਹੁਤ ਜ਼ਿਆਦਾ ਹੋਵੇਗਾ ਕਿਉਂਕਿ ਇਹਨਾਂ ਵਿਚ ਵੀ ਉਹੀ ਗੁਣ ਹਨ ਜੋ ਪੀ ਏ ਯੂ 201 ਵਿਚ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਸਪਾਂਸਰ ਕੀਤੇ ਤੇ ਸਰਕਾਰੀ ਤੌਰ ‘ਤੇ ਸਰਪ੍ਰਸਤੀ ਹਾਸਲ ਤੱਤਾਂ ਦੀ ਅਪਰਾਧਿਕ ਸ਼ਮੂਲੀਅਤ ਤੋਂ ਇਲਾਵਾ ਇਸ ਘੁਟਾਲੇ ਦੀ ਬਦਬੂ ਹਰੀ ਕ੍ਰਾਂਤੀ ਦੇ ਪਵਿੱਤਰ ਸਥਾਨ ਦੇ ‘ਕਿਸੇ ਕੋਨੇ’ ਤੋਂ ਆ ਰਹੀ ਪ੍ਰਤੀਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਨਾ ਸਿਰਫ ਸ਼ਰਮਨਾਕ ਹੈ ਬਲਕਿ ਇਸ ਨਾਲ ਡੂੰਘਾ ਦੁੱਖ ਵੀ ਲੱਗਾ ਹੈ ਕਿਉਂਕਿ ਇਸਨੇ ਕਿਸਾਨਾਂ ਦੇ ਉਸ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਹੈ ਜੋ ਇਹਨਾਂ ਵੱਲੋਂ ਇਸ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸੰਸਥਾ ‘ਤੇ ਕੀਤਾ ਜਾਂਦਾ ਸੀ।

Share this Article
Leave a comment