ਚੰਡੀਗੜ੍ਹ: ਦਿੱਲੀ ਦੀਆਂ ਬਰੂਹਾਂ ‘ਤੇ ਲੰਬਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਖੇਤੀ ਕਾਨੂੰਨ ਵਾਪਸ ਕਰਵਾ ਕੇ ਵਾਪਸ ਪਰਤੇ ਕਿਸਾਨ ਆਗੂਆਂ ਨੇ ਇਸ ਵਾਰ ਪਾਰਟੀ ਬਣਾ ਕੇ ਚੋਣਾਂ ਲੜੀਆਂ। ਪਰ ਸੰਯੁਕਤ ਸਮਾਜ ਮੋਰਚਾ ਦੇ 94 ਉਮੀਦਵਾਰਾਂ ‘ਚੋਂ 93 ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ।
ਐੱਸਐੱਸਐੱਮ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਵੀ ਉਨ੍ਹਾਂ ਉਮੀਦਵਾਰਾਂ ‘ਚ ਸ਼ਾਮਲ ਹਨ ਜੋ ਚੋਣ ਹਾਰ ਜਾਣ ਕਾਰਨ ਆਪਣੀ ਜ਼ਮਾਨਤ ਬਚਾਉਣ ਵਿੱਚ ਨਾਕਾਮ ਰਹੇ ਹਨ।
ਸਮਰਾਲਾ ਵਿਚ ਕੁੱਲ 1,32,736 ਵੋਟਾਂ ਪਈਆਂ ਜਿਸ ਵਿਚੋਂ ‘ਆਪ’ ਉਮੀਦਵਾਰ ਜਗਤਾਰ ਦਿਆਲਪੁਰਾ ਨੂੰ 57,126, ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੂੰ 26,537 ਅਤੇ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ 23,276 ਵੋਟਾਂ ਪਈਆਂ। ਉੱਥੇ ਹੀ ਰਾਜੇਵਾਲ ਨੂੰ ਸਿਰਫ਼ 4,676 ਵੋਟਾਂ ਮਿਲੀਆਂ, ਜੋ ਕਿ ਕੁੱਲ ਪਈਆਂ ਵੋਟਾਂ ਦਾ 3.5% ਬਣਦਾ ਹੈ।
ਮੋਰਚੇ ਵਿੱਚੋਂ ਸਿਰਫ ਲੱਖਾ ਸਿਧਾਣਾ ਹੀ ਆਪਣੀ ਜ਼ਮਾਨਤ ਬਚਾ ਸਕੇ, ਉਨ੍ਹਾਂ ਨੂੰ ਮੌੜ ਤੋਂ 28,091 ਵੋਟਾਂ ਪਈਆਂ।
ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੋਣ ਨਤੀਜਿਆਂ ਤੋਂ ਬਾਅਦ ਕਿਹਾ, ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਉਹ ਕਬੂਲ ਕਰਦੇ ਹਨ, ਲੋਕ ਬਦਲਾਅ ਚਾਹੁੰਦੇ ਸੀ ਤੇ ਉਨ੍ਹਾਂ ਨੇ ਇਸ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ। ਇਸ ਤੋਂ ਇਲਾਵਾ ਰਾਜੇਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਲੜਾਈ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ।