ਨਿਊ ਜਰਸੀ (ਗਿੱਲ ਪਰਦੀਪ ਦੀ ਰਿਪੋਰਟ) : ਜਿਵੇਂ ਜਿਵੇਂ ਕੋਵਿਡ 19 ਦੀ ਵੈਕਸੀਨੇਸ਼ਨ ‘ਚ ਤੇਜ਼ੀ ਆ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਕੋਵਿਡ 19 ਦੀਆਂ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਕਾਰਨ ਇੱਕ ਵਾਰ ਫਿਰ ਜ਼ਿੰਦਗੀ ਪਟਰੀ ਤੇ ਆਂਉਦੀ ਦਿਖਾਈ ਦੇ ਰਹੀ ਹੈ। ਇਸੇ ਦੇ ਚਲਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨ ਰੋਕ ਨਯੂ ਜਰਸੀ ਹੁਣ ਸੰਗਤਾਂ ਲਈ ਨਿਰੰਤਰ ਦਰਸ਼ਨਾਂ ਲਈ ਖੋਲ ਦਿੱਤਾ ਗਿਆ ਹੈ।
ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿੱਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਦੱਸ ਦਈਏ ਕਿ ਹੁਣ ਤੋਂ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਵੀ ਨਿਰੰਤਰ ਚੱਲੇਗੀ।
ਗੁਰਦੁਆਰਾ ਸ੍ਰੀ ਸਿੰਘ ਸਭਾ ਗਲੇਨ ਰੋਕ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਨਿਭਾਈ ਗਈ। ਸੰਗਤਾਂ ਵਲੋਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਫਿਰ ਚੋਲਾ ਸਾਹਿਬ ਪਹਿਨਾਉਣ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਚੜਾਇਆ ਗਿਆ। ਕਮੇਟੀ ਵਲੋਂ ਕੀਤੇ ਇਸ ਉਪਰਾਲੇ ‘ਚ ਸੰਗਤਾਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰੈਜ਼ੀਡੈਂਟ ਗੁਰਜੀਤ ਸਿੰਘ , ਸੇਕਟਰੀ ਇਕਬਾਲ ਸਿੰਘ ਜੀ ਅਤੇ ਗੁਰਦੁਆਰੇ ਦੇ ਹੈਡ ਗ੍ਰੰਥੀ ਜਗਜੀਤ ਸਿੰਘ ਨਲਵੀ ਹੁਰਾਂ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਜਿੱਥੇ ਇੱਕ ਪਾਸੇ ਖਾਣ ਪੀਣ ਦੇ ਸਾਰੇ ਇੰਤਜ਼ਾਮ ਕੀਤੇ ਗਏ ਉਥੇ ਹੀ ਇਸ ਪ੍ਰੋਗਰਾਮ ‘ਚ ਮੋਹਨ ਸਿੰਘ ਵਡਾਨਾ ਦੇ ਢਾਡੀ ਜੱਥੇ ਵੱਲੋਂ ਸੰਗਤ ਨੂੰ ਰੱਬੀ ਬਾਣੀ ਨਾਲ ਨਿਹਾਲ ਕੀਤਾ ਗਿਆ।
ਦੱਸ ਦਈਏ ਕਿ ਕੋਵਿਡ ਕਾਰਨ ਅਜਿਹੇ ਪ੍ਰੋਗਰਾਮ ਪਹਿਲਾਂ ਪਾਬੰਦੀਆਂ ‘ਚ ਰਹਿ ਕੇ ਕੀਤੇ ਜਾਂਦੇ ਸਨ। ਜਿਸ ਵਜਾ ਨਾਲ ਸੰਗਤਾਂ ਇਨ੍ਹਾਂ ਪ੍ਰੋਗਰਾਮਾਂ ‘ਚ ਵੱਧ ਚੜ੍ਹ ਕੇ ਹਿੱਸਾ ਨਹੀਂ ਲੈ ਸਕਦੀਆਂ ਸਨ ਪਰ ਹੁਣ ਕੋਵਿਡ ਤੇ ਕੰਟਰੋਲ ਹੋਣ ਕਾਰਨ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਗਲੈਨ ਰੋਕ ਨੂੰ ਪੂਰੀ ਤਰਾਂ ਸੰਗਤ ਦੇ ਦਰਸ਼ਨਾਂ ਲਈ ਖੋਲ ਦਿੱਤਾ ਗਿਆ ਹੈ।
ਵਿਦੇਸ਼ਾਂ ‘ਚ ਗੁਰਦੁਆਰਾ ਘਰ ਹੀ ਲੋਕਾਂ ਦੇ ਆਪਸੀ ਮੇਲਜੋਲ ਦਾ ਸਾਧਨ ਹੁੰਦੇ ਹਨ। ਜੋ ਉਨ੍ਹਾਂ ਨੂੰ ਆਪਣੇ ਲੌਕਾਂ ਨਾਲ ਜੋੜੀ ਰੱਖਣ ਲਈ ਪ੍ਰੇਰਿਤ ਕਰਦੇ ਹਨ। ਹੁਣ ਗੁਰਦੁਆਰਿਆਂ ਦੇ ਪੂਰੀ ਤਰਾਂ ਖੁਲ੍ਹਣ ਨਾਲ ਸੰਗਤਾਂ ਇੱਕ ਵਾਰ ਫਿਰ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਖ਼ੂਸ਼ੀਆਂ ਪ੍ਰਾਪਤ ਕਰ ਸਕਣਗੀਆਂ।