Home / ਓਪੀਨੀਅਨ / “ਦਸਮ ਗ੍ਰੰਥ” ਵਿਵਾਦ ਬਨਾਮ ‘ਬ੍ਰਿਪਰਨ ਕੀ ਰੀਤ’

“ਦਸਮ ਗ੍ਰੰਥ” ਵਿਵਾਦ ਬਨਾਮ ‘ਬ੍ਰਿਪਰਨ ਕੀ ਰੀਤ’

-ਗੁਰਪ੍ਰੀਤ ਸਿੰਘ

ਚੰਡੀਗੜ੍ਹ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਬੰਗਲਾ ਸਾਹਿਬ ਵਿੱਚ 1 ਸਤੰਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਿਵਸ ਦੇ ਪਵਿੱਤਰ ਮੌਕੇ ਤੇ ਦਸਮ ਗ੍ਰੰਥ ਵਿੱਚੋਂ ਬਚਿੱਤਰ ਨਾਟਕ ਦੀ ਕਥਾ ਦਾ ਆਰੰਭ ਚਿੰਤਾਜਨਕ ਕਦਮ ਹੈ। ਅੱਜ ਤੋਂ 100 ਸਾਲ ਪਹਿਲਾਂ ਜਦੋਂ ਦੀ ਐਸਜੀਪੀਸੀ ਹੋਂਦ ਵਿੰਚ ਆਈ, ਉਸ ਸਮੇਂ ਤੋਂ ਹੀ ਤਖਤ ਸ੍ਰੀ ਹਜੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਹੋ ਰਹੇ ਪ੍ਰਕਾਸ਼ ਦੀ ਅਲੋਚਨਾ ਹੁੰਦੀ ਆ ਰਹੀ ਹੈ। ਇਸ ਨੇ ਘਟਨਾਂ ਨੂੰ ਹੁਣ ਤੱਕ ਸਿੱਖ ਪੰਥ ਦੇ ਸੁਹਿਰਦਾਂ ਨੇ ਸਵਿਕਾਰ ਨਹੀਂ ਕੀਤਾ। ਸਿੱਖਾਂ ਵਾਸਤੇ ਉਹੀ ਗ੍ਰੰਥ ਪੂਜਨੀਕ ਹੈ ਜਿਸ ਨੂੰ ਦਸ਼ਮੇਸ਼ ਪਿਤਾ ਨੇ ਖੁਦ ਆਪ ਦਮਦਮਾਂ ਸਾਹਿਬ ਵਿਖੇ 1705 ਵਿੱਚ ਲਿਖਵਾਇਆ ਅਤੇ 1708 ਵਿੱਚ ਹਜੂਰ ਸਾਹਿਬ ਵਿਖੇ ਉਸ ਨੂੰ ਪਹਿਲਾਂ ਆਪ ਮੱਥਾ ਟੇਕ ਕੇ ਗੁਰੂ ਦੀ ਪਦਵੀ ਬਖਸ਼ੀ। ਇਸ ਪ੍ਰਵਾਨਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਵੀ ਹੋਰ ਰਚਨਾ, ਲਿਖਤ ਜਾਂ ਗ੍ਰੰਥ ਨਹੀਂ ਹੋ ਸਕਦਾ। ਅਗਰ ਕੋਈ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਕਿਸੇ ਹੋਰ ਰਚਨਾ ਨੂੰ ਗੁਰੂ ਸਾਹਿਬ ਦਾ ਗ੍ਰੰਥ ਪ੍ਰਚਾਰਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹਨ, ਸ਼ਰੀਕ ਪੈਦਾ ਕਰਦੇ ਹਨ।

ਜਿੱਥੋਂ ਤੱਕ ‘ਬਚਿੱਤਰ ਨਾਟਕ’ ਦਾ ਸਵਾਲ ਹੈ ਜਿਸ ਨੂੰ ‘ਗ੍ਰੰਥ’ ਕਹਿ ਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਸ ਦੀ ਵਿਆਖਿਆ 1 ਸਤੰਬਰ ਤੋਂ 8 ਸਤੰਬਰ ਤੱਕ ਕੀਤੀ ਗਈ ਹੈ, ਇਹ ਇਕ ਮੰਦਭਾਗੀ ਘਟਨਾ ਹੈ। ‘ਬਚਿੱਤਰ’ ਦਾ ਭਾਵ ਹੈ – ਅਨੇਕ ਰੰਗ ਦਾ, ਰੰਗ ਬਰੰਗਾ, ਅਜੀਬ, ਅਦਭੁਤ, ਅਨੋਖਾ, ਅਤੇ ਨਾਟਕ ਤਾਂ ਇਕ ਕਹਾਣੀ ਹੀ ਹੋ ਸਕਦੀ ਹੈ ਜੋ ਮਨੋ ਕਾਲਪਨਿਕ ਵੀ ਹੋ ਸਕਦੀ ਹੈ। ਪਹਿਲੀ ਗੱਲ ਇਹ ਵਿਚਾਰਨ ਵਾਲੀ ਹੈ ਕਿ ਕੋਈ ‘ਨਾਟਕ’, ਜਿਸ ਵਿੱਚ ਸਿੱਖੀ ਸਿਧਾਂਤ ਦੇ ਬਰਅਕਸ ਕਈ ਗੱਲਾਂ ਹੋਣ, ਉਸ ਦੀ ਕੋਈ ਸੂਝਵਾਨ ਸਿੱਖ ਕਿਵੇਂ ਗੁਰੁਦਵਾਰੇ ਵਿੱਚ ਕਥਾ ਕਰਵਾ ਸਕਦਾ ਹੈ ਜਾਂ ਕਰ ਸਕਦਾ ਹੈ। ਦੂਸਰੀ ਗਲ, ਸਿੱਖ ਨੂੰ ਸਿਰਫ ਗੁਰਬਾਣੀ ਦੇ ਲੜ੍ਹ ਲਗਕੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ। ਗੁਰੂ ਸਾਹਿਬ ਦਾ ਆਪਣਾ ਫੁਰਮਾਨ, ‘ਗੁਰਿ ਕਹਿਆ ਸਾ ਕਾਰ ਕਮਾਵਹੁ।। ਗੁਰ ਕੀ ਕਰਨੀ ਕਾਹੇ ਧਾਵਹੁ।। ਨਾਨਕ ਗੁਰਮਤਿ ਸਾਚਿ ਸਮਾਵਹੁ।।’ ਭਾਵ ਗੁਰੂ ਨੇ ਆਪਣੇ ਜੀਵਨ ਵਿੱਚ ਕੀ ਕੀਤਾ ਇਸ ਗੱਲ ਦੀ ਮਹੱਤਤਾ ਨਹੀਂ ਹੈ, ਮਹੱਤਤਾ ਇਸ ਗੱਲ ਦੀ ਹੈ ਕਿ ਗੁਰੂ ਨੇ ਜੋ ਸਿੱਖਿਆ ਦਿੱਤੀ ਉਸ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾਇਆ ਹੈ, ਜਾਂ ਨਹੀਂ। ਅਸੀਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਕਿਸੇ ਵੀ ਕਥਾ-ਕਹਾਣੀ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਅਸੀਂ ਆਪ ਹੀ ਪਵਿੱਤਰ ਬਾਣੀ ਦੇ ਨਿਰਾਦਰ ਦੇ ਜ਼ਿੰਮੇਵਾਰ ਬਣਦੇ ਜਾ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਥਨ ਹੈ ‘ਜੋ ਕਰੈ ਹੈ ਬ੍ਰਿਪਰਨ ਕੀ ਰੀਤ ਮੈ ਨਾ ਕਰਹੁ ਤਿਨ ਕੀ ਪ੍ਰਤੀਤ’।

ਇਸ ਉਪਕੋਰਤ ਦਿੱਲੀ ਦੀ ਘਟਨਾਂ ਦੇ ਸੰਦਰਭ ਵਿਚ ਇਹ ਕਹਿਣ ਵਿਚ ਕਿਸੇ ਨੂੰ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਜਦੋਂ ਦਿੱਲੀ ਦੀ ਸੰਗਤ ਨੇ ਬੀ.ਜੇ.ਪੀ. ਦਾ ਐਮ ਐਲ ਏ ਗੁਰਦਵਾਰਾ ਕਮੇਟੀ ਦਾ ਪ੍ਰਧਾਨ ਸਵਿਕਾਰ ਕੀਤਾ, ਤਾਂ ਉਸ ਨੇ ਤਾਂ ਆਪਣੀ ਪਾਰਟੀ ਦਾ ਏਜੰਡਾ ਲਾਗੂ ਕਰਨਾ ਹੀ ਹੈ।

ਵੈਸੇ ਵੀ ਗੁਰਦਵਾਰਿਆਂ ਨੂੰ ਸਿਰਫ ਧਰਮ ਅਸਥਾਨ ਹੀ ਰਹਿਣ ਦੇਣਾ ਚਾਹੀਦਾ ਹੈ। ਇਸ ਦੇ ਵਿੱਚ ਸਿਆਸੀ ਪ੍ਰਚਾਰ, ਪ੍ਰਸਾਰ ਅਤੇ ਬਹਿਸ ਕੁਝ ਨਹੀਂ ਹੋਣਾ ਚਾਹੀਦਾ। ਜਿੱਥੇ ਧਰਮ ਵਿਸ਼ਵਾਸ ਤੇ ਆਧਾਰਿਤ ਹੈ, ਉਥੇ ਸਿਆਸਤ ਦਾ ਆਧਾਰ ਕਿੰਤੂ, ਪਰੰਤੂ ਅਤੇ ਦਵੈਤ ਆਦਿ ਹੈ। ਧਰਮ ਦੀ ਸਿਆਸਤ ਦਾ ਨਤੀਜਾ ਅਸੀਂ ਪੰਜਾਬ ਵਿੱਚ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਇਕ ਪੰਥਕ ਪਾਰਟੀ ਨੇ ਆਪਣੀ ਸੌੜੀ ਸਿਆਸਤ ਅਤੇ ਵੋਟਾਂ ਲਈ ਆਪਣੇ ਹੀ ਪਵਿੱਤਰ ਗ੍ਰੰਥ ਦੀਆਂ ਬੇਅਦਬੀਆਂ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਦਾ ਮੂਲ ਕਾਰਨ ਹੀ ਗੁਰਦਵਾਰਿਆਂ ਵਿੱਚ ਸਿਆਸਤ ਦੀ ਦਖਲ ਅੰਦਾਜੀ ਹੀ ਹੈ।

ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਸਿੱਖ ਜਗਤ ਨੂੰ ਅਪੀਲ ਕਰਦੀ ਹੈ ਕਿ ਸਿੱਖ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਅਤੇ ਦਸਮ ਗ੍ਰੰਥ ਜਿਹੀਆਂ ਇੱਲਤਾਂ ਛੇੜਨ ਵਾਲਿਆਂ ਨੂੰ ਤਿਲਾਂਜਲੀ ਦੇਕੇ ਗੁਰੂ ਦੇ ਲੜ੍ਹ ਲੱਗ ਕੇ ਨਿਰੋਲ ਸਿੱਖੀ ਵਿਚਾਰਧਾਰਾ ਨੂੰ ਅਪਣਾਉਣ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਦਸਮ ਗ੍ਰੰਥ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਇਸ ਉਤੇ ਜਲਦ ਹੀ ਕੋਈ ਫੈਸਲਾ ਲੈ ਕੇ ਪੰਥ ਨੂੰ ਇਸ ਦੁਵਿਧਾ ਵਿੱਚੋਂ ਕੱਢਣ।

Check Also

ਗਿਆਨੀ ਦਿੱਤ ਸਿੰਘ – ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ

-ਅਵਤਾਰ ਸਿੰਘ ਕਰਮਕਾਂਡ, ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ ਗਿਆਨੀ ਦਿੱਤ …

Leave a Reply

Your email address will not be published. Required fields are marked *