ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ – ਡਾ. ਰੂਪ ਸਿੰਘ

TeamGlobalPunjab
14 Min Read

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ

ਭਾਗ -1

                                           ਡਾ. ਰੂਪ ਸਿੰਘ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦੇ ਰੂਹਾਨੀ ਕੇਂਦਰਾਂ ’ਚੋਂ ਸਿਰਮੌਰ ਧਾਰਮਿਕ ਅਸਥਾਨ ਹੈ, ਜਿਸ ਨੂੰ ਦੁਨੀਆਂ ਦੇ ਸਾਫ਼-ਸੁਥਰੇ ਅਸਥਾਨਾਂ ’ਚੋਂ ਸਿਰਮੌਰ ਸਥਾਨ ਹਾਸਲ ਹੈ। ਰੂਹਾਨੀ ਵਾਤਾਵਰਣ ਤੇ ਸਾਫ਼-ਸਫ਼ਾਈ ਖੁਦਾਈ ਬਰਦਤ ਲਖਾਇਕ ਹੈ ਜੋ 24 ਘੰਟੇ ਸੇਵਾ-ਸਿਮਰਨ ਸਾਧਨਾ ਹੈ। ਸੇਵਾ ਤੋਂ ਭਾਵ ਟਹਿਲ, ਖਿਦਮਤ ਕਰਨਾ, ਪੂਜਾ ਕਰਨਾ, ਸਤਿਕਾਰ ਕਰਨਾ। ਬਿਨਾ ਕਿਸੇ ਸੇਵਾ ਫਲ ਤੋਂ ਦੂਸਰਿਆਂ ਦੇ ਭਲੇ ਹਿਤ ਕੀਤਾ ਕਾਰਜ ਸੇਵਾ ਸਦਵਾ ਸਕਦਾ ਹੈ। ਨਾਨਕ ਨਿਰਮਲ ਪੰਥ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਉਚ ਜਾਤੀਆਂ ਸੇਵਾ ਕਰਨਾ ਅਖੌਤੀ ਨੀਚ ਜਾਤ ਧਰਮ ਕਰਮ ਸੀ। ਵਿਚਾਰੇ ਸੂਦਰ ਕਹੇ ਜਾਂਦੇ ਲੋਕਾਂ ਦਾ ਕਰਮ/ਸੇਵਾ, ਉੱਚ ਜਾਤੀਆਂ ਦੀ ਕਿਰਤ ਕਰਨਾ ਸੀ-ਸ਼ੂਦਰਾਂ ਦਾ ਰਸਤਾ ਕਰਮ ਸੀ। ਖਤ੍ਰੀ ਸ਼ਬਦੰ ਸੂਰ ਸ਼ਬਦੰ ਸੂਦ੍ਰ ਸ਼ਬਦੰ ਪਰਾ ਚ੍ਰਿਤਹ ਜਿਸ ਨਾਲ ਸੇਵਾ ਕਰਾਉਣ ਵਾਲਾ ਹਉਮੈ ਹੰਕਾਰ ਹੁੰਦਾ ਤੇ ਕਰਣ ਵਾਲੇ ਨੂੰ ਅਹਿਸਾਸੇ ਕਮਤਰੀ ਦਾ ਅਹਿਸਾਸ। ਗੁਰਮਤਿ ਵਿਚਾਰਧਾਰਾ ਨੇ ਇਸ ਵਿਤਕਰੇ-ਵਿਖਰੇਵੇਂ ਨੂੰ ਸਦਾ ਲਈ ਸਮਾਪਤ ਕਰਦਿਆਂ ਸੇਵਕ ਨੂੰ ਸਿਰਦਾਰ ਹੋਣ ਦਾ ਸਤਿਕਾਰ ਬਖਸ਼ਿਸ਼ ਕੀਤਾ। ਸਿੱਖ ਅਕਾਲ ਪੁਰਖ ਵਾਹਿਗੁਰੂ ਨੂੰ ਸਰਵ-ਵਿਆਪੀ ਮੰਨਦਾ ਤੇ ਮਹਿਸੂਸ ਕਰਦਾ ਹੈ। ਇਹੀ ਕਾਰਨ ਹੈ ਕਿ ਸਿੱਖ ਸੇਵਾ ਹਮੇਸ਼ਾ ਸਤਿਗੁਰੂ ਦੀ ਹੀ ਕਰਦਾ ਹੈ। ਦੁਖੀ ਤੇ ਲੋੜਵੰਦ ਮਾਨਵਤਾ ਦੀ ਸੇਵਾ ਕਰਦਿਆਂ ਸਿੱਖ ਰੱਬੀ ਹੁਲਾਸ ਮਹਿਸੂਸ ਕਰਦਾ ਹੈ। ਸਿੱਖੀ ’ਚ ਸੇਵਾ ਤਾਂ ਕਰਤੇ ਨੂੰ ਰੀਝਾਉਣ ਤੇ ਪਾਉਣ ਦੀ ਪ੍ਰਕਿਆ ਹੈ। ਸੇਵਾ ’ਚ ਵਿਖਾਵੇ ਨੂੰ ਕੋਈ ਥਾਂ ਨਹੀਂ, ਇਹ ਤਾਂ ਆਪਣੀ ਹੋਂਦ-ਹਸਤੀ ਨੂੰ ਮਿਟਾਉਣ ਦਾ ਦੂਸਰਾ ਨਾਂ ਹੈ।

          ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 474)

ਆਓ ਅਜਿਹੀ ਸੇਵਾ ਭਾਵਨਾ ਦੇ ਦੀਦਾਰ ਕਰੀਏ। ਸੇਵਾ ਕਰਨ ਵਾਲੇ ਨੂੰ ਹਊਮੈ, ਹੰਕਾਰ, ਈਰਖਾ, ਦਵੈਸ਼, ਨਿੰਦਾ, ਚੁਗਲੀ ਆਦਿ ਤਿਆਗਣੀ ਪਵੇਗੀ। ਸ੍ਰੀ ਹਰਿਮੰਦਰ ਸਾਹਿਬ ਦਾ ਵਾਤਾਵਰਣ ਵਿਲੱਖਣ, ਵਿਸ਼ੇਸ਼ ਵਿਸ਼ਮਾਦੀ ਹੈ। ਪ੍ਰੇਮੀ ਪਰਕਰਮਾਂ ’ਚ ਸੀਸ ਝੁਕਾ, ਸਰਦਲ ਨੂੰ ਛੂਹ, ਨਤਮਸਤਕ ਹੋ ਇਲਾਹੀ ਅਨੁਭਵ ਮਹਿਸੂਸ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਲੱਗੀ ਹਰ ਵਸਤ ਭਾਗਸ਼ਾਲੀ ਹੈ। ਭਾਵੇਂ ਉਹ ਇੱਟਾਂ, ਫੁੱਲ-ਪੱਥਰ, ਸੰਗਮਰਮਰ, ਸੋਨ੍ਹਾ, ਚਾਂਦੀ, ਹੀਰੇ, ਜਵਾਹਰ, ਚਾਦਰਾਂ, ਗਲੀਫੇ, ਸੈਂਟ, ਰੁਮਾਲੇ, ਤੋਲੀਏ, ਪੱਤਲ, ਬਰਤਨ ਹੀ ਕਿਉਂ ਨਾਹ ਹੋਵੇ– ਹਰ ਵਸਤ ਦੀ ਸੇਵਾ ਸੰਭਾਲ ਜੋ ਇਥੇ ਹੁੰਦੀ ਹੈ ਹੋਰ ਕਿਧਰੇ ਨਹੀਂ ਹੋ ਸਕਦੀ। ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਤੇ ਸਤਿਕਾਰ ਜੋ ਸ੍ਰੀ ਹਰਿਮੰਦਰ ਸਾਹਿਬ ’ਚ ਹੈ ਹੋਰ ਕਿਧਰੇ ਨਹੀਂ।

- Advertisement -

ਸਿੱਖ ਧਰਮ ਸੰਸਾਰ ਦਾ ਆਧੁਨਿਕ ਧਰਮ ਹੈ, ਜਿਸ ਵਿਚ ਅਕਾਲ ਪੁਰਖ ਨੂੰ ਸਵੀਕਾਰਨ, ਮੰਨਣ ਅਤੇ ਜਪਣ ਦਾ ਉਪਦੇਸ਼ ਦ੍ਰਿੜ ਕਰਵਾਇਆ ਗਿਆ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ ਪ੍ਰਭੂ ਪਰਮਾਤਮਾ ਨੂੰ ਪਾਉਣ-ਰੀਝਾਉਣ ਦਾ ਢੰਗ ਤਰੀਕਾ-ਸੇਵਾ ਅਤੇ ਸਿਮਰਨ ਹੈ। ਸੇਵਾ ਪ੍ਰਭੂ ਭਗਤੀ ਦਾ ਨਿਰਮਲ ਨਿਸ਼ਕਾਮ ਸਾਧਨ ਹੈ। ਸੇਵਾ ਕਰਨ ਵਾਲਾ ਮਨੁੱਖ ਕੇਵਲ ਆਪਾ ਹੀ ਨਹੀਂ ਸਵਾਰਦਾ, ਸਗੋਂ ਸਮਾਜ ਅਤੇ ਮਾਨਵਤਾ ਵਾਸਤੇ ਸਦਉਪਯੋਗੀ ਘਾਲਣਾ ਘਾਲਦਾ ਹੈ। ਸੇਵਾ ਦੀਰਘ ਰੋਗ ਹਉਮੈ ਦੀ ਸਫਲ-ਸਾਰਥਕ ਤੇ ਸਸਤੀ ਦਵਾਈ ਹੈ। ਪਰ ਮਨੁੱਖ ਨੂੰ ਸੇਵਾ ਕਰਦਿਆਂ ਸੇਵਕ ਹੋਣ ਦੀ ਹਉਮੈ-ਹੰਕਾਰ ਨਾ ਹੋ ਜਾਵੇ, ਇਸ ਵਾਸਤੇ ਗੁਰਮਤਿ ਸੇਵਕ ਵਾਸਤੇ ਸਤਿ, ਸੰਤੋਖ, ਸੰਜਮ, ਸਹਿਜ, ਸਿਦਕ ਤੇ ਸਦਾਚਾਰ ਦੇ ਸਦਗੁਣਾਂ ਦਾ ਧਾਰਣੀ ਹੋਣਾ ਜਰੂਰੀ ਸਵੀਕਾਰਦੀ ਹੈ। ਸੇਵਕ ਵਾਸਤੇ ਉਚ ਆਚਰਣ ਦਾ ਧਾਰਣੀ ਹੋਣਾ ਜ਼ਰੂਰੀ ਹੈ ਨਹੀਂ ਤਾਂ ਸੇਵਾ ਕੇਵਲ ਵਿਖਾਵਾ ਤੇ ਭੇਖ ਬਣ ਜਾਵੇਗੀ। ਗੁਰਬਾਣੀ ਸਾਡਾ ਮਾਰਗ ਦਰਸ਼ਨ ਇਉਂ ਕਰਦੀ ਹੈ ਕਿ ਸੇਵਕ ਸੰਤੋਖੀ ਹੁੰਦਾ ਹੈ, ਸਚ ਦਾ ਧਾਰਣੀ, ਮੰਦੇ ਕਰਮ ਨਹੀਂ ਕਰਦਾ ਤੇ ਧਰਮ ਦੀ ਕਿਰਤ ਕਰਦਾ ਹੈ, ਦੁਨੀਆਂਦਾਰੀ ਤੋਂ ਨਿਰਲੇਪ ਅਲਪ ਅਹਾਰੀ ਹੈ ਤੇ ਗੁਰੂ ਬਖਸ਼ਿਸ਼ ਦਾ ਪਾਤਰ ਬਣਦਾ ਹੈ:

ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ ॥

ਓਨੀ  ਮੰਦੈ ਪੈਰੁ ਨ ਰਖਿਓ ਕਰਿ ਸੁਕ਼੍ਰਿਤੁ ਧਰਮੁ ਕਮਾਇਆ ॥

ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ 

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥

- Advertisement -

ਵਡਿਆਈ ਵਡਾ ਪਾਇਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 466-67)

ਸਿੱਖ ਦਾ ਜੀਵਨ ਕੇਵਲ ਸ਼ਖ਼ਸੀ ਸਦਗੁਣਾਂ ਦਾ ਧਾਰਣੀ ਨਹੀਂ ਸਗੋਂ ਸੰਗਤ-ਪੰਗਤ ਦੇ ਸਿਧਾਂਤ ਨੂੰ ਮੰਨਦਾ ਹੋਇਆ, ਸਮਾਜਿਕ ਪੰਥਕ ਸਦਗੁਣਾਂ ਦਾ ਧਾਰਣੀ  ਬਣ ਸਮਾਜ ਉਪਯੋਗੀ ਬਣਦਾ ਹੈ। ਗੁਰਮਤਿ ਵਿਚਾਰਧਾਰਾ ਵਿਚ ‘ਗੁਰਦੁਆਰੇ’ਦੀ ਸੰਸਥਾ ਸਿੱਖੀ ਸਦਗੁਣਾਂ ਨੂੰ ਸਿੱਖਣ, ਕਮਾਉਣ ਤੇ ਦਰਸਾਉਣ ਦੀ ਸਰਬ ਉੱਤਮ ਟਕਸਾਲ ਹੈ।

          ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ – 2)

ਸ੍ਰੀ ਹਰਿਮੰਦਰ ਸਾਹਿਬ ’ਚ ਦਿਨ-ਰਾਤ ਹੋ ਰਹੀਆਂ ਸੇਵਾਵਾਂ ਨੂੰ ਜੇਕਰ ਨੀਝ ਨਾਲ ਦੇਖਿਆ ਜਾਵੇ ਤਾਂ ਮਨ ਖੁਦਬਖੁਦ ਸੇਵਾ ਕਰਨ ਨੂੰ ਉਤਾਵਲਾ ਹੋ ਜਾਂਦਾ ਹੈ। ਸੇਵਾ ਕਰਨ ਵਾਲਿਆਂ ਦੀ ਸਹਿਜ ਭਾਵਨਾ, ਸ਼ਾਂਤੀ, ਸੰਤੁਸ਼ਟੀ, ਸਮਾਧੀ ਵਾਂਗ ਮਗਨ-ਮਸਤ ਸਥਿਤੀ ਨੂੰ ਮਾਨਣ ਦਾ ਕੇਵਲ ਇਕ ਹੀ ਢੰਗ ਤਰੀਕਾ ਹੈ, ਖੁਦ ਸੇਵਾ ਕਰਕੇ ਅਨੁਭਵ ਕਰਨਾ। ਅੱਖਾਂ ਨਾਲ ਸੇਵਾ ਦੇ ਅਦਭੁੱਤ ਨਜ਼ਾਰਿਆਂ ਨੂੰ ਦੇਖਿਆ ਤਾਂ ਜਾ ਸਕਦਾ ਹੈ ਪਰ ਸੇਵਾ ਦੇ ਰਹੱਸ ਨੂੰ ਸਮਝਿਆ ਕੇਵਲ ਸੇਵਾ ਕਰਕੇ ਜਾ ਸਕਦਾ ਹੈ। ਸੇਵਾ ’ਚ ਮਗਨ-ਮਦਹੋਸ਼ ਸ਼ਖ਼ਸੀਅਤਾਂ ਨੂੰ ਬਿਆਨਣਾ ਗੂੰਗੇ ਦੀ ਮਠਿਆਈ ਵਾਂਗ ਹੈ। ਬਾਬਾ ਕਬੀਰ ਜੀ ਦਾ ਕਥਨ –‘ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ’ ਅਧਿਆਤਮਕ ਰਹੱਸ-ਗੋਹਜ਼ ਨੂੰ ਸਮਝਾਉਣਾ ਸੁਲਝਾਉਣਾ ਤਰੀਕਾ ਹੈ। ਕਿਰਤ ਕਰਨੀ ਸੂਦਰਾਂ ਦਾ ਧਰਮ ਮੰਨਿਆ ਜਾਂਦਾ ਸੀ, ਪਰ ਸੇਵਾ ਤਾਂ ਸ਼ੂਦਰਾਂ ਨੂੰ ਵੀ ਸਿਰਦਾਰੀ ਬਖਸ਼ਦੀ ਹੈ। ਸਿੱਖ ਧਰਮ ਸ਼ਬਦ ਗੁਰੂ ’ਤੇ ਅਧਾਰਿਤ ਸੰਗਤੀ ਧਰਮ ਹੈ। ਸਮਾਜਿਕ ਸੇਵਾ ’ਚ ਸਾਨੂੰ ਮਾਣ-ਸਤਿਕਾਰ ਦੀ ਲਾਲਸਾ ਹੁੰਦੀ ਹੈ। ਧਾਰਮਿਕ ਸੇਵਾ ਜਿਸ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤੀ ਜਾਂਦੀ ਹੈ, ਉਹ ਸਮਾਜਿਕ ਸੇਵਾ ਤੋਂ ਹਰ ਪੱਖ ਤੋਂ ਪਾਵਨ-ਪਵਿੱਤਰ ਹੈ। ਸੇਵਾ ਦੇ ਗੋਹਜ਼, ਅਦਭੁੱਤ ਨਜ਼ਾਰਿਆਂ ਦੇ ਦੀਦਾਰ ਸ੍ਰੀ ਹਰਿਮੰਦਰ ਸਾਹਿਬ ’ਚ ਹੁੰਦੇ ਹਨ।

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦਾ ਪਵਿੱਤਰ ਕਾਰਜ ਇਸ਼ਨਾਨ ਦੀ ਸੇਵਾ ਨਾਲ ਸ਼ੁਰੂ ਹੁੰਦੇ ਹਨ-ਦਰਸ਼ਨੀ ਡਿਊੜੀ ਦੇ ਕਵਾੜ ਖੁੱਲਣ ਦੀ ਉਡੀਕ ਦਰਸ਼ਨਾਂ ਦੀ ਤਾਂਘ ’ਚ ਬਿਹਬਲ ਸੰਗਤਾਂ ਧੁਰ ਅੰਦਰ ਤੋਂ ਵਜ਼ਦ, ਸ਼ਰਧਾ, ਭਾਵਨਾ ਤੇ ਸਤਿਕਾਰ ਨਾਲ ਸ਼ਬਦ ਗਾਉਂਦੀਆਂ ਹਨ –

          ਦਰਮਾਦੇ ਠਾਢੇ ਦਰਬਾਰਿ ॥

          ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ੍ ਕਿਵਾਰ ॥1॥  (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 856)

ਦਰਸ਼ਨੀ ਕਿਵਾੜ ਖੁਲਦਿਆਂ ਹੀ ਇਲਾਹੀ ਮਸਤੀ ਵਿਚ ਝੂਮਦੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਪੁੱਜਦੀਆਂ ਹਨ। ਅਸਲ ਵਿਚ ਸ੍ਰੀ ਹਰਿੰਮਦਰ ਸਾਹਿਬ ਵਿਸ਼ਵ ਦਾ ਨਿਵੇਕਲਾ-ਵਿਲੱਖਣ, ਸਰਬ ਸਾਂਝਾ ਧਰਮ ਮੰਦਰ ਹੈ, ਜਿੱਥੇ ਅੱਠੇ ਪਹਿਰ ਸੇਵਾ-ਸਿਮਰਨ-ਕੀਰਤਨ ਭਗਤੀ ਤੇ ਸ਼ਰਧਾ ਦੇ ਦੀਦਾਰ ਹੁੰਦੇ ਹਨ। ਸ੍ਰੀ ਹਰਿਮੰਦਰ ਸਾਹਿਬ ’ਚ ਰੋਜ਼ਾਨਾ ਹੋ ਰਹੀਆਂ ਸੇਵਾਵਾਂ ਨੂੰ ਅਸੀਂ ਆਪਣੀ ਸਹੂਲਤ ਵਾਸਤੇ ਇਸ ਤਰ੍ਹਾ ਵੰਡ ਸਕਦੇ ਹਾਂ – ਸੁਕੀ ਸੇਵਾ, ਇਸ਼ਨਾਨ ਦੀ ਸੇਵਾ, ਪ੍ਰਕਰਮਾ ਦੀ ਧੁਲਾਈ ਦੀ ਸੇਵਾ, ਸਵੱਯੇ ਪੜ੍ਹਨ ਦੀ ਸੇਵਾ, ਝਾੜੂ-ਸਫਾਈ ਦੀ ਸੇਵਾ, ਜਲ-ਛਕਾਉਣ, ਜੋੜੇ-ਘਰ ’ਚ ਸੇਵਾ, ਚੌਂਕੀ ਸਾਹਿਬ ਦੀ ਸੇਵਾ, ਸਰੋਵਰ, ਹਰਿ ਕੀ ਪੌੜੀ, ਪਾਉੜਾ, ਬੇਰੀਆਂ, ਨਾਲੀਆਂ, ਆਦਿ ਦੀ ਸਾਫ ਸਫਾਈ, ਡੂਨੇ-ਪੱਤਲਾਂ ਚੁੱਕਣ ਤੇ ਜਲ ਛਕਾਉਣ, ਗਠੜੀ ਘਰ, ਗਿੱਲੇ ਕੱਪੜਿਆਂ ਦੀ ਸੇਵਾ ਦੀ ਸੇਵਾ ਆਦਿ ਪ੍ਰਮੁੱਖ ਹਨ। ਇਨ੍ਹਾ ਸਾਰੀਆਂ ਸੇਵਾਵਾਂ ਬਾਰੇ ਵਿਸਥਾਰ ਵਿਚ ਜਾਨਣਾ ਅਸੰਭਵ ਹੈ। ਇਥੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਸੁਕੀ ਸੇਵਾ, ਇਸ਼ਨਾਨ ਦੀ ਸੇਵਾ ਤੇ ਪਾਲਕੀ ਦੇ ਸਿਜਾਉਣ ਸਬੰਧੀ ਸੰਖੇਪ ’ਚ ਵਿਚਾਰ ਕਰਾਂਗੇ।

ਕਿਰਪਾਨ ਭੇਂਟ ਕਰਨ, ਕੜ੍ਹਾਹ ਪ੍ਰਸ਼ਾਦਿ ਵਰਤਾਉਣ, ਸੰਗਤਾਂ ਨੂੰ ਤਰਤੀਬ ਦੇਣ, ਕੀਰਤਨ ਕਰਨ, ਸ੍ਰੀ ਦਰਬਾਰ ਸਾਹਿਬ ’ਚ ਸਤਿਗੁਰਾਂ ਦੇ ਪ੍ਰਕਾਸ਼, ਹੁਕਮਨਾਮਾ ਲੈਣ, ਚੌਰ ਕਰਨ, ਅਰਦਾਸ ਕਰਨ ਤੇ ਅੰਦਰ ਚੜ੍ਹਤ ਦੀ ਸੰਭਾਲ ਕਰਨ ਦੀ ਸੇਵਾ ਸ੍ਰੀ ਦਰਬਾਰ ਸਾਹਿਬ ਵਲੋਂ ਨਿਯੁਕਤ ਗ੍ਰੰਥੀ ਸਿੰਘ, ਅਰਦਾਸੀਆ, ਚੌਰ ਬਰਦਾਰ ਤੇ ਸੇਵਾਦਾਰ ਹੀ ਕਰ ਸਕਦੇ ਹਨ।

ਕਿਵਾੜ ਖੁੱਲਣ ਤੋਂ ਦੋ ਘੰਟੇ ਬਾਅਦ ਕੋਠਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਚੱਲਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਸੰਗਤਾਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਜੋਟੀਆਂ ’ਚ ਕਰਦੀਆਂ ਹਨ ਗੁਰੂ ਘਰ ਦੇ ਭੋਰੇ, ਗੁਲਾਬ-ਗੁੱਟੇ ਦੀਆਂ ਖੂਬਸੂਰਤ, ਖੁਸ਼ਬੂਦਾਰ ਪੱਤੀਆਂ ਦੇ ਬੁੱਕ ਭਰੇ ਖੜੇ ਸਹਿਜ ਸੁਭਾਅ ਸ਼ਬਦ ਗਾ ਰਹੇ ਹੁੰਦੇ ਹਨ।

          ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ 

          ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥1॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-1094)

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਗਾਰੇ ’ਤੇ ਚੋਟ ਲੱਗਦੀ ਹੈ। ਸਮੁੱਚੀ ਸੰਗਤ-ਗੁਰਸਿੱਖ ਪ੍ਰੇਮੀ ਸੁਚੇਤ ਸਾਵਧਾਨ ਹੋ ਜਾਂਦੇ ਹਨ। ਪ੍ਰਭੂ ਭਗਤੀ-ਸੇਵਾ ’ਚ ਮਗਨ ਸੰਗਤਾਂ ਦੀਆਂ ਨਿਗਾਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ-ਚਿਤ ਕਰਤਾਰ ਨਾਲ ਇਕ-ਮਿਕ ਹੋਇਆ ਹੁੰਦਾ ਹੈ ਅਤੇ ਵਜ਼ਦ ’ਚ ਸ਼ਬਦ ਪੜ੍ਹਦੀਆਂ ਹਨ –

          ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥

          ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥1॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-337)

ਸੁੱਖ ਆਸਣ (ਕੋਠਾ ਸਾਹਿਬ) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਬੇਨਤੀ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਗ੍ਰੰਥੀ ਸਿੰਘ, ਸ੍ਰੀ ਦਰਬਾਰ ਸਾਹਿਬ, ਅਦਬ-ਸਤਿਕਾਰ ਨਾਲ ਸੀਸ ਉੱਪਰ ਟਿਕਾਉਂਦਾ ਹੈ। ਚੌਰ ਬਰਦਾਰ ਸ੍ਰੀ ਹਰਿਮੰਦਰ ਸਾਹਿਬ ਚੌਰ ਦੀ ਸੇਵਾ ਕਰਦਾ ਹੈ। ਸਵਾਰੀ ਦੇ ਅੱਗੇ ਦੋ ਚੌਬਦਾਰ ਚਾਂਦੀ ਦੀਆਂ ਚੋਬਾਂ ਲੈ ਕੇ ਚੱਲਦੇ ਹਨ। ਨਰਸਿੰਘ ਵਾਲਾ ਸਿੰਘ ਨਰਸਿੰਘਾਂ ਵਜਾਉਂਦਾ ਹੈ। ਸੇਵਕਾਂ ਵਲੋਂ ਸੱਜੀ-ਸਵਾਰੀ ਪਾਲਕੀ ’ਚ ਪਾਵਨ ਬੀੜ ਅਦਬ ਨਾਲ ਗ੍ਰੰਥੀ ਸਿੰਘ, ਸ੍ਰੀ ਦਰਬਾਰ ਸਾਹਿਬ ਵਲੋਂ ਬਿਰਾਜਮਾਨ ਕਰ ਦਿੱਤੀ ਜਾਂਦੀ ਹੈ। ਗੁਰਸਿੱਖ ਪ੍ਰੇਮੀ ਸੁਨਹਿਰੀ ਪਾਲਕੀ ਨੂੰ ਵਾਰੋ-ਵਾਰੀ ਮੋਢਾ ਦੇਣ ਦੀ ਸੇਵਾ ਕਮਾਉਂਦੇ ਹਨ, ਗ੍ਰੰਥੀ ਸਿੰਘ ਚੌਰ ਦੀ ਸੇਵਾ ਕਰਦੇ ਹਨ।

ਪ੍ਰੇਮੀ ਸਿੰਘ ਰਲ ਕੇ ਪ੍ਰਭੂ-ਪਰਮਾਤਮਾ, ਸਤਿਗੁਰਾਂ ਦੀ ਮਹਿਮਾ-ਬੇਨਤੀ-ਅਰਜ਼ੋਈ ਤੇ ਦਰਸ਼ਨਾਂ ਦੀ ਲੋਚਾ ਦੇ ਸ਼ਬਦ ਪੜ੍ਹਦੇ ਹਨ। ਦਰਸ਼ਨੀ ਡਿਉਢੀ ’ਚ ਪਾਲਕੀ ਪਹੁੰਚਣ ’ਤੇ ਨਗਾਰਾ ਵੱਜਣਾ ਬੰਦ ਹੋ ਜਾਂਦਾ ਹੈ। ਸ਼ਰਧਾ, ਸਤਿਕਾਰ ਅਤੇ ਸਹਿਜ ਨਾਲ ਪਾਲਕੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁੱਖ ਪਹੁੰਚ ਜਾਂਦੀ ਹੈ, ਜਿੱਥੋਂ ਫਿਰ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਉਠਾ ਕੇ ਅੰਦਰ ਵੱਲ ਚੱਲਦੇ ਹਨ-ਚੌਰ ਬਰਦਾਰ ਫਿਰ ਚੌਰ ਦੀ ਸੇਵਾ ਕਰਦਾ ਹੈ। ਸ਼ਬਦ ਗੁਰੂ ਦੇ ਪ੍ਰਕਾਸ਼ ਵਾਸਤੇ ਰਾਤ ਨੂੰ ਸੁਕੀ ਸੇਵਾ ਸਮੇਂ ਪ੍ਰੇਮੀ ਸਿੰਘ ਮੰਜੀ ਸਾਹਿਬ ਤਿਆਰ ਕਰ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਸੇਵਾ ਗ੍ਰੰਥੀ ਸਿੰਘ ਸ੍ਰੀ ਦਰਬਾਰ ਸਾਹਿਬ ਕਰਦਾ ਹੈ। ਇਸ ਸਮੇਂ ਦੌਰਾਨ ਪ੍ਰੇਮੀ ਸਿੰਘ, ਸਵੱਯੇ ਪੜ੍ਹਨ ਦੀ ਸੇਵਾ ਕਰਦੇ ਹਨ। ਇਹ ਸੇਵਾ ਵੀ ਸ਼ਰਧਾ-ਸਤਿਕਾਰ ਨਾਲ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੀ ਹੈ। ਮੀਂਹ ਜਾਏ ਹਨੇਰੀ ਜਾਏ ਬਿਨਾਂ ਨਾਗਾ ਪ੍ਰੇਮੀ-ਜੀਉੜੇ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਹਨ। ਵਿਧੀਵਤ ਪ੍ਰਕਾਸ਼ ਹੋਣ ਉਪਰੰਤ ਗ੍ਰੰਥੀ ਸਿੰਘ ਮਹਾਂਵਾਕ ਸੰਗਤਾਂ ਨੂੰ ਸਰਵਣ ਕਰਵਾਉਂਦਾ ਹੈ ਅਤੇ ਸੰਘਤਾਂ ਮਨ-ਬਿਰਤੀਆਂ ਇਕਾਗਰ ਕਰਕੇ ਸਰਵਣ ਕਰਦੀਆਂ ਹਨ।

ਕੁਝ ਸਾਲ ਪਹਿਲਾਂ ਚੰਦੋਆ (ਚਾਨਣੀ) ਹਰ ਮਹੀਨੇ ਫਿਰ ਪੰਦਰਾਂ ਦਿਨਾਂ ਬਾਅਦ ਤੇ ਫਿਰ ਹਫ਼ਤੇ ਬਾਅਦ ਬਦਲੀ ਜਾਂਦੀ ਸੀ ਤੇ ਰੁਮਾਲੇ ਤੀਸਰੇ ਦਿਨ ਪਰ ਹੁਣ ਰੋਜ਼ਾਨਾ ਹੀ ਚਾਨਣੀ ਤੇ ਦਰਸ਼ਨੀ ਰੁਮਾਲੇ ਚੜ੍ਹਾਉਣ ਸੇਵਾ ਕਰਨ ਵਾਲਿਆਂ ਦੀ ਲੰਮੀ ਲਾਈਨ ਹੈ ਅਤੇ ਵਾਰੀ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।

ਸ੍ਰੀ ਹਰਿਮੰਦਰ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਗੁਲਦਸਤੇ ਸਜਾਉਣ ਦੀ ਸੇਵਾ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਅਰੰਭ ਕਰਵਾਈ ਸੀ। ਹੁਣ ਵੀ ਉਨ੍ਹਾਂ ਦੇ ਨਿਵਾਸ ਅਸਥਾਨ ਤੋਂ ਦੋ ਗੁਲਦਸਤੇ ਤਾਜ਼ੇ ਫੁੱਲਾਂ ਦੇ ਸਤਿਗੁਰਾਂ ਦੀ ਸੇਵਾ ’ਚ ਭੇਂਟ ਕਰਨ ਲਈ ਨਿਰੰਤਰ ਆਉਂਦੇ ਹਨ। ਇਸ ਤੋਂ ਇਲਾਵਾ ਦੋ ਗੁਲਦਸਤੇ ਰੋਜ਼ਾਨਾ ਹੋਰ ਪ੍ਰੇਮੀ ਭੇਂਟ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਪੁਰਾਣੇ ਗੁਲਦਸਤੇ ਉਠਾ ਕੇ ਹਰਿ ਕੀ ਪਉੜੀ ਤੇ ਗੁੰਬਦ ’ਚ ਸਜਾ ਦਿੱਤੇ ਜਾਂਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਉਪਰੰਤ ਸਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ’ਤੇ ਦਰਸ਼ਨੀ ਡਿਉਢੀ ਦੇ ਮੁਖ ਕਿਵਾੜ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨੀ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਅੰਦਰ ਅਰੰਭ ਹੋ ਜਾਂਦੀ ਹੈ ਸੁਕੀ ਸੇਵਾ। ਫਰਾਸ਼ ਸ੍ਰੀ ਦਰਬਾਰ ਸਾਹਿਬ ਤੇ ਪ੍ਰੇਮੀ ਗੁਰਸਿੱਖ ਜੋ ਰੋਜ਼ਾਨਾ ਸੁਕੀ ਸੇਵਾ ਕਰਦੇ ਹਨ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰਹਿ ਜਾਂਦੇ ਹਨ, ਇਨ੍ਹਾਂ ਦੀ ਗਿਣਤੀ 20 ਤੋਂ 30 ਤੀਕ ਹੁੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ’ਚ ਸਫਾਈ-ਧੁਲਾਈ ਤੇ ਵਿਛਾਈ ਦੀ ਸੇਵਾ ਦਾ ਵੀ ਅਦਭੁਤ ਦੇਖਣ ਯੋਗ ਨਜ਼ਾਰਾ ਹੁੰਦਾ ਹੈ। ਸੁਕੀ ਸੇਵਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਸੱਜੀ ਦਰਸ਼ਨੀ ਚਾਨਣੀ, ਰੁਮਾਲਿਆਂ ਨੂੰ ਸਤਿਕਾਰ ਸਹਿਤ ਉਤਾਰ ਕੇ ਤਹਿ ਕਰਕੇ ਸੰਭਾਲ ਲਿਆ ਜਾਂਦਾ ਹੈ। ਚਾਨਣੀ ਉਤਾਰਨ ਤੋਂ ਪਹਿਲਾਂ ਸੋਨੇ ਦੇ ਛੱਬਿਆਂ ਤੇ ਸੁਨਹਿਰੀ ਝਾਲਰਾਂ ਨੂੰ ਵਿਧੀਵਤ ਢੰਗ ਨਾਲ ਉਤਾਰਿਆ ਜਾਂਦਾ ਹੈ। ਫਿਰ ਚਾਨਣੀ ਉਤਾਰੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਚੌਖਟੇ ਦੀ ਵਿਛਾਈ ਨੂੰ ਸੰਭਾਲਣ ਦੀ ਪ੍ਰਕ੍ਰਿਆ ਦੇਖਣਯੋਗ ਹੁੰਦੀ ਹੈ। ਹੱਥੀਂ ਸੇਵਾ ਮਸ਼ੀਨੀ ਕਾਰਜ ਪ੍ਰਣਾਲੀ ਨੂੰ ਮਾਤ ਪਾ ਦਿੰਦੀ ਹੈ।

ਸੋਨੇ ਦੇ ਛੱਬਿਆਂ ਦੀ ਸਫਾਈ ਖੁਦ ਫਰਾਸ਼ ਸ੍ਰੀ ਦਰਬਾਰ ਸਾਹਿਬ ਕਰਦੇ ਹਨ। ਉਨ੍ਹਾਂ ਨੂੰ ਪਰਾਤ ਵਿਚ ਸਜਾ ਲੈਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਅਸਥਾਨ ਨੂੰ ਮੋਰ ਦੇ ਖੰਭਾਂ ਨਾਲ ਸਾਫ ਕੀਤਾ ਜਾਂਦਾ ਹੈ। ਕੰਧਾਂ, ਟਿਊਬਾਂ, ਬਲਬਾਂ, ਫੈਨੂਸਾਂ ਸੁਨਹਿਰੀ ਜੰਗਲੇ ਆਦਿ ਨੂੰ ਸਾਫ ਸਵੱਛ ਕੱਪੜਿਆਂ ਨਾਲ ਸਾਫ ਕੀਤਾ ਜਾਂਦਾ ਹੈ।

(ਬਾਕੀ ਅਗਲੇ ਅੰਕ ਵਿੱਚ)

*98146 37979 _roopsz@yahoo.com

Share this Article
Leave a comment